ਗਲਾਸਗੋ/ ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ/ ਸੰਜੀਵ ਭਨੋਟ)
ਯੂਕੇ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਬ੍ਰੈਕਸਿਟ ਸਮਝੌਤੇ ਨੇ ਜਿਆਦਾਤਰ ਕਾਰੋਬਾਰਾਂ ਵਿੱਚ ਕਰਮਚਾਰੀਆਂ ਦੀ ਘਾਟ ਪੈਦਾ ਕਰ ਦਿੱਤੀ ਹੈ। ਇਹਨਾਂ ਕਾਰੋਬਾਰਾਂ ਵਿੱਚ ਮੀਟ ਇੰਡਸਟਰੀ ਵੀ ਵੱਡੇ ਪੱਧਰ ‘ਤੇ ਕਾਮਿਆਂ ਦੀ ਘਾਟ ਦਾ ਸਾਹਮਣਾ ਕਰ ਰਹੀ ਹੈ। ਇਸ ਲਈ ਹੁਣ ਮੀਟ ਕਾਰੋਬਾਰੀ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਾਬਕਾ ਕੈਦੀਆਂ ਨੂੰ ਇਸ ਖੇਤਰ ਵਿੱਚ ਨੌਕਰੀ ਦੇਣ ਦੀ ਯੋਜਨਾ ਬਣਾ ਰਹੇ ਹਨ। ਇਸ ਮੰਤਵ ਲਈ ਮੀਟ ਉਦਯੋਗ ਦੇ ਕਾਰੋਬਾਰੀਆਂ ਨੇ ਪ੍ਰਸ਼ਾਸਨ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਹੈ, ਕਿ ਖਾਲੀ ਅਸਾਮੀਆਂ ਨੂੰ ਕਿਸ ਤਰ੍ਹਾਂ ਭਰਿਆ ਜਾ ਸਕਦਾ ਹੈ। ਐਸੋਸੀਏਡ ਆਫ ਇੰਡੀਪੈਂਡੈਂਟ ਮੀਟ ਸਪਲਾਇਰਜ਼ ਅਨੁਸਾਰ ਯੂਕੇ ਦੇ ਮੀਟ ਉਦਯੋਗ ਵਿੱਚ ਲਗਭਗ 14,000 ਕਾਮਿਆਂ ਦੀ ਘਾਟ ਹੈ ਅਤੇ ਬ੍ਰੈਕਸਿਟ, ਕੋਵਿਡ ਕਾਰਨ ਇਸ ਉਦਯੋਗ ਨੂੰ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਯੋਜਨਾ ਤਹਿਤ ਆਰਜ਼ੀ ਲਾਇਸੈਂਸ (ਆਰ ਓ ਟੀ ਐਲ) ਪ੍ਰੋਗਰਾਮ ਵਿੱਚ ਰਿਹਾਈ ਦਾ ਹਿੱਸਾ ਬਣਨ ਵਾਲੇ ਕੈਦੀ ਮੀਟ ਕਾਰੋਬਾਰ ਵਿੱਚ ਰੁਜ਼ਗਾਰ ਦੇ ਮੁੱਖ ਉਮੀਦਵਾਰ ਹੋਣਗੇ। ਇਹ ਪ੍ਰੋਗਰਾਮ ਖੁੱਲ੍ਹੀਆਂ ਜੇਲ੍ਹਾਂ ਵਿੱਚ ਕੈਦੀਆਂ ਦੇ ਨਾਲ ਕੰਮ ਕਰਦਾ ਹੈ ਤਾਂ ਜੋ ਉਨ੍ਹਾਂ ਦੀ ਸਜ਼ਾ ਪੂਰੀ ਹੋਣ ‘ਤੇ ਕਮਿਊਨਿਟੀ ਵਿੱਚ ਅਸਾਨੀ ਨਾਲ ਕੰਮ ਦਾ ਤਜਰਬਾ ਹਾਸਲ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੀਟ ਸਪਲਾਇਰਜ਼ ਦੇ ਅਧਿਕਾਰੀ ਟੋਨੀ ਗੁੱਡਰ ਨੇ ਕਿਹਾ ਕਿ ਉਹ ਖਾਲੀ ਅਸਾਮੀਆਂ ਨੂੰ ਭਰਨ ਲਈ ਨਿਆਂ ਮੰਤਰਾਲੇ ਅਤੇ ਇਸਦੇ ਮੈਂਬਰਾਂ ਨਾਲ ਮਿਲ ਕੇ ਕੰਮ ਕਰਨਗੇ।
