ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਸਰਕਾਰ ਦੁਆਰਾ ਪਿਛਲੇ ਸਾਲ ਸੈਂਕੜੇ ਅਫਗਾਨੀ ਲੋਕਾਂ ਨੂੰ ਸ਼ਰਨ ਦੇਣ ਤੋਂ ਇਨਕਾਰ ਕਰਨ ਦੇ ਇਲਾਵਾ ਦਰਜਨ ਦੇ ਕਰੀਬ ਅਫਗਾਨੀ ਸ਼ਰਨਾਰਥੀਆਂ ਨੂੰ ਵਾਪਸ ਵੀ ਭੇਜਿਆ ਗਿਆ ਹੈ। ਇਸ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬ੍ਰਿਟੇਨ ਨੇ ਪਿਛਲੇ ਸਾਲ 13 ਅਫਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਵੀ ਭੇਜਿਆ ਅਤੇ 400 ਤੋਂ ਵੱਧ ਲੋਕਾਂ ਨੂੰ ਯੂਕੇ ਵਿੱਚ ਸ਼ਰਨ ਦੇਣ ਤੋਂ ਇਨਕਾਰ ਕੀਤਾ ਹੈ। ਵੀਰਵਾਰ ਨੂੰ ਪ੍ਰਕਾਸ਼ਤ ਸਰਕਾਰੀ ਅੰਕੜਿਆਂ ਦੇ ਅਨੁਸਾਰ ਯੂਕੇ ਵਿੱਚ 497 ਅਫਗਾਨ ਲੋਕਾਂ ਨੂੰ ਜੂਨ 2021ਤੱਕ ਇਮੀਗ੍ਰੇਸ਼ਨ ਹਿਰਾਸਤ ਵਿੱਚ ਰੱਖਿਆ ਗਿਆ। ਇਹਨਾਂ ਵਿੱਚ 2021 ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 218 ਅਫਗਾਨੀ ਲੋਕ ਹਿਰਾਸਤ ਵਿੱਚ ਲਏ ਗਏ। ਅੰਕੜਿਆਂ ਦੇ ਅਨੁਸਾਰ, ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚੋਂ 13 ਨੂੰ ਅਫਗਾਨਿਸਤਾਨ ਵਾਪਸ ਭੇਜ ਦਿੱਤਾ ਗਿਆ, ਇਨ੍ਹਾਂ ਵਿੱਚੋਂ ਪੰਜਾਂ ਨੂੰ 2021 ਵਿੱਚ ਹੀ ਭੇਜਿਆ ਗਿਆ ਹੈ। ਜੂਨ 2021 ਨੂੰ ਖਤਮ ਹੋਣ ਵਾਲੇ ਸਾਲ ਵਿੱਚ, 1,467 ਅਫਗਾਨੀ ਲੋਕ ਸੁਰੱਖਿਆ ਦੀ ਭਾਲ ਵਿੱਚ ਯੂਕੇ ਆਏ, ਅਤੇ ਇਸ ਸਮੇਂ ਦੌਰਾਨ ਇਹਨਾਂ ਲੋਕਾਂ ਲਈ ਕੀਤੇ ਗਏ 1,089 ਫੈਸਲਿਆਂ ਵਿੱਚੋਂ, 401 ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ । 30 ਜੂਨ ਤੱਕ ਦੇ ਅੰਕੜਿਆਂ ਅਨੁਸਾਰ, ਯੂਕੇ ਵਿੱਚ ਤਕਰੀਬਨ 3,213 ਅਫਗਾਨ ਆਪਣੀ ਸ਼ਰਨ ਲਈ ਦਿੱਤੀ ਅਰਜੀ ਸਬੰਧੀ ਫੈਸਲੇ ਦੀ ਉਡੀਕ ਵਿੱਚ ਸਨ। ਜਦਕਿ ਮੌਜੂਦਾ ਅਫਗਾਨ ਸੰਕਟ ਕਰਕੇ ਸਰਕਾਰ ਵੱਲੋਂ ਰੱਦ ਹੋਈਆਂ ਅਰਜੀਆਂ ਵਾਲੇ ਲੋਕਾਂ ਨੂੰ ਵਾਪਸ ਭੇਜਣ ‘ਤੇ ਫਿਲਹਾਲ ਰੋਕ ਲਗਾਈ ਹੈ। ਇਸੇ ਦੌਰਾਨ ਸ਼ਰਨਾਰਥੀ ਕੌਂਸਲਾਂ ਦੁਆਰਾ ਸਰਕਾਰ ਨੂੰ ਯੂਕੇ ਵਿੱਚ ਸੁਰੱਖਿਆ ਦੀ ਭਾਲ ਵਿੱਚ ਆਉਣ ਵਾਲੇ ਅਫਗਾਨਾਂ ਨੂੰ ਤੇਜ਼ੀ ਨਾਲ ਸੁਰੱਖਿਆ ਪ੍ਰਦਾਨ ਕਰਨ ਦੀ ਮੰਗ ਕਰ ਰਹੀਆਂ ਹਨ।
