ਗੁਰਮੇਲ ਕੌਰ ਸੰਘਾ (ਥਿੰਦ) ਲੰਡਨ
ਨਫ਼ਰਤ ਦੀ ਅੱਗ ਚੁਫੇਰ ਦਿੱਸੇ,
ਅੱਜ ਸਿਖ਼ਰ ਦੁਪਹਿਰ ਹਨ੍ਹੇਰ ਦਿਸੇ।
ਚੜ੍ਹਿਆ ਕਹਿਰ ਦਾ ਰੋਹ ਸੂਰਜ ਤੇ,
ਬਹਿ ਗਿਆ ਦਗ਼ਦਾ ਮੁੱਖ ਛੁਪਾ।
ਧੰਨ ਗੁਰੂ ਅਰਜਨ ਦੇਵ ਪਿਤਾ,
ਤੱਤੀ ਤਵੀ ਤੇ ਬੈਠੇ ਆਸਣ ਲਾ।
ਧਰਮ ਕਰਮ ਦਾ ਹੋਕਾ ਦੇ ਕੇ,
ਮਾਨੁੱਖਤਾ ਨੂੰ ਧੋਖਾ ਦੇ ਕੇ।
ਜਹਾਂਗੀਰ ਬਦਲੇ ਦੀ ਅੱਗ ਵਿੱਚ,
ਗਿਆ ਮੌਤ ਦੀ ਸਜ਼ਾ ਸੁਣਾ।
ਧੰਨ ਗੁਰੂ ਅਰਜਨ ਦੇਵ ਪਿਤਾ,
ਤੱਤੀ ਤਵੀ ਤੇ ਬੈਠੇ ਆਸਣ ਲਾ।
ਤੱਕ ਤੱਤੀ ਪੈਂਦੀ ਰੇਤ ਸੀਸ ਤੇ,
ਧਰਤੀ ਤੇ ਅੰਬਰ ਰਹੇ ਚੀਖ਼ਦੇ।
ਸੁੱਕ ਗਏ ਪੌਣ ਦੀ ਅੱਖ’ਚੋਂ ਹੰਝੂ,
ਤੱਕ ਰੋਈ ਲੋਕਾਈ ਮਾਰ ਕੇ ਧਾਹ।
ਧੰਨ ਗੁਰੂ ਅਰਜਨ ਦੇਵ ਪਿਤਾ,
ਤੱਤੀ ਤਵੀ ਤੇ ਬੈਠੇ ਆਸਣ ਲਾ।
ਲੰਗਰ ਸੇਵਾ ਵਰਦਾਨ ਬਖ਼ਸ਼ਿਆ,
ਨਿਤਾਣਿਆਂ ਨੂੰ ਤਾਣ ਬਖ਼ਸ਼ਿਆ।
ਗੁਰੂ ਗ੍ੰਥ ਜੀ ਤੋਹਫ਼ਾ ਆਲੌਕਿਕ,
ਕੋਈ’ਸੰਘਾ’ਸਾਹਨੀ ਨਹੀਂ ਇਸਦਾ।
ਧੰਨ ਗੁਰੂ ਅਰਜਨ ਦੇਵ ਪਿਤਾ,
ਤੱਤੀ ਤਵੀ ਤੇ ਬੈਠੇ ਆਸਣ ਲਾ।