ਗੁਰਦੁਆਰਾ ਸਾਹਿਬ ਦਾ 40 ਵਾਂ ਸਥਾਪਨਾ ਦਿਵਸ ਵੀ ਮਨਾਇਆ ਜਾਵੇਗਾ
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਨ ‘ਮਿਸਲ ਡੇਅ’ ਵਜੋਂ ਮਨਾਇਆ ਜਾਵੇਗਾ
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੀ ਧਰਤੀ ‘ਤੇ ਗੁਰੂ ਨਾਨਕ ਸਿੱਖ ਟੈਂਪਲ, ਓਟੈਗੋ ਸਟਰੀਟ ਦੀ ਸਥਾਪਨਾ 1981 ਵਿੱਚ ਹੋਈ ਸੀ। ਗੁਰਦੁਆਰਾ ਸਾਹਿਬ ਦਾ 40 ਵਾਂ ਸਥਾਪਨਾ ਦਿਵਸ ਵਿਸ਼ਵ ਪੱਧਰੀ ਕਾਨਫਰੰਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਗੁਰੂ ਘਰ ਦੇ ਸੇਵਾਦਾਰਾਂ ਭੁਪਿੰਦਰ ਸਿੰਘ ਬਰ੍ਹਮੀਂ, ਜਸਵੀਰ ਸਿੰਘ ਜੱਸੀ ਬਮਰਾਹ, ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਮੋਗਾ, ਹਰਦੀਪ ਸਿੰਘ ਕੁੰਦੀ, ਇੰਦਰਜੀਤ ਸਿੰਘ ਗਾਬੜੀ ਮਹਿਣਾ ਤੇ ਪ੍ਰਬੰਧਕ ਕਮੇਟੀ ਵੱਲੋਂ ਇਸ ਪ੍ਰਤੀਨਿਧ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਹਾਨ ਜਰਨੈਲ ਜੱਸਾ ਸਿੰਘ ਰਾਮਗਡ਼੍ਹੀਆ ਜੀ ਦੇ ਜਨਮ ਦਿਨ ਨੂੰ ‘ਮਿਸਲ ਡੇਅ’ ਦੇ ਨਾਂ ਹੇਠ 29 ਅਗਸਤ ਨੂੰ ਵਿਸ਼ਵ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਹਰ ਸਾਲ ਇਹ ਕਾਨਫਰੰਸ ਵੱਖਰੇ ਮੁਲਕ ਵਿਚ ਕੀਤੀ ਜਾਂਦੀ ਹੈ। ਸਕਾਟਲੈਂਡ ਦਾ ਸਿੱਖ ਭਾਈਚਾਰਾ ਇਸ ਗੱਲੋਂ ਵਧਾਈ ਦਾ ਪਾਤਰ ਹੈ ਕਿ ਇਸ ਵਾਰ ਦੀ ਕਾਨਫਰੰਸ ਲਈ ਪ੍ਰਬੰਧਾਂ ਦੀ ਸੇਵਾ ਗੁਰੂ ਨਾਨਕ ਸਿੱਖ ਟੈਂਪਲ ਹਿੱਸੇ ਆਈ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਕਾਨਫਰੰਸ ਸੰਬੰਧੀ ਤਿਆਰੀਆਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਕਾਨਫਰੰਸ ਦੌਰਾਨ ਰਾਮਗੜ੍ਹੀਆ ਕੌਂਸਲ ਯੂਕੇ ਦੀ ਤਰਫੋਂ ਵੱਡਾ ਵਫਦ ਕਾਨਫਰੰਸ ਵਿੱਚ ਹਿੱਸਾ ਲੈਣ ਪਹੁੰਚੇਗਾ। ਵਿਦਵਾਨ ਬੁਲਾਰੇ ਸਿੱਖ ਇਤਿਹਾਸ ਨਾਲ ਸਬੰਧਤ ਪਹਿਲੂਆਂ ਨੂੰ ਆਪੋ ਆਪਣੇ ਅੰਦਾਜ਼ ‘ਚ ਸੰਗਤਾਂ ਦੇ ਸਨਮੁੱਖ ਰੱਖਣਗੇ ।
