11.3 C
United Kingdom
Monday, April 28, 2025
More

    ਐੱਨ.ਪੀ.ਐੱਸ ਕਰਮਚਾਰੀਆਂ ਨੇ ‘ਪੀ ਐੱਫ ਆਰ ਡੀ ਏ’ ਐਕਟ ਦੀਆਂ ਕਾਪੀਆਂ ਫੂਕੀਆਂ

    ਐੱਨ.ਪੀ.ਐੱਸ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਮੰਗ 

    29 ਅਗਸਤ ਨੂੰ ਲੁਧਿਆਣੇ ਹੋਵੇਗੀ ਵੰਗਾਰ ਰੈਲੀ 

    ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਅੱਜ ਭਵਾਨੀਗੜ੍ਹ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸਮੂਹ ਸਰਕਾਰੀ ਵਿਭਾਗਾਂ ਦੇ ਐੱਨਪੀਐੱਸ ਪੀੜਤ ਮੁਲਾਜ਼ਮਾਂ ਵੱਲੋਂ ਪੈਨਸ਼ਨ ਫੰਡ ਰੈਗੂਲੇਟਰੀ ਐੰਡ ਡਿਵੈਲਪਮੈਂਟ ਅਥਾਰਟੀ ਐਕਟ (ਪੀਐੱਫਆਰਡੀਏ) ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਸਖ਼ਤ ਰੋਸ਼ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਬੋਲਦਿਆਂ ਆਗੂਆਂ ਰਘਵੀਰ ਸਿੰਘ ਭਵਾਨੀਗੜ੍ਹ, ਗੁਰਲਾਭ ਸਿੰਘ ਆਲੋਅਰਖ, ਕੰਵਲਜੀਤ ਸਿੰਘ, ਰਾਜੇਸ਼ ਦਾਨੀ, ਗੁਰਪ੍ਰੀਤ ਸਿੰਘ ਅਤੇ ਪ੍ਰੇਮ ਕੁਮਾਰ ਨੇ ਕਿਹਾ ਕਿ ਸਰਕਾਰ ਹਰ ਪਾਸੇ ਲੋਕ ਵਿਰੋਧੀ ਕਾਲੇ ਕਾਨੂੰਨ ਲੈ ਕੇ ਆ ਰਹੀ ਹੈ। ਇੱਕ ਪਾਸੇ ਕਿਸਾਨ ਤਿੰਨ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਇਤਿਹਾਸਕ ਲੜਾਈ ਲੜ ਰਹੇ ਹਨ, ਦੂਜੇ ਪਾਸੇ ਸਮੂਹ ਐੱਨ ਪੀ ਐੱਸ ਮੁਲਾਜ਼ਮ ‘ਪੀਐਫਆਰਡੀਏ’ ਐਕਟ ਦੇ ਕਾਲੇ ਕਾਨੂੰਨ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ। ਆਗੂਆਂ ਪ੍ਰੇਮ ਕੁਮਾਰ, ਮਨੀਸ਼ ਕੁਮਾਰ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਪ੍ਰਾਣ ਨਾਥ ਨੇ ਕਿਹਾ ਕਿ ਅੱਜ ਪੰਜਾਬ ਭਰ ਵਿੱਚ ”ਪੀ.ਐਫ.ਆਰ.ਡੀ.ਏ” ਦੇ 2003 ਦੇ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਐੱਨ.ਪੀ.ਐੱਸ ਪੀੜਤ ਮੁਲਾਜ਼ਮ ਰੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਦੇ ਹੀ ਦਿਨ 23 ਅਗਸਤ 2013 ਨੂੰ ਜੋ ਕਾਲਾ ਕਾਨੂੰਨ ‘ਪੀਐੱਫਆਰਡੀਏ’ ਐਕਟ ਲਾਗੂ ਕੀਤਾ ਗਿਆ ਸੀ, ਜਿਸਨੇ 1 ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮ ਵਰਗ ਤੋਂ ਪੁਰਾਣੀ ਪੈਨਸ਼ਨ ਖੋਹ ਕੇ ਬਹੁਤ ਵੱਡੀ ਢਾਹ ਲਾਈ ਸੀ। ਇਸ ਲਈ ਅੱਜ 23 ਅਗਸਤ ਦੇ ਹੀ ਦਿਨ ਪੰਜਾਬ ਭਰ ਵਿੱਚ ਸਮੂਹ ਐੱਨ ਪੀ ਐੱਸ ਮੁਲਾਜ਼ਮਾਂ ਨੇ ਇਸ ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਹਨ।‌ ਉਨ੍ਹਾਂ ਪੰਜਾਬ ਸਰਕਾਰ ਤੋਂ ਐੱਨ.ਪੀ.ਐੱਸ ਤੁਰੰਤ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕੀਤੀ| ਆਗੂਆਂ ਇੰਦਰਪਾਲ ਸਿੰਘ, ਜਤਿੰਦਰ ਸੱਗੂ, ਰਾਜਿੰਦਰ ਸਿੰਘ, ਬਲਕਾਰ ਸਿੰਘ, ਗਗਨ ਦਾਸ, ਸਵਰਣ ਸਿੰਘ, ਅਮਨ ਵਿਸ਼ਿਸ਼ਟ, ਸ੍ਰੀ ਗੋਪਾਲ ਕ੍ਰਿਸਨ, ਮਨਦੀਪ ਕੁਮਾਰ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੈਨਸ਼ਨ ਸੁਧਾਰ ਦੇ ਨਾਂ ਤੇ ਸਮਾਜਿਕ ਸੁਰੱਖਿਆ ਖੋਹ ਲਈ ਹੈ ਤੇ ਸ਼ੇਅਰ ਬਜਾਰ ਅਧਾਰਿਤ ਪੈਨਸ਼ਨ ਦੇ ਭਰੋਸੇ ਛੱਡ ਦਿੱਤਾ ਹੈ, ਜਿੱਥੇ ਨਿਗੁਣੀ ਤੇ ਨਾਮਾਤਰ ਪੈਨਸ਼ਨ ਕਰਮਚਾਰੀ ਸੇਵਾਮੁਕਤੀ ਤੋਂ ਬਾਅਦ ਪ੍ਰਾਪਤ ਕਰ ਰਹੇ ਹਨ। ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਜੋ ਜਵਾਲਾਮੁਖੀ ਦਾ ਰੂਪ ਸੂਬਾ ਪੱਧਰੀ ਲੁਧਿਆਣਾ ਰੈਲੀ ਵਿਚ ਧਾਰਨ ਕਰੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਪੁਰਾਣੀ ਪੈਨਸ਼ਨ ਬਹਾਲ ਨਾ ਕੀਤੀ ਤਾਂ 29 ਅਗਸਤ ਨੂੰ ਲੁਧਿਆਣਾ ਵਿਖੇ ਹੋਣ ਜਾ ਰਹੀ ‘ਵੰਗਾਰ ਰੈਲੀ’ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ। ਇਸ ਮੌਕੇ ਇੰਦਰਪਾਲ ਸਿੰਘ, ਜਤਿੰਦਰ ਸੱਗੂ, ਰਾਜਿੰਦਰ ਸਿੰਘ, ਬਲਕਾਰ ਸਿੰਘ, ਪ੍ਰੇਮ ਕੁਮਾਰ, ਮਨੀਸ਼ ਕੁਮਾਰ, ਹਰਪ੍ਰੀਤ ਸਿੰਘ, ਬਲਦੇਵ ਸਿੰਘ, ਪ੍ਰਾਣ ਨਾਥ, ਗਗਨ ਦਾਸ, ਸਵਰਣ ਸਿੰਘ, ਅਮਨ ਵਿਸ਼ਿਸ਼ਟ, ਸ੍ਰੀ ਗੋਪਾਲ ਕ੍ਰਿਸਨ, ਮਨਦੀਪ ਕੁਮਾਰ ਆਦਿ ਹਾਜਰ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!
    07:52