ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਪਿਛਲੇ ਸਾਲ ਮਿਸ਼ੀਗਨ ਦੀ ਗਵਰਨਰ ਗ੍ਰੇਚੇਨ ਵਿਟਮਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚਣ ਵਿੱਚ 14 ਵਿਅਕਤੀਆਂ ‘ਤੇ ਦੋਸ਼ ਲਗਾਏ ਗਏ ਸਨ। ਇਹਨਾਂ ਵਿੱਚੋਂ ਇੱਕ ਦੋਸ਼ੀ ਨੂੰ ਬੁੱਧਵਾਰ ਦੁਪਹਿਰ ਨੂੰ 6 ਸਾਲਾਂ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿੱਚ ਇੱਕ 25 ਸਾਲਾਂ ਏਅਰਪਲੇਨ ਮਕੈਨਿਕ, ਟਾਈ ਗਾਰਬਿਨ ਨੂੰ ਅੱਤਵਾਦੀ ਕਾਰਵਾਈਆਂ ਅਤੇ ਹਥਿਆਰਾਂ ਆਦਿ ਸਮਗਰੀ ਲਈ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ਵਿੱਚ 75 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ। ਇਸਦੇ ਇਲਾਵਾ ਫਿਰ ਉਹ ਨਿਗਰਾਨੀ ਹੇਠ ਤਿੰਨ ਸਾਲਾਂ ਬਿਤਾਏਗਾ ਅਤੇ ਗਾਰਬਿਨ ਨੂੰ 2,500 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਇਸ ਮਾਮਲੇ ਸਬੰਧੀ ਗਾਰਬਿਨ ਨੇ ਸ਼ੁਰੂ ਵਿੱਚ ਲਗਾਏ ਗਏ ਦੋਸ਼ਾਂ ਨੂੰ ਨਹੀਂ ਮੰਨਿਆ ਪਰ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਉਸਨੇ ਜਾਂਚਕਰਤਾਵਾਂ ਨਾਲ ਸਹਿਯੋਗ ਕੀਤਾ। ਗਾਰਬਿਨ ਦੇ ਇਲਾਵਾ ਤੇਰਾਂ ਹੋਰ ਆਦਮੀਆਂ ਉੱਤੇ ਗਵਰਨਰ ਵਿਟਮਰ ਨੂੰ ਅਗਵਾ ਕਰਨ ਦੀ ਸ਼ਾਜਿਸ਼ ਰਚਣ ਦਾ ਦੋਸ਼ ਹੈ। ਇਹਨਾਂ ਲੋਕਾਂ ਦੀ ਸ਼ਾਜਿਸ਼ ਨੂੰ ਅਕਤੂਬਰ ਵਿੱਚ ਐਫ ਬੀ ਆਈ ਨੇ ਨਾਕਾਮ ਕਰ ਦਿੱਤਾ ਸੀ। ਐਫ ਬੀ ਏ ਦੇ ਅਨੁਸਾਰ ਇਨ੍ਹਾਂ ਆਦਮੀਆਂ ਨੇ ਸਰਕਾਰੀ ਅਧਿਕਾਰੀਆਂ ਨੂੰ ਮਾਰਨ , ਕੈਪੀਟਲ ਦੀ ਇਮਾਰਤ ਨੂੰ ਵਿਸਫੋਟਕਾਂ ਨਾਲ ਉਡਾਉਣ ਆਦਿ ਦੀ ਵੀ ਯੋਜਨਾ ਬਣਾਈ ਸੀ।
