ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਆਉਣ ਵਾਲੇ ਅਫਗਾਨ ਸ਼ਰਨਾਰਥੀਆਂ ਦੀ ਸਹਾਇਤਾ ਲਈ ਕਈ ਸਥਾਨਕ ਕੰਪਨੀਆਂ ਨੇ ਸਹਾਇਤਾ ਦੇ ਹੱਥ ਵਧਾਉਣੇ ਸ਼ੁਰੂ ਕਰ ਦਿੱਤੇ ਹਨ। ਅਫਗਾਨੀ ਲੋਕਾਂ ਲਈ ਪੈਦਾ ਹੋਈ ਇਸ ਮੁਸ਼ਕਿਲ ਦੀ ਘੜੀ ਵਿੱਚ ਯੂਕੇ ਦੀ ਸਭ ਤੋਂ ਵੱਡੀ ਘਰੇਲੂ ਦੇਖਭਾਲ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਇੱਕ ਪ੍ਰਮੁੱਖ ਕੰਪਨੀ ਨੇ ਅਫਗਾਨਿਸਤਾਨ ਤੋਂ ਆਉਣ ਵਾਲੇ ਤਕਰੀਬਨ 500 ਸ਼ਰਨਾਰਥੀਆਂ ਨੂੰ ਦੇਖਭਾਲ ਕਰਨ ਸਬੰਧੀ ਸਿਖਲਾਈ ਅਤੇ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ। ਯੂਕੇ ਦੀ ਇਹ ਕੰਪਨੀ ‘ਸੀਅਰਾ’ ਦਾ ਉਦੇਸ਼ ਅਗਲੇ ਪੰਜ ਸਾਲਾਂ ਵਿੱਚ ਅਫਗਾਨਿਸਤਾਨੀ ਸ਼ਰਨਾਰਥੀਆਂ ਦੇ ਪੁਨਰਵਾਸ ਪ੍ਰੋਗਰਾਮ ਦੇ ਹਿੱਸੇ ਵਜੋਂ ਯੂਕੇ ਆਉਣ ਵਾਲੇ 500 ਸ਼ਰਨਾਰਥੀਆਂ ਦੀ ਭਰਤੀ, ਹੋਮ ਕੇਅਰ ਸਿਖਲਾਈ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਹੈ। ਇਸ ਕੰਪਨੀ ਦੁਆਰਾ ਸਮਾਜਿਕ ਦੇਖਭਾਲ, ਨਰਸਿੰਗ ਆਦਿ ਸੇਵਾਵਾਂ ਦੀ ਸਹੂਲਤ ਵੱਡੇ ਪੱਧਰ ‘ਤੇ ਮੁਹੱਈਆ ਕਰਵਾਈ ਜਾਂਦੀ ਹੈ। ਇਸ ਕੰਪਨੀ ਦੁਆਰਾ ਨਵੇਂ ਆਉਣ ਵਾਲੇ ਅਫਗਾਨੀ ਸ਼ਰਨਾਰਥੀਆਂ ਨੂੰ ਸਿਖਲਾਈ ਦੇਣ ਲਈ 160 ਤੋਂ ਵੱਧ ਸਥਾਨਕ ਕੌਂਸਲਾਂ ਅਤੇ ਯੂਕੇ ਸਰਕਾਰ ਦੇ ਨਾਲ ਕੰਮ ਕੀਤਾ ਜਾਵੇਗਾ। ਕੋਰੋਨਾ ਵਾਇਰਸ ਮਹਾਂਮਾਰੀ ਦੇ ਦੌਰਾਨ ਵੀ ਇਸ ਏਜੰਸੀ ਨੇ ਮਹਾਂਮਾਰੀ ਤੋਂ ਪ੍ਰਭਾਵਿਤ ਕਾਰੋਬਾਰਾਂ ਜਿਵੇਂ ਕਿ ਪਰਾਹੁਣਚਾਰੀ ਅਤੇ ਪ੍ਰਚੂਨ ਆਦਿ ਦੀਆਂ ਸਿਹਤ ਸੰਭਾਲ ਦੀਆਂ ਭੂਮਿਕਾਵਾਂ ਵਿੱਚ ਸਿਖਲਾਈ ਦਿੱਤੀ ਸੀ।
