ਸਰਕਾਰ ਖੇਡਾਂ ਦੀ ਬਿਹਤਰੀ ਲਈ ਗ੍ਰਾਸ ਰੂਟ ਤੇ ਖੇਡ ਨੀਤੀ ਦਾ ਕਰੇ ਗਠਨ
ਪੰਜਾਬ ਦੇ ਪ੍ਰਮੁੱਖ ਖੇਡ ਸਟੇਡੀਅਮ ਦੇ ਨਾਮ ਪਦਮਸ਼੍ਰੀ ਅਤੇ ਅਰਜੁਨਾ ਐਵਾਰਡੀ ਖਿਡਾਰੀਆਂ ਦੇ ਨਾਮ ਤੇ ਹੋਣ

ਜਗਰੂਪ ਸਿੰਘ ਜਰਖੜ
ਪੰਜਾਬ ਸਰਕਾਰ ਨੇ ਟੋਕੀਓ ਓਲੰਪਿਕ ਖੇਡਾਂ 2021 ਵਿੱਚ ਹਾਕੀ ਦੇ ਕਾਂਸੀ ਤਮਗਾ ਜੇਤੂ ਪੰਜਾਬ ਦੇ 11 ਖਿਡਾਰੀਆਂ ਦੇ ਨਾਮ ਤੇ ਉਨ੍ਹਾਂ ਦੇ ਪਿੰਡਾਂ ਦੇ ਸਕੂਲਾਂ ਨਾਮ ਤੇ ਰੱਖੇ ਹਨ । ਇਹ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਹੈ ਇਸ ਦੇ ਨਾਲ ਪੰਜਾਬ ਦੇ ਵਿੱਚ ਹਾਕੀ ਨੂੰ ਵੱਡੇ ਪੱਧਰ ਤੇ ਹੁਲਾਰਾ ਮਿਲੇਗਾ । ਹਾਕੀ ਪੰਜਾਬੀਆਂ ਦੇ ਖ਼ੂਨ ਦੇ ਵਿੱਚ ਰਚੀ ਹੋਈ ਖੇਡ ਹੈ, ਹਾਕੀ ਅਤੇ ਕਬੱਡੀ ਦੇ ਬਿਨਾਂ ਪੰਜਾਬੀਆਂ ਦਾ ਖੇਡਾਂ ਦੇ ਖੇਤਰ ਵਿਚ ਗੁਜ਼ਾਰਾ ਨਹੀਂ ਹੈ । ਪਰ ਜੇਕਰ ਪੰਜਾਬ ਸਰਕਾਰ ਰਾਜ ਦੇ ਵਿਚ ਖੇਡਾਂ ਦੇ ਪ੍ਰਤੀ ਵਾਕਿਆ ਹੀ ਗੰਭੀਰ ਹੈ ਤਾਂ ਸਰਕਾਰ ਨੂੰ ਹੋਰ ਕਾਫ਼ੀ ਕੁਝ ਕਰਨਾ ਪਵੇਗਾ ।ਸਿਰਫ਼ ਸਕੂਲਾਂ ਦੇ ਨਾਮ ਖਿਡਾਰੀਆਂ ਤੇ ਕਰਨ ਨਾਲ ਪੰਜਾਬ ਵਿੱਚ ਖੇਡਦਾ ਪ੍ਰਫੁੱਲਤ ਨਹੀਂ ਹੋਣਗੀਆਂ ,ਸਭ ਤੋਂ ਵੱਡੀ ਲੋੜ ਹੈ ਤੇ ਗਰਾਸ ਰੂਟ ਤੇ ਖ਼ਾਸ ਕਰਕੇ ਪ੍ਰਾਇਮਰੀ ਸਕੂਲ ਪੱਧਰ ਤੇ ਕੋਈ ਜਿਹੀ ਸਾਰਥਿਕ ਖੇਡ ਨੀਤੀ ਬਣੇ ਜਿਸ ਦੇ ਨਾਲ ਬੱਚੇ ਆਪਣੇ ਆਪ ਖੇਡਾਂ ਖੇਡਣ ਪ੍ਰਤੀ ਪ੍ਰੇਰਿਤ ਹੋਣ ,ਇਸ ਤੋਂ ਇਲਾਵਾ ਪਬਲਿਕ ਸਕੂਲਾਂ ਦੇ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯੋਜਨਾ ਅਤੇ ਜ਼ਰੂਰੀ ਹਦਾਇਤਾਂ ਲਾਗੂ ਕੀਤੀਆਂ ਜਾਣ ,ਸਾਰੇ ਸਕੂਲਾਂ ਦੇ ਵਿੱਚ ਇਕ ਘੰਟਾ ਖੇਡ ਗਤੀਵਿਧੀਆਂ ਜ਼ਰੂਰੀ ਹੋਣ, ਹਰ ਬੱਚੇ ਲਈ ਕੋਈ ਇੱਕ ਖੇਡ ਖੇਡਣਾ ਜ਼ਰੂਰੀ ਹੋਵੇ ।ਜਿਸ ਤਰ੍ਹਾਂ ਪੜ੍ਹਾਈ ਸਬੰਧੀ ਅਧਿਆਪਕ ਅਤੇ ਮਾਪਿਆਂ ਦੀ ਆਪਸੀ ਮੀਟਿੰਗ ਹੁੰਦੀ ਹੈ ਉਸੇ ਤਰ੍ਹਾਂ ਖੇਡਾਂ ਸਬੰਧੀ ਵੀ ਮਾਪਿਆਂ ਦੀ ਅਧਿਆਪਕਾਂ ਨਾਲ ਮਹੀਨਾਵਾਰ ਮੀਟਿੰਗ ਜ਼ਰੂਰੀ ਹੋਵੇ ।ਜਿਹੜੇ ਓਲੰਪੀਅਨ ਖਿਡਾਰੀਆਂ ਦੇ ਨਾਮ ਤੇ ਪਿੰਡਾਂ ਦੇ ਸਕੂਲ ਕੀਤੇ ਗਏ ਹਨ ਉਨ੍ਹਾਂ ਸਕੂਲਾਂ ਦੇ ਵਿੱਚ ਲਾਜ਼ਮੀ ਖੇਡ ਵਿੰਗ ਸਥਾਪਤ ਹੋਣ,ਇਸ ਤੋਂ ਇਲਾਵਾ ਸਕੂਲਾਂ ਦੇ ਜ਼ਿਲ੍ਹਾ ਪੱਧਰ ,ਸਟੇਟ ਅਤੇ ਕੌਮੀ ਪੱਧਰ ਦੇ ਜੇਤੂ ਖਿਡਾਰੀਆਂ ਲਈ ਵੱਡੇ ਪੱਧਰ ਤੇ ਇਨਾਮੀ ਰਾਸ਼ੀ ਅਤੇ ਹੋਰ ਐਵਾਰਡ ਜੇਤੂ ਖਿਡਾਰੀਆਂ ਨੂੰ ਦਿੱਤੇ ਜਾਣ ,ਚੰਗੇ ਕੋਚਾਂ ਲਈ ਜੇਤੂ ਮਾਣ ਸਤਿਕਾਰ ਅਤੇ ਐਵਾਰਡ ਦਿੱਤੇ ਜਾਣਾ ਬਹੁਤ ਜ਼ਰੂਰੀ ਹੈ । 15 ਅਗਸਤ 26 ਜਨਵਰੀ ਵਰਗੇ ਅਹਿਮ ਦਿਨਾਂ ਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦਾ ਸਨਮਾਨ ਜ਼ਰੂਰੀ ਹੋਵੇ । ਇਸ ਤੋਂ ਇਲਾਵਾ ਪੰਜਾਬ ਦੇ ਜੋ ਜ਼ਿਲ੍ਹਾ ਪੱਧਰ ਦੇ ਮੁੱਖ ਸਟੇਡੀਅਮ ਹਨ ਉਨ੍ਹਾਂ ਦਾ ਨਾਮ ਪਦਮਸ਼੍ਰੀ ਖਿਡਾਰੀਆਂ ਦੇ ਨਾਮ ਤੇ ਅਤੇ ਹੋਰ ਪ੍ਰਮੁੱਖ ਸਟੇਡੀਅਮ ਸਬ ਡਿਵੀਜ਼ਨ ਪੱਧਰ ਤੇ ਹਨ ਉਨ੍ਹਾਂ ਦਾ ਨਾਮ ਵੀ ਦਰੋਣਾਚਾਰੀਆ ਐਵਾਰਡੀ ਕੋਚ ਅਤੇ ਅਰਜਨ ਐਵਾਰਡੀ ਖਿਡਾਰੀਆਂ ਦੇ ਨਾਮ ਤੇ ਰੱਖੇ ਜਾਣ, ਇਸ ਦੇ ਨਾਲ ਆਉਣ ਵਾਲੀ ਪੀੜ੍ਹੀ ਇੱਕ ਚੰਗਾ ਖਿਡਾਰੀ ਬਣਨ ਲਈ ਪ੍ਰੇਰਿਤ ਹੋਵੇਗੀ । ਸਕੂਲਾਂ ਵਾਲੀ ਖੇਡ ਨੀਤੀ ਨੂੰ ਹੀ ਅੱਗੇ ਕਾਲਜ ਪੱਧਰ ਦੀਆਂ ਖੇਡਾਂ ਉੱਤੇ ਲਾਗੂ ਕੀਤਾ ਜਾਵੇ । ਕੁੜੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਇਕ ਵੱਖਰੀ ਯੋਜਨਾ ਹੋਵੇ, ਸਾਰੇ ਪੰਜਾਬ ਪੱਧਰ ,ਅੰਤਰ ਯੂਨੀਵਰਸਿਟੀ ਅਤੇ ਕੌਮੀ ਪੱਧਰ ਦੇ ਜੇਤੂ ਖਿਡਾਰੀਆਂ ਲਈ ਨੌਕਰੀਆਂ ਦੀ ਯੋਜਨਾ ਤਿਆਰ ਕੀਤੀ ਜਾਵੇ। ਓਲੰਪੀਅਨ ਪੱਧਰ ਏਸ਼ੀਅਨ ਖੇਡਾਂ ਜਾਂ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਖੇਡ ਅਫਸਰ ਜਾਂ ਹੋਰ ਖੇਡ ਵਿਭਾਗ ਦੀਆਂ ਉੱਚੀਆਂ ਪੋਸਟਾਂ ਉੱਤੇ ਨਿਯੁਕਤ ਕੀਤਾ ਜਾਵੇ ।ਪੰਜਾਬ ਸਰਕਾਰ ਖੇਡਾਂ ਪ੍ਰਤੀ ਇਕ ਲੰਬੀ ਸਾਰਥਿਕ ਯੋਜਨਾ ਬਣਾਵੇ ਜਿਸ ਦਾ ਮੁੱਖ ਮਕਸਦ ਸਿਰਫ ਓਲੰਪਿਕ ਖੇਡਾਂ ਜਾਂ ਹੋਰ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟਾਂ ਵਿਚ ਤਮਗੇ ਜਿੱਤਣਾ ਅਤੇ ਖੇਡ ਸੱਭਿਆਚਾਰ ਨੂੰ ਪ੍ਰਫੁੱਲਤ ਕਰਨਾ ਹੀ ਹੋਵੇ। ਇਸ ਯੋਜਨਾ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਰਾਜਸੀ ਦਖ਼ਲ ਨਾ ਹੋਵੇ ,ਨਾ ਹੀ ਕਿਸੇ ਸਰਕਾਰ ਦੀ ਅਦਲਾ ਬਦਲੀ ਨਾਲ ਖੇਡ ਨੀਤੀ ਵਿੱਚ ਕੋਈ ਤਬਦੀਲੀ ਹੋਵੇ । ਓਲੰਪਿਕ ਖੇਡਾਂ ਵਿਚ ਜਾਂ ਏਸ਼ੀਅਨ ਖੇਡਾਂ ਵਿੱਚ ਤਮਗਾ ਜੇਤੂਆਂ ਨੂੰ ਵੱਡੀ ਇਨਾਮੀ ਰਾਸ਼ੀ ਦੇਣ ਦੀ ਬਜਾਏ ਗਰਾਸ ਰੂਟ ਪੱਧਰ ਤੇ ਪੈਸਾ ਵੱਡੇ ਪੱਧਰ ਤੇ ਖਰਚਿਆ ਜਾਵੇ । ਜੇਤੂ ਖਿਡਾਰੀਆਂ ਨੂੰ ਸਰਕਾਰੀ ਪੱਧਰ ਦੇ ਸਮਾਗਮਾਂ ਵਿੱਚ ਸਟੇਟ ਹੀਰੋ ਜਾਂ ਕੌਮੀ ਪੱਧਰ ਦੇ ਹੀਰੋ ਵਜੋਂ ਸਨਮਾਨ ਦਿੱਤਾ ਜਾਵੇ । ਜੇਕਰ ਪੰਜਾਬ ਸਰਕਾਰ ਅਜਿਹੀ ਕੋਈ ਉਸਾਰੂ ਖੇਡ ਨੀਤੀ ਜਾਂ ਯੋਜਨਾ ਬਣਾ ਦਿੰਦੀ ਹੈ ਤਾਂ ਫਿਰ ਥੋੜ੍ਹੇ ਜਿਹੇ ਵਕਤ ਚ ਤਾਂ ਪੰਜਾਬ, ਕੀ ਹਰਿਆਣਾ, ਕੀ ਚੀਨ, ਕੀ ਅਮਰੀਕਾ ਨਾਲੋਂ ਖੇਡਾਂ ਦੇ ਖੇਤਰ ਵਿੱਚ ਕੋਹਾਂ ਅੱਗੇ ਹੋਵੇਗਾ । ਪੰਜਾਬ ਦੀ ਆਲਮੀ ਖੇਡ ਜਗਤ ਵਿੱਚ ਇੱਕ ਵਿਲੱਖਣ ਪਹਿਚਾਣ ਹੋਵੇਗੀ , ਅਤੇ ਪੰਜਾਬ ਆਪਣੇ ਆਪ ਨਸ਼ਾ ਮੁਕਤ ਸੂਬਾ ਬਣ ਜਾਵੇਗਾ । ਰੱਬ ਕਰੇ ਸਾਡੇ ਸਰਕਾਰੀ ਆਕਾ ਅਤੇ ਰਾਜਸੀ ਆਗੂਆਂ ਨੂੰ ਨੂੰ ਅਜਿਹੀ ਸਮੱਤ ਆਵੇ ਜਿਸ ਦੇ ਨਾਲ ਪੰਜਾਬ ਦੇ ਖੇਡਾਂ ਦੇ ਖੇਤਰ ਵਿੱਚ ਮੁੜ ਸਰਦਾਰੀ ਕਾਇਮ ਹੋ ਸਕੇ। ਰੱਬ ਰਾਖਾ !