
ਅੱਜ ਅਠਾਰਾਂ ਵਰ੍ਹਿਆਂ ਬਾਅਦ ਮੇਰਾ ਪਰਮ ਪਿਆਰਾ ਮਿੱਤਰ ਰਾਜੇਸ਼ ਮੈਨੂੰ ਦਿੱਲੀ ਹਵਾਈ ਅੱਡੇ ‘ਤੇ ਮਿਲਣ ਆ ਰਿਹਾ ਸੀ। ਬਹੁਤ ਅਮੀਰ ਹੋ ਗਿਆ ਹੈ, ਇਹ ਸੁਣਿਆ ਸੀ, ਮਿਲਣ ਤੋਂ ਪਹਿਲਾਂ। ਕਾਫ਼ੀ ਵੱਡਾ ਕਾਰੋਬਾਰੀ ਹੋ ਗਿਆ ਸੀ। ਵਿਆਹ ਵੀ ਉਸਦਾ ਅਰਬ ਪਤੀ ਪਰਿਵਾਰ ਵਿੱਚ ਹੋ ਗਿਆ ਸੀ। ਤਿੰਨ ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਉਸਨੂੰ ਮਿਲਣ ਦੀ। ਬੱਸ ਇਹ ਕਹਿ ਕੇ ਸਾਰਦਾ ਰਿਹਾ ਕਿ ਸਮਾਂ ਨਹੀਂ ਹੈ, ਬਿਜਨਿਸ ਵਿੱਚ ਬਿਜੀ ਹੈ।
ਮਨ ਅੰਦਰ ਮੇਰੇ ਡੂੰਘੀ ਸੋਚ ਚੱਲ ਰਹੀ ਸੀ ਕਿ , ਐਨਾ ਅਮੀਰ ਆਦਮੀ ਮੇਰੇ ਲਈ ਸਮਾਂ ਦੇਣ ਲਈ ਤਿਆਰ ਕਿਵੇਂ ਹੋ ਗਿਆ।
ਸਵੇਰੇ ਚਾਰ ਵਜੇ, ਹਵਾਈ ਅੱਡੇ ਤੋਂ ਬਾਹਰ ਆਇਆ। ਕੀ ਦੇਖਦਾ ਹਾਂ ਕਿ ਬਹੁਤ ਅਮੀਰ ਆਦਮੀ , ਮੇਰੇ ਵਰਗੇ ਆਮ ਬੰਦੇ ਨੂੰ ਮਿਲਣ ਆਇਆ ਹੋਇਆਂ ਹੈ।
ਉਸਦੇ ਗਾਰਡਾਂ ਨੇ ਉਸਨੂੰ ਗੱਡੀ ਵਿੱਚੋਂ ਨਾਂ ਉਤਰਣ ਲਈ ਕਿਹਾ, ਸੁਰੱਖਿਆ ਕਾਰਨਾਂ ਕਰਕੇ। ਅਮੀਰ ਆਦਮੀ ਨੂੰ ਆਪਣੀ ਜਾਨ ਦਾ ਕਿੰਨਾ ਡਰ ਲੱਗਿਆ, ਅੱਜ ਪਤਾ ਲੱਗਿਆ।
ਬੱਸ ਮੈਂ ਇਸ਼ਾਰਾ ਕਰਕੇ ਪਿਛਲੀ ਗੱਡੀ ਵਿੱਚ ਬੈਠ ਗਿਆ। ਇਹ ਕਿੱਦਾਂ ਦੀ ਮੁਲਾਕਾਤ ਸੀ, ਨਾਂ ਪਿਆਰ ਭਰੀ ਗੱਲਵਕੜੀ ਤੇ ਨਾਂ ਜੱਫੀ।
ਇੱਕ ਘੰਟੇ ਦੀ ਯਾਤਰਾ ਤੋਂ ਬਾਅਦ, ਕਾਰਾਂ ਰੁਕੀਆਂ ਇੱਕ ਮਹਿਲ ਨੁਮਾ ਘਰ ਦੇ ਅੱਗੇ। ਦੱਸ ਬਾਰਾਂ ਆਦਮੀ ਚਾਕਰੀ ਲਈ ਖੜੇ ਸਨ। ਮੈਂ ਹੈਰਾਨ ਸੀ, ਇੱਕ ਬੰਦੇ ਦੇ ਸਵਾਗਤ ਲਈ ਬਾਰਾ ਬੰਦੇ। ਅਮੀਰੀ ਇਸ ਨੂੰ ਕਹੀਦਾ ਹੈ, ਸੋਚ ਰਿਹਾ ਸੀ ਮੈਂ ।
ਮੇਰੇ ਯਾਰ ਨੇ ਮੈਨੂੰ ਅੰਗਰੇਜ਼ੀ ਵਿੱਚ ਹਾਏ (Hi) ਕਹਿ ਕੇ ਗੱਲ ਕੀਤੀ। ਨਾਂ ਹੱਥ ਮਿਲਾਇਆ, ਨਾਂ ਗਲ਼ਵੱਕੜੀ ਪਾਈ। ਮੇਰਾ ਦਿੱਲ ਬੈਠ ਗਿਆ। ਨੀਲੀ ਛੱਤਰੀ ਵਾਲੇ ਨਾਲ ਰੱਜ ਕੇ ਗਿੱਲਾ ਹੋ ਗਿਆ ਸੀ ਅੱਜ, ਅਮੀਰੀ ਨੇ ਦੂਰ ਕਰਤਾ ਸੀ ਯਾਰ ਮੇਰਾ।
ਸਵੇਰੇ ਮਿੱਲਾਂਗੇ , ਕਹਿ ਕੇ ਚਲਾ ਗਿਆ ਮੇਰਾ ਯਾਰ। ਉਸਦੇ ਅਰਦਲੀ ਨੇ ਕਮਰਾ ਦਿਖਾਇਆ।
ਸਵੇਰੇ ਦੱਸ ਵਜੇ ਆਇਆ ਤੇ ਕਹਿਣ ਲੱਗਾ ਕਿ ਸਮਾਂ ਨਹੀਂ । ਬਿਜਨਿਸ ਮੀਟਿੰਗ ਹੈ, ਕਾਰ ਵਿੱਚ ਬੈਠ ਕੇ ਗੱਲ ਕਰਦੇ ਹਾਂ। ਸਾਰਾ ਹਾਲ ਚਾਲ ਪੁਛਿਆ ਦੱਸਿਆ ਇੱਕ ਦੂਸਰੇ ਤੋਂ । ਅਚਾਨਕ ਉਸਦੇ ਮਾਤਾ ਜੀ ਬਾਰੇ ਪੁੱਛ ਬੈਠਾ।
ਭੁੱਬਾਂ ਮਾਰ ਕੇ ਰੋਏ ਪਿਆ ਮੇਰਾ ਯਾਰ।
ਪਤਾ ਲੱਗਿਆ ਬਿਜਨਿਸ ਦੇ ਚੱਕਰ ਵਿੱਚ ਮਾਂ ਨੂੰ ਨੀ ਮਿਲ ਸਕਿਆ ਮੇਰਾ ਦੋਸਤ, ਅੰਤਿਮ ਸਮੇਂ । ਉਸਦੀ ਘਰ ਵਾਲੀ ਉਸਦੇ ਮਾਂ ਬਾਪ ਨੂੰ ਘਟੀਆ ਸਟੈਂਡਰਡ ਦਾ ਸਮਝਦੀ ਸੀ।
ਵਾਅ ਓਏ ਮੇਰਿਆਂ ਡਾਢਿਆਂ ਰੱਬਾ, ਅਮੀਰੀ ਨੇ ਮਾਂ ਪਿਓ ਤੋਂ ਵੀ ਕਰਤਾ ਦੂਰ। ਉਸਦੇ ਪਾਪਾ ਨੇ ਉਸਦਾ ਮੂੰਹ ਨਾਂ ਦੇਖਣ ਦੀ ਕਸਮ ਖਾ ਲਈ ਸੀ ਮਰਨ ਤੱਕ ਉਸਦੀ।
ਸਮਝ ਆਈ ਹੁਣ ਮੈਨੂੰ , ਅਸਲ ਵਿੱਚ ਬਹੁਤ ਗਰੀਬ ਹੋ ਗਿਆ ਮੇਰਾ ਦੋਸਤ, ਮਾਂ ਬਾਪ ਦੇ ਪਿਆਰ ਤੋਂ ਬਿਨਾ।
ਮੈਂ ਉਸਨੂੰ ਫਿਰ ਅਮੀਰ ਬਨਾਉਣ ਦਾ ਸੋਚਿਆ। ਉਸਨੂੰ ਬਿਨਾ ਦੱਸੇ, ਉਸਦੇ ਪਿਤਾ ਜੀ ਨੂੰ ਦਿੱਲੀ ਸੱਦਿਆ, ਬਹਾਨੇ ਨਾਲ, ਫਰੀਦਾਬਾਦ ਇੱਕ ਰੈਸਟੋਰੈਟ ਵਿੱਚ।
ਬੱਸ ਚਾਹ ਪੀਂਦਿਆਂ , ਬਾਪੂ ਜੀ ਆ ਗਏ । ਦੋਨੋ ਪਿਉ ਪੁੱਤ ਇਕੱਠੇ ਕਰ ਦਿੱਤੇ।
ਰੋਇਆ ਯਾਰ ਮੇਰਾ ਉੱਚੀ ਉੱਚੀ। ਬਾਪੂ ਜੀ ਨੇ ਗੱਲ ਨਾਲ ਲਾ ਲਿਆ ਸੀ।
ਅਮੀਰ ਪੁੱਤ, ਗਰੀਬ ਬਾਪ ਨੂੰ ਮਿਲਿਆ ਸੀ ਅੱਜ।
ਨਵੀਂ ਸਵੇਰ ਚੜੀ ਸੀ ਅੱਜ। ਸੱਜਰੀ ਬਹੂ ਵਰਗੀ।
ਜਸਤੇਜ ਸਿੱਧੂ
ਨਿਊਜਰਸੀ
908-209-0050