ਉਦਘਾਟਨ 29 ਅਗਸਤ ਨੂੰ
ਲੁਧਿਆਣਾ (ਪੰਜ ਦਰਿਆ ਬਿਊਰੋ) ਜਰਖੜ ਖੇਡ ਸਟੇਡੀਅਮ ਵਿਖੇ ਕਬੱਡੀ ਸਟਾਰ ਮਾਣਕ ਜੋਧਾਂ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਜਾਵੇਗਾ ਜਿਸ ਦਾ ਉਦਘਾਟਨ 29 ਅਗਸਤ ਨੂੰ ਦਿਨ ਐਤਵਾਰ ਨੂੰ ਭਾਰਤ ਸਰਕਾਰ ਵੱਲੋਂ ਮਨਾਏ ਜਾਂਦੇ ਖੇਡ ਦਿਵਸ ਮੌਕੇ ਉੱਤੇ ਹਾਕੀ ਦੇ ਜਾਦੂਗਰ ਧਿਆਨ ਦੇ ਜਨਮ ਵਾਲੇ ਦਿਨ ਹੋਵੇਗਾ । ਇਸ ਮੌਕੇ ਇਕ ਸਾਦਾ ਤੇ ਪ੍ਰਭਾਵਸ਼ਾਲੀ ਸਮਾਗਮ ਸ਼ਾਮ 4 ਤੋਂ 5 ਵਜੇ ਤੱਕ ਹੋਵੇਗਾ। ਇਸ ਮੌਕੇ ਕਬੱਡੀ ਦਾ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ| ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਪਿੰਡ ਜਰਖੜ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ,ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ , ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਉਰਫ ਮਾਣਕ ਜੋਧਾਂ ਸਾਡੇ ਇਲਾਕੇ ਦਾ ਕਬੱਡੀ ਦਾ ਸੁਪਰ ਸਟਾਰ ਖਿਡਾਰੀ ਸੀ ਪਰ ਪਿਛਲੇ ਸਾਲ 18 ਦਸੰਬਰ 2020 ਨੂੰ ਉਸ ਦੀ ਬੇਵਕਤੀ ਮੌਤ ਨੇ ਖੇਡ ਪ੍ਰੇਮੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਜਰਖੜ ਟਰੱਸਟ ਅਤੇ ਸਮੂਹ ਕਬੱਡੀ ਪ੍ਰੇਮੀਆਂ ਵੱਲੋਂ ਮਾਣਕ ਸੋਧਾਂ ਦੇ ਸਤਿਕਾਰ ਅਤੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਨ ਲਈ ਜਰਖੜ ਖੇਡ ਸਟੇਡੀਅਮ ਵਿਖੇ ਆਦਮਕੱਦ ਬੁੱਤ ਸਥਾਪਤ ਕੀਤਾ ਜਾ ਰਿਹਾ ਹੈ ਜੋ ਆਉਣ ਵਾਲੇ ਕਬੱਡੀ ਖਿਡਾਰੀਆਂ ਲਈ ਇਕ ਪ੍ਰੇਰਨਾ ਸਰੋਤ ਬਣੇਗਾ । ਮਾਣਕ ਜੋਧਾਂ ਦਾ ਆਦਮ ਕੱਦ ਬੁੱਤ ਜਰਖੜ ਖੇਡਾਂ ਦੀ ਮੁੱਖ ਸਟੇਜ ਦੇ ਉੱਪਰ ਸਥਾਪਤ ਹੋਵੇਗਾ। 6 ਫੁੱਟ ਉੱਚਾ ਬੁੱਤ ਪਿੰਡ ਬੱਸੀਆਂ ਤੋਂ ਤਿਆਰ ਕਰਵਾਇਆ ਗਿਆ ਹੈ । ਮਾਣਕ ਜੋਧਾਂ ਦੇ ਬੁੱਤ ਨੂੰ ਲਾਉਣ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਨਾਲ ਚੱਲ ਰਹੀਆਂ ਹਨ । ਇਸ ਬੁੱਤ ਨੂੰ ਸਥਾਪਤ ਕਰਨ ਵਿਚ ਇਲਾਕਾ ਨਿਵਾਸੀ ਕਬੱਡੀ ਖੇਡ ਫੈਡਰੇਸ਼ਨਾਂ, ਕਬੱਡੀ ਪ੍ਰੇਮੀਆਂ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ। ਇਸ ਸਮਾਗਮ ਮੌਕੇ ਮਾਣਕ ਜੋਧਾਂ ਦੇ ਪਰਿਵਾਰ ਨੂੰ ਵਿਸ਼ੇਸ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਤਿੰਨੇ ਕਬੱਡੀ ਫੈਡਰੇਸ਼ਨਾਂ ਦੇ ਪ੍ਰਮੁੱਖ ਅਹੁਦੇਦਾਰ ਸੁਰਜਨ ਸਿੰਘ ਚੱਠਾ ,ਸੁਰਿੰਦਰਪਾਲ ਸਿੰਘ ਟੋਨੀ ਕਾਲਖ ,ਬਲਬੀਰ ਸਿੰਘ ਬਿੱਟੂ , ਮੋਹਣਾਂ ਜੋਧਾਂ ਮੁੱਖ ਪ੍ਰਬੰਧਕ ਪੰਜਾਬ ਸਪੋਰਟਸ ਕਬੱਡੀ ਕਲੱਬ ਸਿਆਟਲ, ਕਬੱਡੀ ਸਟਾਰ ਬਲਵਿੰਦਰ ਸਿੰਘ ਫਿੱਡਾ ,ਕਬੱਡੀ ਸਟਾਰ ਦੇਵੀ ਦਿਆਲ, ਸਰਪੰਚ ਜਗਦੇਵ ਸਿੰਘ ਜੋਧਾਂ , ਤਰਨ ਜੋਧਾਂ, ਰਾਣਾ ਜੋਧਾਂ ਤੋਂ ਇਲਾਵਾ ਹੋਰ ਰਾਜਨੀਤਕ ਸਮਾਜਿਕ ਅਤੇ ਖੇਡ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਉਚੇਚੇ ਤੌਰ ਤੇ ਪੁੱਜਣਗੀਆਂ ।