4.6 C
United Kingdom
Sunday, April 20, 2025

More

    ਕਪਤਾਨੀ ਮੁਆਫੀ: ਮਜਦੂਰਾਂ ਲਈ ‘ਜਾਂਦੇ ਚੋਰ ਦੀ ਲੰਗੋਟੀ ਹੀ ਸਹੀ’

    ਬਠਿੰਡਾ (ਅਸ਼ੋਕ ਵਰਮਾ) ਕੈਪਟਨ ਸਰਕਾਰ ਵੱਲੋਂ ਹਾਲ ਹੀ ਵਿੱਚ ਖੇਤ ਮਜ਼ਦੂਰਾਂ ਅਤੇ ਬੇਜਮੀਨੇ ਕਿਸਾਨਾਂ ਨੂੰ ਕਰਜਿਆਂ ’ਚ ਦਿੱਤੀ ਰਾਹਤ ਨੂੰ ਇੰਨ੍ਹਾਂ ਵਰਗਾਂ ਵੱਲੋਂ ‘ਜਾਂਦੇ ਚੋਰ ਦੀ ਲੰਗੋਟੀ ਹੀ ਸਹੀ ’ ਤੋਂ ਵੱਧ ਕੁੱਝ ਨਹੀਂ ਮੰਨਿਆ ਜਾ ਰਿਹਾ ਹੈ। ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਐਲਾਨ ਨੂੰ ਵੱਡੀ ਪ੍ਰਾਪਤੀ ਦੇ ਤੌਰ ਤੇ ਪ੍ਰਚਾਰਿਆ ਰਿਹਾ ਹੈ ਪ੍ਰੰਤੂ ਅਜਿਹੇ ਕਰਜੇ ਮੁਕੰਮਲ ਰੂਪ ’ਚ ਮੁਆਫ ਕਰਵਾਉਣ ਲਈ ਲੜਾਈ ਲੜਨ ਵਾਲੀਆਂ ਮਜਦੂਰ ਧਿਰਾਂ ਨੇ ਇਸ ਨੂੰ ਨਿਗੂਣੀ ਰਾਹਤ ਦੱਸਦਿਆਂ ਵਾਅਦੇ ਮੁਤਾਬਕ ਸਮੁੱਚੇ ਕਰਜਿਆਂ ਤੇ ਲਕੀਰ ਮਾਰਨ ਦੀ ਮੰਗ ਕੀਤੀ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਮੁਤਾਬਕ  ਜੇਕਰ ਇਹ ਰਾਸ਼ੀ ਵੀ ਗੰਭੀਰਤਾ ਅਤੇ ਇਮਾਨਦਾਰੀ ਨਾਲ ਵੰਡਦੀ ਹੈ ਤਾਂ ਇੱਕ ਪ੍ਰਵਾਰ ਦੇ ਹਿੱਸੇ ਮਸਾਂ 20 ਕੁ ਹਜ਼ਾਰ ਰੁਪਿਆ ਆਵੇਗਾ ਜਦੋਂ ਕਿ ਕਰਜਾ ਰਾਸ਼ੀ ਕਿਤੇ ਜਿਆਦਾ ਹੈ। ਪੰਜਾਬ ਖੇਤ ਮਜਦੂਰ ਯੂਨੀਅਨ ਵੱਲੋਂ ਇੰਨ੍ਹਾਂ ਕਰਜਿਆਂ ਸਬੰਧੀ ਕੀਤੇ  ਸਰਵੇਖਣ ਦੀ  ਰਿਪੋਰਟ ਮੁਤਾਬਕ ਪ੍ਰਤੀ ਪਰਿਵਾਰ 91,427 ਰੁਪਏ ਬਣਦਾ ਹੈ। ਇਸ ’ਚੋਂ ਸਰਕਾਰੀ ਸੰਸਥਾਵਾਂ ਦਾ ਕਰਜਾ ਨਿਗੂਣਾ ਹੈ  ਜਦੋਂ ਕਿ ਵੱਡਾ ਹਿੱਸਾ ਪ੍ਰਾਈਵੇਟ ਸੰਸਥਾਵਾਂ ਤੇ ਸੂਦਖੋਰਾਂ ਦਾ ਹੈ। ਰਿਪੋਰਟ ’ਚ ਦੱਸਿਆ ਹੈ ਕਿ ਸਭ ਤੋਂ ਵੱਡੀ ਰਾਸ਼ੀ ਮਾਈਕਰੋਫਾਇਨਾਂਸ ਕੰਪਨੀਆਂ ਤੇ ਸੂਦਖੋਰਾਂ ਦੀ ਹੈ ।  ਇਹ ਰਿਪੋਰਟ ਦੋ ਸਾਲ ਪੁਰਾਣੀ ਹੈ ਅਤੇ ਇਸ ਦੌਰਾਨ ਕੋਵਿਡ ਸੰਕਟ ਕਾਰਨ ਪਈ ਧੰਦਿਆਂ ਨੂੰ ਮਾਰ ਨੇ ਕਰਜੇ ਦਾ ਬੋਝ ਵਧਾਇਆ ਹੈ। ਇਸ ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਇਹ ਮਜਦੂਰ ਜਾਂ ਬੇਜ਼ਮੀਨੇ ਪ੍ਰੀਵਾਰ ਆਪਣਾ ਪਿਤਾ ਪੁਰਖੀ ਕਰਜਾ ਲਾਹੁਣ ’ਚ ਵੀ ਅਸਮਰੱਥ ਹਨ। ਇਸ ਦਾ ਸਿੱਟਾ ਦਿਨੋ ਦਿਨ ਜੀਵਨ ਹਾਲਾਤਾਂ ’ਚ ਹੋਰ ਵੀ ਨਿਘਾਰ ਆਉਣ ਦੇ ਰੂਪ ’ਚ ਨਿੱਕਲ ਰਿਹਾ ਹੈ। ਕਈ ਪ੍ਰੀਵਾਰ ਤਾਂ ਅਜਿਹੇ ਵੀ ਹਨ ਜਿੰਨ੍ਹਾਂ ਨੂੰ ਅੱਤ ਦੀ ਗਰੀਬੀ ਕਾਰਨ ਆਪਣੇ ਬੱਚਿਆਂ ਲਈ ਦੋ ਡੰਗ ਦੀ ਰੋਟੀ ਕਮਾ ਕੇ ਲਿਆਉਣੀ ਵੀ ਦੁੱਭਰ ਹੋਈ ਪਈ ਹੈ । ਅਜਿਹੇ  ਮਜਦੂਰ ਪ੍ਰੀਵਾਰਾਂ ਦੀ ਕਹਾਣੀ ਦੁੱਖਾਂ ਨਾਲ ਹੀ ਸ਼ੁਰੂ ਤੇ ਦੁੱਖਾਂ ਨਾਲ ਹੀ ਖਤਮ ਹੋ ਰਹੀ ਹੈ। ਸੰਗਰੂਰ ਜਿਲ੍ਹੇ ਦੇ ਮਜਦੂਰ ਮਿੱਠੂ ਸਿੰਘ ਨੇ ਕਰੀਬ ਢਾਈ ਦਹਾਕੇ ਪਹਿਲਾਂ ਧੀਆਂ ਨੂੰ  ਬੂਹੇ ਤੋਂ ਉਠਾਉਣ ਲਈ 50 ਹਜਾਰ ਦਾ ਕਰਜ ਲਿਆ ਜਿਸਦਾ ਵਿਆਜ ਭਰਦਿਆਂ ਉਹ ਖੁਦ ਅੰਤਮ ਦੌਰ ’ਚ ਪੁੱਜ ਗਿਆ ਪਰ ਹਾਲੇ ਵੀ ਡੇਢ ਲੱਖ ਰੁਪਿਆ ਖਲੋਤਾ ਹੈ। ਮਿੱਠੂ ਸਿੰਘ ਆਖਦਾ ਹੈ ਕਿ ਕੈਪਟਨ ਵਾਅਦੇ ਮੁਤਾਬਕ ਕਰਜਾ ਮੁਆਫ ਕਰਨ ਤਾਂ ਬਾਕੀ ਚਾਰ ਦਿਨ ਸੌਖੇ ਲੰਘ ਜਾਣਗੇ। ਪਤੀ ਪਤਨੀ ਦੋਵੇਂ ਦਹਾੜੀ  ਕਰਦੇ ਹਨ ਤਾਂ ਚੁੱਲ੍ਹਾ ਬਲਦਾ ਹੈ।  ਮਜ਼ਦੂਰ ਜਗਤਾਰ ਸਿੰਘ ਕੋਲ ਕੋਈ ਪੱਕਾ ਰੁਜ਼ਗਾਰ ਨਹੀਂ ਅਤੇ ਖਰਾਬ ਹੋਈ ਇੱਕ ਅੱਖ ਕਾਰਨ ਦੂਸਰੀ ਤੋਂ ਘੱਟ ਦਿਖਾਈ ਦੇਣ ਲੱਗਿਆ। ਪਤਨੀ ਦੇ ਇਲਾਜ ਲਈ 50 ਹਜਾਰ ਰੁਪਏ ਫੜ੍ਹੇ ਸਨ ਜੋ ਵਿਆਜ ਭਰਨ ਤੋਂ ਬਾਅਦ ਵੀ ਲੱਖ ਤੋਂ ਜਿਆਦਾ ਖਲੋਤੇ ਹਨ ਜੋ ਉਸ ਨੂੰ ਚੈਨ ਨਾਲ ਸੌਣ ਨਹੀਂ ਦਿੰਦੇ ਹਨ। ਕਰਜਿਆਂ ਦੇ ਬਾਵਜੂਦ ਘਰਵਾਲੀ ਨੂੰ ਬਚਾ ਨਾਂ ਸਕਣ ਦੇ ਮਲਾਲ ਅਤੇ ਕਮਜੋਰੀ ਕਾਰਨ ਮਜਦੂਰੀ ਕਰਨ ਤੋਂ ਅਸਮਰੱਥ ਜਗਤਾਰ ਸਿੰਘ ਆਖਦਾ ਹੈ ਕਿ ਪੰਜਾਬ ਸਰਕਾਰ ਬਾਂਹ ਫੜ੍ਹੇ। ਸ੍ਰੀ ਮੁਕਤਸਰ ਸਹਿਬ ਜਿਲ੍ਹੇ ਦੇ ਮਜਦੂਰ ਕਾਲਾ ਸਿੰਘ ਦੇ ਪਿਤਾ ਨੂੰ  ਲੱਗੀ ਕੈਂਸਰ ਦੀ ਨਾਮੁਰਾਦ ਬੀਮਾਰੀ ਨੇ ਆਰਥਿਕ ਪੱਖੋਂ ਬੁਰੀ ਤਰਾਂ ਤੋੜ ਕੇ ਰੱਖ ਦਿੱਤਾ।  ਇਸ ਦੌਰਾਨ ਕਰਜੇ ਦੀ ਅਜਿਹੀ ਪੰਡ ਚੜ੍ਹੀ ਜਿਸ ਨੂੰ ਉਤਾਰਨ ਲਈ ਲੱਖ ਪਾਪੜ ਵੇਲਣ ਦੇ ਬਾਵਜੂਦ ਕਾਲਾ ਸਿੰਘ ਦੀ ਜਿੰਦਗੀ ਵੀ ‘ਕਾਲਾ’ ਅਧਿਆਏ ਹੀ ਬਣਕੇ ਰਹਿ ਗਈ ਹੈ । ਇਹ ਅਜਿਹਾ ਪਿੰਡ ਹੈ ਜਿੱਥੋਂ ਦੇ ਕਾਫੀ ਮਜਦੂਰਾਂ ਦੀ ਇਹੋ ਕਹਾਣੀ ਹੈ ਜਿੰਨ੍ਹਾਂ ਦੇ ਹੱਥਾਂ ਦੀਆਂ ਲੀਕਰਾਂ ਧੰਦ ਪਿਟਦਿਆਂ ਘਸ ਗਈਆਂ ਪਰ ਕਰਜਾ ਹਾਲੇ ਵੀ ਖਲੋਤਾ ਹੈ। ਮਜਦੂਰ ਆਖਦੇ ਹਨ ਕਿ  ਕਰਜੇ ਨੇ ਉਨ੍ਹਾਂ ਲਈ ਸਮਾਜਿਕ ਅਤੇ ਆਰਥਿਕ ਦੋਵੇਂ ਸੰਕਟ ਪੈਦਾ ਕੀਤੇ ਹਨ ਜਿੰਨ੍ਹਾਂ ਨਾਲ ਨਜਿੱਠਣ ’ਚ ਫੇਲ੍ਹ ਰਹਿਣ ਤੇ ਮਜਦੂਰ ਖੁਦਕਸ਼ੀ ਦਾ ਰਾਹ ਫੜ੍ਹ ਰਹੇ ਹਨ।

    ਕਰਜੇ ਤੇ ਲਕੀਰ ਮਾਰੇ ਸਰਕਾਰ-ਸੇਵੇਵਾਲਾ
    ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਰਨਲ  ਸਕੱਤਰ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਵੱਲੋਂ ਐਲਾਨੀ ਕਾਰਜਾ ਰਾਹਤ ਪੂਰੀ ਤਰਾਂ ਨਿਗੂਣੀ ਅਤੇ ਜੱਥੇਬੰਦਕ ਦਬਾਅ ਦਾ ਸਿੱਟਾ ਹੈ। ਉਨ੍ਹਾਂ ਆਖਿਆ ਕਿ ਸਮੁੱਚੇ ਅਰਥਚਾਰੇ ਦੇ ਸੰਕਟ ਦਾ ਮਜਦੂਰਾਂ ਤੇ ਵੀ ਮਾੜਾ ਅਸਰ ਪਿਆ ਹੈ । ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੇ ਵੱਡੇ ਹਿੱਸੇ ਦੀ ੋ ਹੋਣੀ ਹੈ ਕਿ ਉਨ੍ਹਾਂ ਨੂੰ ਕਰਜਾ ਮੋੜਨ ਤੋਂ ਅਸਮਰੱਥ ਹਨ। ਸ੍ਰੀ ਸੇਵੇਵਾਲਾ ਨੇ  ਆਪਣੇ ਵਾਅਦੇ ਮੁਤਾਬਕ ਮਜਦੂਰ ਪ੍ਰੀਵਾਰਾਂ ਦਾ ਸਮੁੱਚਾ ਕਰਜਾ ਮੁਆਫ ਕਰਨ ਦੀ ਮੰਗ ਕੀਤੀ।

    ਕਰਜੇ ਨੇ ਬੇਨੂਰ ਕੀਤੀ ਮਜਦੂਰਾਂ ਦੀ ਜਿੰਦਗੀ
    ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਭਗਵੰਤ ਸ਼ਮਾਓਂ ਦਾ ਕਹਿਣਾ ਸੀ ਕਿ  ਕਰਜਿਆਂ ਕਾਰਨ ਮਜਦੂਰਾਂ ਦੀ ਜਿੰਦਗੀ ਬੇਨੂਰ ਹੋ ਗਈ ਹੈ। ਖਾਸ ਤੌਰ ਤੇ ਮਾਈਕਰੋਫਾਇਨਾਂਸ ਕੰਪਨੀਆਂ ਦਾ ਕਰਜਾ ਤਾਂ ਜੀਅ ਦਾ ਜੰਜਾਲ ਬਣ ਗਿਆ ਹੈ ਜਿਸ ਕਾਰਨ  ਮਜਦੂਰ ਔਰਤਾਂ ਨੂੰ ਜਲਾਲਤ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਕਰਜੇ ਨੂੰ ਲਾਹੁਣ ਲਈ ਕਰਜਾ ਲੈਣਾ ਪੈ ਰਿਹਾ ਹੈ ਜਿਸ ਨੇ ਮਜਦੂਰ ਤੰਦੂਆ ਜਾਲ ’ਚ ਜਕੜ ਦਿੱਤੇ ਹਨ। ਉਨ੍ਹਾਂ ਸਰਕਾਰ ਤੋਂ ਸਮੁੱਚੇ ਕਰਜਿਆਂ ਤੇ ਲਕੀਰ ਮਾਰਕੇ ਮਜਦੂਰ ਪ੍ਰੀਵਾਰ ਸੁਰਖਰੂ ਕਰਨ ਦੀ ਮੰਗ ਕੀਤੀ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!