ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) ਨਿਊਜ਼ੀਲੈਂਡ ’ਚ ਦੁਬਾਰਾ ਤੋਂ ਫੈਲੇ ਕਰੋਨਾ ਵਾਇਰਸ ਨੇ ਮੁੜ ਲੋਕਾਂ ਨੂੰ ਘੇਰ ਲਿਆ ਹੈ। ਹਰ ਰੋਜ਼ ਦਰਜਨਾਂ ਕਰੋਨਾ ਵਾਇਰਸ ਦੇ ਨਾਲ ਗ੍ਰਸਤ ਹੋਣ ਵਾਲੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਪਿਛਲੇ 24 ਘੰਟਿਆਂ ਦੀ ਆਈ ਰਿਪੋਰਟ ਅਨੁਸਾਰ ਹੁਣ ਕਮਿਊਨਿਟੀ ਦੇ ਨਾਲ ਸਬੰਧਿਤ 41 ਹੋਰ ਨਵੇਂ ਕੇਸ ਆ ਗਏ ਹਨ। ਇਸ ਨਾਲ ਮੌਜੂਦਾ ਔਕਲੈਂਡ ਖੇਤਰ ਅਤੇ ਵਲਿੰਗਟਨ ਖੇਤਰ ਦੇ ਵਿਚ ਕਮਿਊਨਿਟੀ ਦੇ ਕਰੋਨਾ ਮਾਮਲਿਆਂ ਦੀ ਕੁੱਲ ਗਿਣਤੀ 148 ਹੋ ਗਈ ਹੈ। ਡਾਇਰੈਕਟਰ ਜਨਰਲ ਆਫ਼ ਹੈਲਥ ਡਾ: ਐਸ਼ਲੇ ਬਲੂਮਫੀਲਡ ਅਤੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਅੱਜ ਦੁਪਹਿਰ ਪ੍ਰੈੱਸ ਕਾਨਫ਼ਰੰਸ ਵਿੱਚ ਇਹ ਜਾਣਕਾਰੀ ਦਿੱਤੀ। ਦੋਵਾਂ ਨੇ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਨਵੇਂ ਸਰਗਰਮ ਕੋਵਿਡ -19 ਕੇਸਾਂ ਦੀ ਸ਼ੰਕਾ ਜ਼ਾਹਿਰ ਕੀਤੀ ਹੈ। ਅੱਜ ਦੇ 41 ਨਵੇਂ ਕੇਸਾਂ ’ਚੋਂ 3 ਕੇਸ ਵੈਲਿੰਗਟਨ ਦਾ ਹੈ ਅਤੇ ਬਾਕੀ ਸਾਰੇ 38 ਕੇਸ ਔਕਲੈਂਡ ਵਿੱਚੋਂ ਆਏ ਹਨ। ਇਕ ਛੋਟਾ ਬੱਚਾ ਵੀ ਘਿਰਿਆ ਗਿਆ ਹੈ। ਕੁੱਲ ਗਿਣਤੀ ਦੇ ਵਿੱਚੋਂ 137 ਆਕਲੈਂਡ ਵਿੱਚੋਂ ਹਨ ਅਤੇ 11 ਵੈਲਿੰਗਟਨ ਵਿੱਚੋਂ ਹਨ। ਸਿਰਫ਼ ਇੱਕ ਹਫ਼ਤੇ ਦੇ ਅੰਤਰਾਲ ਵਿੱਚ, ਪ੍ਰਕੋਪ ਦੇ ਕੇਸਾਂ ਦੀ ਗਿਣਤੀ ਦੇਸ਼ ਦੇ ਸਭ ਤੋਂ ਵੱਡੇ ਕਲੱਸਟਰ – ਪਿਛਲੇ ਸਾਲ ਦੇ ਆਕਲੈਂਡ ਅਗਸਤ ਕਲੱਸਟਰ ਦੇ ਲਾਗੇ ਹੋ ਰਹੀ ਹੈ, ਜਿਸ ਵਿੱਚ ਕੁੱਲ 179 ਮਾਮਲੇ ਸਾਹਮਣੇ ਆਏ ਸਨ। ਡਾ. ਬਲੂਮਫੀਲਡ ਨੇ ਕਿਹਾ ਕਿ ਹੁਣ ਤੱਕ 9,000 ਤੋਂ ਵੱਧ ਸੰਭਾਵਿਤ ਕਰੋਨਾ ਲੋਕਾਂ ਨਾਲ ਸੰਪਰਕ ਕੀਤਾ ਗਿਆ ਅਤੇ ਉਹ ਸੈੱਲਫ਼ ਆਈਸੋਲੇਸ਼ਨ ਵਿੱਚ ਹਨ। 900 ਫ਼ਰੰਟ ਲਾਈਨ ਸੰਪਰਕ-ਟ੍ਰੇਸ ਮਹਾਂਮਾਰੀ ਪ੍ਰਤੀਕ੍ਰਿਆ ’ਤੇ ਕੰਮ ਕਰ ਰਹੇ ਹਨ। ਕੱਲ੍ਹ ਰਿਕਾਰਡ 63,333 ਟੀਕੇ ਲਗਾਏ ਗਏ ਸਨ। ਬਲੂਮਫੀਲਡ ਨੇ ਕਿਹਾ ਕਿ ਵਧੇਰੇ ਲੋਕਾਂ ਲਈ ਆਪਣੀ ਪਹਿਲੀ ਕੋਵਿਡ -19 ਟੀਕੇ ਦੀ ਖ਼ੁਰਾਕ ਲੈਣਾ ਮਹੱਤਵਪੂਰਨ ਹੈ, ਹਰ ਕੋਈ 1 ਸਤੰਬਰ ਤੋਂ ਟੀਕੇ ਲਈ ਅਰਜ਼ੀ ਦੇ ਸਕਦਾ ਹੈ।
