
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਸ. ਪੁਨੀਤ ਸਿੰਘ ਚੰਦੋਕ ਇਸ ਵੇਲੇ ਇੰਡੀਅਨ ਵਰਲਡ ਫੋਰਮ ਦੇ ਪ੍ਰਧਾਨ ਹਨ। ਇਸ ਤੋਂ ਪਹਿਲਾਂ ਉਹ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਤਾਲਿਬਾਨ ਦੇ ਕਬਜ਼ੇ ਬਾਅਦ ਜਿੰਨੀ ਵੀ ਸਿੱਖ ਸੰਗਤ ਅਤੇ ਭਾਰਤੀ ਲੋਕ ਅਫਗਾਨਿਸਤਾਨ ਤੋਂ ਭਾਰਤ ਪਹੁੰਚੇ ਹਨ, ਜਦੋਂ ਉਹ ਵਾਪਿਸੀ ਉਤੇ ਭਾਰਤ ਸਰਕਾਰ, ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦੇ ਹਨ ਤਾਂ ਉਹ ਸ. ਪੁਨੀਤ ਸਿੰਘ ਚੰਦੋਕ ਦਾ ਵੀ ਧੰਨਵਾਦ ਕਰਦੇ ਸੁਣੇ ਜਾਂਦੇ ਹਨ। ਇੰਡੀਅਨ ਵਰਲਡ ਫੋਰਮ ਭਾਰਤ ਨੂੰ ਦੁਨੀਆ ਦੇ ਨਾਲ ਜੋੜਨ ਲਈ ਕੰਮ ਕਰਦੀ ਹੈ। ਇਸ ਫੋਰਮ ਦੇ ਰਾਹੀਂ ਸਭਿਆਚਾਰ ਤੇ ਵਿਰਸਾ, ਕਾਮਰਸ ਅਤੇ ਉਦਯੋਗ, ਸ਼ਾਂਤੀ ਅਤੇ ਖੁਸ਼ਹਾਲੀ, ਸਮਾਜਿਕ ਨਿਆਂ ਅਤੇ ਅਧਿਕਾਰ ਗ੍ਰਹਿਣ, ਖੇਡਾਂ ਅਤੇ ਨੌਜਵਾਨ ਮਾਮਲਿਆਂ ਸਬੰਧੀ ਸੁਚਾਰੂ ਕੰਮ ਕੀਤਾ ਜਾਂਦਾ ਹੈ। ਇਸ ਸਰਦਾਰ ਜੀ ਨੇ ਪਾਕਿਸਤਾਨ ਵੱਲੋਂ ਉਥੇ ਵਸਦੇ ਘੱਟ ਗਿਣਤੀ ਲੋਕਾਂ ਉਤੇ ਕਰੂਰਤਾ ਭਰੇ ਜ਼ੁਲਮ ਹੋਣ ਉਤੇ ਵੀ ਆਵਾਜ਼ ਉਠਾਈ ਸੀ ਤੇ ਸੰਯੁਕਤ ਰਾਸ਼ਟਰ ਨੂੰ ਖੱਤ ਲਿਖਿਆ ਸੀ। ਇਕ ਸਿੱਖ ਲੜਕੀ ਦੇ ਜ਼ਬਰੀ ਵਿਆਹ ਸਬੰਧੀ ਵੀ ਇਸ ਨੇ ਚਿੱਠੀ ਲਿਖੀ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਦੇ ਗੁਰਧਾਮਾ ਦੀ ਯਾਤਰਾ ਵਾਸਤੇ ਵੀ ਸ. ਚੰਦੋਕ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ। ਸ. ਪੁਨੀਤ ਸਿੰਘ ਚੰਦੋਕ ਨੇ ਅਫਗਾਨਿਸਤਾ ਤੋਂ ਭਾਰਤੀਆਂ ਨੂੰ ਇਥੇ ਲਿਆਉਣ ਵਿਚ ਵਿਦੇਸ਼ ਮੰਤਰਾਲੇ ਅਤੇ ਇੰਡੀਅਨ ਏਅਰ ਫੋਰਸ ਦੇ ਨਾਲ ਤਾਲਮੇਲ ਕਰਕੇ ਇਸ ਵੱਡੇ ਕਾਰਜ ਨੂੰ ਸਫਲ ਕੀਤਾ ਹੈ। ਦੋ ਦਿਨ ਪਹਿਲਾਂ ਉਨ੍ਹਾਂ ਇਕ ਅਖਬਾਰ ਨੂੰ ਕਹਿ ਦਿੱਤਾ ਸੀ ਕਿ ਜਲਦੀ ਹੀ ਹੋਰ ਭਾਰਤੀ ਅਤੇ ਤਿੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਅਤ ਭਾਰਤ ਲੈ ਆਵਾਂਗੇ। ਅੱਜ ਉਨ੍ਹਾਂ ਇਹ ਸਾਬਿਤ ਕਰ ਦਿੱਤਾ ਹੈ। ਸ਼ਾਬਾਸ਼! ਚੰਦੋਕ ਸਾਹਿਬ। ਰੱਬ ਲੰਬੀਆਂ ਉਮਰਾਂ ਬਖਸ਼ੇ।