ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਨਜਿੱਠਣ ਦੇ ਮਾਮਲਿਆਂ ਦੀ ਜਨਤਕ ਜਾਂਚ ਨੂੰ ਇਸ ਸਾਲ ਦੇ ਅਖੀਰ ਵਿੱਚ ਆਪਣੇ ਪੱਧਰ ‘ਤੇ ਕਰਨ ਦੀ ਯੋਜਨਾ ਬਣਾਈ ਹੈ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਅਨੁਸਾਰ ਸਕਾਟਲੈਂਡ ਦੁਆਰਾ ਆਪਣੀ ਇੱਕ ਜੱਜ ਦੀ ਅਗਵਾਈ ਵਾਲੀ ਜਨਤਕ ਜਾਂਚ ਸਥਾਪਤ ਕੀਤੀ ਜਾਵੇਗੀ। ਆਪਣੀ ਕੋਵਿਡ ਸੰਬੰਧੀ ਵਿਸ਼ੇਸ਼ ਵਾਰਤਾ ਵਿੱਚ ਘੋਸ਼ਣਾ ਦੀ ਪੁਸ਼ਟੀ ਕਰਦਿਆਂ ਸਟਰਜਨ ਨੇ ਕਿਹਾ ਕਿ ਜਿੰਨੀ ਛੇਤੀ ਹੋ ਸਕੇ ਵਿਧਾਨਕ ਜਾਂਚ ਸ਼ੁਰੂ ਕਰਨਾ ਉਚਿਤ ਹੈ ਅਤੇ ਇਸ ਲਈ ਪ੍ਰਸ਼ਾਸਨ ਨੇ ਜੱਜ ਨਿਯੁਕਤ ਕਰਨ ਲਈ ਵਿਚਾਰ ਵਟਾਂਦਰੇ ਸ਼ੁਰੂ ਕਰ ਦਿੱਤੇ ਹਨ। ਇਸਦੇ ਇਲਾਵਾ ਸਟਰਜਨ ਅਨੁਸਾਰ ਵਾਇਰਸ ਦੇ ਸਾਹਮਣੇ ਆ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੁੱੱਝ ਕੋਵਿਡ ਨਿਯਮ ਦੁਬਾਰਾ ਲਾਗੂ ਕੀਤੇ ਜਾ ਸਕਦੇ ਹਨ। ਇਸ ਜਾਂਚ ਤਹਿਤ ਸਰਕਾਰ ਮਨੁੱਖੀ ਅਧਿਕਾਰਾਂ-ਅਧਾਰਤ ਪਹੁੰਚ ਨੂੰ ਅਪਣਾਏਗੀ, ਅਤੇ ਉਨ੍ਹਾਂ ਸਾਰੇ ਖੇਤਰਾਂ ਦੀ ਜਾਂਚ ਕਰੇਗੀ ਜੋ ਸਕਾਟਿਸ਼ ਸਰਕਾਰ ਦੇ ਅਧਿਕਾਰ ਖੇਤਰ ਅਧੀਨ ਹਨ, ਜਿਸ ਵਿੱਚ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਵੀ ਸ਼ਾਮਲ ਹਨ ਅਤੇ ਸਕਾਟਿਸ਼ ਸਰਕਾਰ ਆਪਣੀ ਜਾਂਚ ਬਾਰੇ ਯੂਕੇ ਸਰਕਾਰ ਨਾਲ ਸੰਪਰਕ ਜਾਰੀ ਰੱਖੇਗੀ।
