ਜਰਨੈਲ ਸਿੰਘ ਘੋਲੀਆ (ਅਮਰੀਕਾ)
ਫੇਲੁਨ ਫੂਲਨ ਸਮਝ ਨਾ ਆਵੇ,ਮੇਰੇ ਵਰਗੇ ਬੰਦਿਆਂ ਨੂੰ।
ਨਾ ਹੀ ਕੋਈ ਖੁੱਲ੍ਹ ਕੇ ਸਮਝਾਵੇ, ਮੇਰੇ ਵਰਗੇ ਬੰਦਿਆਂ ਨੂੰ।
ਸਿੱਧੀ ਸਾਦੀ ਗੱਲ ਹੁੰਦੀ ਆ, ਸਿੱਧੇ ਢੰਗ ਨਾ ਕਹਿ ਦੇਈਏ।
ਵਲ ਫੇਰ ਪਾਉਣਾ ਨਾ ਆਵੇ, ਮੇਰੇ ਵਰਗੇ ਬੰਦਿਆਂ ਨੂੰ।
ਕਈ ਕਹਿੰਦੇ ਤੂੰ ਲੇਖਕ ਹੀ ਨਹੀ, ਤੇਰੇ ਕੋਲ ਅਰੂਜ ਨਹੀ।
ਜੋ ਕਹਿਣਾ ਏ ਆਖੀ ਜਾਵੇ, ਮੇਰੇ ਵਰਗੇ ਬੰਦਿਆਂ ਨੂੰ।
ਤੋਲ ਤੁਕਾਂਤ ਨੂੰ ਕੀ ਕਰੀਏ ? ਜੇ ਗੱਲ ਦੇ ਵਿੱਚ ਹੀ ਵਜਨ ਨਹੀ।
ਲਿੱਪਾ ਪੋਚੀ ਜਿਹੀ ਨਾ ਭਾਵੇ, ਮੇਰੇ ਵਰਗੇ ਬੰਦਿਆਂ ਨੂੰ।
ਕਵੀਆਂ ਦੀ ਹੀ ਫਹਿਫਲ ਹੁੰਦੀ, ਕਵੀ ਹੀ ਵਾਹ ਵਾਹ ਕਰਦੇ ਆ।
ਕਹੇ ਘੋਲੀਆ ਕੌਣ ਬਲਾਵੇ, ਮੇਰੇ ਵਰਗੇ ਬੰਦਿਆਂ ਨੂੰ।