8.9 C
United Kingdom
Saturday, April 19, 2025

More

    ਨਵੇਂ ਸਾਹਿਬ ਅੱਗੇ ਨਸ਼ੇ ਰੋਕਣ ਅਤੇ ਅਪਰਾਧੀਆਂ ਨੂੰ ਦਬੋਚਣ ਦੀ ਚੁਣੌਤੀ

    ਸ੍ਰੀ ਮੁਕਤਸਰ ਸਾਹਿਬ (ਅਸ਼ੋਕ ਵਰਮਾ) ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ’ਚ ਨਵੇਂ ਨਿਯੁਕਤ ਹੋਏ ਸੀਨੀਅਰ ਪੁਲਿਸ ਕਪਤਾਨ ਚਰਨਜੀਤ ਸਿੰਘ ਸੋਹਲ ਅੱਗੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੀ ਚੁਣੌਤੀ ਹੋਵੇਗੀ ਜਿੰਨ੍ਹਾਂ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ।  ਇਸ ਦੇ ਨਾਲ ਹੀ ਜਿਲ੍ਹੇ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ’ਚ ਰੱਖਣਾ ਅਤੇ ਅਪਰਾਧੀਆਂ ਤੇ ਚੋਰ ਲੁਟੇਰਿਆਂ ਦੀ ਲਗਾਮ ਕਸਣ ਵਰਗੇ ਮਸਲੇ ਵੀ ਬਰਕਰਾਰ ਹਨ। ਹਰਿਆਣਾ ਅਤੇ ਰਾਜਸਥਾਨ ਨਾਲ ਮੁਕਤਸਰ ਜਿਲ੍ਹੇ ਦੀ ਸੀਮਾ ਲਗਦੀ ਹੋਣ ਕਰਕੇ ਗੁਆਂਢੀ ਰਾਜਾਂ ਤੋਂ ਨਸ਼ਿਆਂ ਦੀ ਤਸਕਰੀ ਦਾ ਖਤਰਾ ਬਣਿਆ ਰਹਿੰਦਾ ਹੈ। ਖਾਸ ਤੌਰ ਤੇ ਕੌਮਾਂਤਰੀ ਪੱਧਰ ਤੇ ਬਣੀਆਂ ਪ੍ਰਸਥਿਤੀਆਂ , ਅਫਗਾਨਿਸਤਾਨ ’ਚ ਰਾਜ ਪਲਟੇ ਉਪਰੰੰਤ ਪਾਕਿਸਤਾਨ ਦੀ ਸਰਹੱਦ ਗੁਆਂਢੀ ਜਿਲ੍ਹੇ ਫਾਜ਼ਿਲਕਾ ਦੇ ਬਿਲਕੁਲ ਨਾਲ ਖਹਿੰਦੀ ਹੋਣ ਕਾਰਨ ਪੁਲਿਸ ਨੂੰ ਆਮ ਹਾਲਤਾਂ ਨਾਲੋਂ ਵਧੇਰੇ ਚੌਕਸ ਰੱਖਣ ਦੀ ਜਿੰਮੇਵਾਰੀ ਵੀ ਨਵੇਂ ਐਸ ਐਸ ਪੀ ਤੇ ਹੋਵੇਗੀ। ਆਉਣ ਵਾਲੇ ਦਿਨਾਂ ਦੌਰਾਨ ਜਦੋਂ ਵਿਧਾਨ ਸਭਾ ਚੋਣਾਂ ਲਈ ਮਹੌਲ ਭਖਣ ਵਾਲਾ ਹੈ ਤਾਂ ਸਿਆਸੀ ਲੋਕਾਂ ਦੀ ਸਰੱਖਿਆ ਵਰਗੇ ਮਸਲੇ ਵੀ ਨਜਿੱਠਣੇ ਪੈਣਗੇ ਅਤੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਧਿਰਾਂ ਦੇ ਸਬੰਧ ’ਚ ਵੀ ਅਜਿਹਾ ਪੈਂਤੜਾ ਅਖਤਿਆਰ ਕਰਨਾ ਪਵੇਗਾ ਪਵੇਗਾ ਤਾਂ ਜੋ ਸਮੱਸਿਆਵਾਂ  ਪੂਰੀ ਤਰਾਂ ਖਤਮ ਨਹੀਂ ਤਾਂ ਘੱਟ ਜਰੂਰ ਕੀਤੀਆਂ ਜਾ ਸਕਣ। ਇਸ ਨੌਜਵਾਨ ਪੁਲਿਸ ਅਧਿਕਾਰੀ ਨੂੰ ਸੱਤਾਧਾਰੀ ਕਾਂਗਰਸ , ਵਿਰੋਧੀ ਧਿਰ ਆਮ ਆਦਮੀ ਪਾਰਟੀ , ਅਕਾਲੀ ਦਲ ਬਸਪਾ ਗਠਜੋੜ ਅਤੇ ਵੱਡੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਨਾਲ ਵੀ ਤਾਲਮੇਲ ਬਿਠਾਉਣਾ ਪਵੇਗਾ। ਆਪਣਾ ਅਹੁਦਾ ਛੱਡ ਕੇ ਗਈ ਮਹਿਲਾ ਪੁਲਿਸ ਅਧਿਕਾਰੀ ਸ਼੍ਰੀਮਤੀ ਡੀ ਸੁਡਰਵਿਜ਼ੀ ਦੇ ਕਾਰਜਕਾਲ ਦੌਰਾਨ ਕੋਈ ਵੱਡੀ ਸਿਆਸੀ ਅੜਿੱਕੇਬਾਜੀ ਸਾਹਮਣੇ ਨਹੀਂ ਆਈ ਫਿਰ ਵੀ ਹਰ ਕਦਮ ਫੂਕ ਫੂਕ ਰੱਖਣਾ ਹੋਵੇਗਾ। ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਵੱਖ ਵੱਖ ਸਿਆਸੀ ਧਿਰਾਂ ਦੇ ਕੁੱਦਣ ਕਾਰਨ ਗਰਮ ਹੋਣ ਵਾਲੇ ਮੈਦਾਨ ਨੂੰ ਠੰਢਾ ਰੱਖਣਾ ਵੀ ਮੁਕਤਸਰ  ਪੁਲਿਸ ਦੇ ਹਿੱਸੇ ਆਵੇਗਾ। ਆਮ ਲੋਕਾਂ ਦੀਆਂ ਆਸਾਂ ਤੇ ਖਰਾ ਉਤਰਨ ਲਈ ਝਪਟਮਾਰਾਂ, ਚੋਰੀਆਂ ਚਕਾਰੀਆਂ ਕਰਨ ਵਾਲਿਆਂ ਅਤੇ ਅਪਰਾਧਿਕ ਅਨਸਰਾਂ ਤੇ ਲਗਾਮ ਕੱਸਕੇ ਰੱਖਣੀ ਪਵੇਗੀ । ਇਸੇ ਤਰਾਂ ਹੀ ਸ਼ਹਿਰ ਵਿਚਲੇ ਆਵਾਜਾਈ ਪ੍ਰਬੰਧਾਂ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਕਰੜੇ ਕਦਮ ਚੁੱਕਣ ਦੀ ਜਿੰਮੇਵਾਰੀ ਵੀ ਨਵੇਂ ਐਸ.ਐਸ.ਪੀ ਤੇ ਆ ਗਈ ਹੈ। ਐਸ ਐਸ ਪੀ ਸ਼੍ਰੀਮਤੀ ਡੀ ਸੁਡਰਵਿਜ਼ੀ ਦੀ ਅਗਵਾਈ ਹੇਠ ਜਿਲ੍ਹਾ ਪੁਲਿਸ ਨੇ ਕਈ ਅਪਰਾਧੀਆਂ  ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਅਤੇ ਚੋਰ ਗਿਰੋਹਾਂ ਨੂੰ ਵੀ ਫੜਿਆ ਹੈ। ਇਸ ਤੋਂ ਇਲਾਵਾ ਕੋਵਿਡ 19 ਦੌਰਾਨ ਪੁਲਿਸ ਵੱਲੋਂ ਨਿਭਾਈਆਂ ਸੇਵਾਵਾਂ ਨੇ ਵੀ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤਰਾਂ ਦੀਆਂ ਵੱਖ ਵੱਖ ਪ੍ਰਾਪਤੀਆਂ ਕਾਰਨ ਮਹਿਲਾ ਪੁਲਿਸ ਅਧਿਕਾਰੀ  ਦੀ ਸ਼ਲਾਘਾ ਵੀ ਹੋਈ ਹੈ। ਇਸੇ ਸੁਰਤਾਲ ਨੂੰ ਲਗਾਤਾਰ ਬਰਕਰਾਰ ਰੱਖਣ ਦੀ ਜਿੰਮੇਵਾਰੀ ਵੀ ਸ੍ਰੀ ਸੋਹਲ ਦੇ ਹਿੱਸੇ ਆ ਗਈ ਹੈ। ਹੌਂਸਲੇ ਵਾਲੀ ਇਹੋ ਗੱਲ ਹੈ ਕਿ ਮੁਕਤਸਰ ਜਿਲ੍ਹੇ ’ਚ ਇਸ ਵੇਲੇ ਕੋਈ ਵੱਡਾ ਸੰਘਰਸ਼ ਨਹੀਂ ਭਖਿਆ ਹੋਇਆ ਹੈ। ਨਵੇਂ ਐਸ.ਐਸ.ਪੀ ਨੂੰ ਯਕੀਨੀ ਬਨਾਉਣਾ ਹੋਵੇਗਾ ਕਿ ਮੁੱਖ ਥਾਣਾ ਅਫਸਰ ਅਤੇ ਹੋਰ ਮੁਲਾਜਮ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਕਰਨ ਅਤੇ ਵੱਢੀਖੋਰੀ ਤੋਂ ਦੂਰ ਰਹਿਣ। ਜਿੰਨਾਂ ਮੋਰਚਿਆਂ ਤੇ ਅਸਫਲ ਰਹੀ ਉਨ੍ਹਾਂ ਕਮੀਆਂ ਨੂੰ ਦੂਰ ਕਰਨਾ ਅਤੇ ਵਿਰਾਸਤ ’ਚ ਮਿਲੇ ਕੇਸਾਂ ਨੂੰ ਸੁਲਝਾਉਣ ਦੀ ਦਿਸ਼ਾ ’ਚ ਵਰਨਣਯੋਗ ਪ੍ਰਾਪਤੀਆਂ ਵੱਲ ਵਧਣਾ ਵੀ ਨਵੇਂ ਸਾਹਿਬ ਲਈ ਚੁਣੌਤੀਪੂਰਨ ਕਾਰਜ ਹੋਵੇਗਾ।  
    ਆਮ ਆਦਮੀ ਦੀ ਪਹਿਰੇਦਾਰ ਬਣੇਗੀ ਪੁਲਿਸ
    ਸੀਨੀਅਰ ਪੁਲਿਸ ਕਪਤਾਨ ਸ੍ਰੀ ਮੁਕਤਸਰ ਸਾਹਿਬ ਚਰਨਜੀਤ ਸਿੰਘ ਸੋਹਲ ਦਾ ਕਹਿਣਾ ਸੀ ਕਿ ਆਮ ਆਦਮੀ ਦੀ ਰਾਖੀ ਕਰਨੀ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ ਤਾਂ ਜੋ ਸੜਕ ਤੇ ਤੁਰਦੇ ਹੋਏ ਕਿਸੇ ਧੀਅ ਭੈਣ ,ਬਜ਼ੁਰਗ ਜਾਂ ਆਮ ਨਾਗਰਿਕ  ਨੂੰ ਕੋਈ ਡਰ ਨਾ ਹੋਵੇ।  ਉਨ੍ਹਾਂ ਦੱਸਿਆ ਕਿ ਪੁਲਿਸ ਲੋਕਾਂ ਦੀ ਪਹਿਰੇਦਾਰ ਬਣੇਗੀ ਅਤੇ ਗੈਰ ਸਮਾਜੀ ਅਨਸਰਾਂ ਨਾਲ ਸਖਤੀ ਨਾਲ ਨਜਿੱਠੇਗੀ । ਉਨ੍ਹਾਂ ਇਹ ਵੀ ਦੱਸਿਆ ਕਿ ਨਸ਼ਿਆਂ ਨੂੰ ਰੋਕਣਾ ਉਨ੍ਹਾਂ ਦਾ ਤਰਜੀਹੀ ਏਜੰਡਾ ਹੈ ਅਤੇ  ਨਸ਼ਾ ਤਸਕਰਾਂ ਦੀ ਧਰਪਕੜ ਲਈ ਆਪਰੇਸ਼ਨ ਵੀ ਚਲਾਇਆ ਜਾਏਗਾ। ਉਨ੍ਹਾਂ ਆਖਿਆ ਕਿ ਪੁਲਿਸ ਕੋਵਿਡ ਦੇ ਸੰਕਟ  ਦੌਰਾਨ ਫਰੰਟ ਲਾਈਨ ਵਰਕਰਾਂ ਦੇ ਮੋਢੇ ਨਾਲ ਮੋਢਾ ਜੋੜਕੇ ਕੰਮ ਕਰੇਗੀ। ਉਨ੍ਹਾਂ ਦੱਸਿਆ ਕਿ ਆਵਾਜਾਈ ਅਤੇ ਕੋਵਿਡ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ।  

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!