ਬਠਿੰਡਾ (ਅਸ਼ੋਕ ਵਰਮਾ) ਪੰਜਾਬ ਵਿੱਚ ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਅਧਿਆਪਕਾਂ ਵਿੱਚ ਸਰਕਾਰ ਵੱਲੋ ਰੁਜਗਾਰ ਨਾ ਦਿੱਤੇ ਜਾਣ ਤੋਂ ਬਾਅਦ ਆਪਣੀਆਂ ਮੰਗਾਂ ਮਨਵਾਉਣ ਲਈ ਇੱਕ ਵਾਰ ਫਿਰ ਤੋਂ ਟੈਂਕੀਆਂ ’ਤੇ ਚੜ੍ਹਕੇ ਸੰਘਰਸ਼ ਕਰਨ ਦਾ ਰੁਝਾਨ ਸ਼ੁਰੂ ਹੋ ਗਿਆ ਹੈ। ਤਾਜਾ ਮਾਮਲਾ ਟੈਟ ਪਾਸ ਬੀ ਐਡ ਬੇਰੁਜਗਾਰਾਂ ਨਾਲ ਜੁੜਿਆ ਹੈ ਜਿੰਨ੍ਹਾਂ ਦਾ ਇੱਕ ਸਾਥੀ ਮਨੀਸ਼ ਫਾਜ਼ਿਲਕਾ ਪਟਿਆਲਾ ਦੇ ਹਸਪਤਾਲ ਵਿੱਚ ਅੰਦਰਲੀ ਪਾਣੀ ਦੀ ਟੈਕੀ ਤੇ ਚੜ੍ਹਿਆ ਹੋਇਆ ਹੈ ਅਤੇ ਉਸ ਨੇ ਸਮੂਹ ਬੇਰੁਜ਼ਗਾਰਾਂ ਲਈ ਰੁਜਗਾਰ ਦੀ ਮੰਗ ਕੀਤੀ ਹੈ। ਬੇਸ਼ੱਕ ਹਾਲੇ ਤੱਕ ਸਰਕਾਰ ਨੇ ਇਸ ਮਾਮਲੇ ’ਚ ਕੋਈ ਨਿੱਗਰ ਪਹਿਲਕਦਮੀ ਨਹੀਂ ਕੀਤੀ ਪਰ ਬੇਰੁਜਗਾਰਾਂ ਵੱਲੋਂ ਅਖਤਿਆਰ ਕੀਤੇ ਇਸ ਪੈਂਤੜੇ ਨੇ ਕੈਪਟਨ ਹਕੂਮਤ ਦੇ ਘਰ ਘਰ ਨੌਕਰੀ ਨਾਅਰੇ ਦੀ ਪੋਲ ਖੋਹਲ ਦਿੱਤੀ ਹੈ। ਦੱਸਣਯੋਗ ਹੈ ਕਿ ਇਹ ਵਰਤਾਰਾ ਕਪੂਰਥਲਾ ਵਿੱਚ ਫਰੀਦਕੋਟ ਨਿਵਾਸੀ ਕਿਰਨਜੀਤ ਕੌਰ ਨਾਂ ਦੀ ਇੱਕ ਈ.ਜੀ.ਐਸ.ਵਲੰਟੀਅਰ ਵੱਲੋਂ ਜਲਘਰ ਦੀ ਟੈਂਕੀ ਤੇ ਚੜ੍ਹਨ ਤੋਂ ਸ਼ੁਰੂ ਹੋਇਆ ਸੀ ਜਿਸ ਦੀ ਇਸ ਮੌਕੇ ਅੱਗ ਲੱਗ ਜਾਣ ਕਾਰਨ ਦਰਦਨਾਕ ਮੌਤ ਹੋ ਗਈ ਸੀ । ਉਸ ਤੋਂ ਬਾਅਦ ਤਾਂ ਇਸ ਕਿਸਮ ਦੇ ਅੰਦੋਲਨ ਦਾ ਅਜਿਹਾ ਸਿਲਸਿਲਾ ਸ਼ੁਰੂ ਹੋਇਆ ਜੋ ਹਾਲੇ ਤੱਕ ਚੱਲਦਾ ਆ ਰਿਹਾ ਹੈ। ਹੁਣ ਤੱਕ ਦਾ ਲੇਖਾ ਜੋਖਾ ਕਰੀਏ ਤਾਂ ਇੱਕ ਮਾਲਵੇ ’ਚ ਬੇਰੁਜਗਾਰਾਂ ਵੱਲੋਂ ਟੈਂਕੀਆਂ ਤੇ ਚੜ੍ਹਨ ਦੇ ਇੱਕ ਦਰਜਨ ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਸ ਤਰਾਂ ਆਪਣੀ ਮੰਗ ਮਨਵਾਉਣ ਦਾ ਕਿੱਸਾ ਸ਼ੋਲੇ ਫਿਲਮ ਨਾਲ ਸਬੰਧਤ ਸੀ ਜਿਸ ’ਚ ਵੀਰੂ ਦੇ ਰੂਪ ’ਚ ਧਰਮਿੰਦਰ (ਹੇਮਾ ਮਾਲਿਨੀ) ਬਸੰਤੀ ਨੂੰ ਹਾਸਲ ਕਰਨ ਲਈ ਟੈਕੀ ਤੇ ਚੜ੍ਹ ਗਿਆ ਸੀ। ਫਿਲਮ ਦਾ ਇਹ ਸੀਨ ਅੱਜ ਵੀ ਦਰਸ਼ਕਾਂ ਦੇ ਮਨ ’ਚ ਵਸਿਆ ਹੋਇਆ ਹੈ ਜਿਸ ਨੂੰ ਬਠਿੰਡਾ ਸ਼ਹਿਰ ’ਚ ਪਹਿਲੀ ਵਾਰ ਹਕੀਕੀ ਰੂਪ ’ਚ ਈ. ਜੀ. ਐਸ. ਵਲੰਟੀਅਰਾਂ ਨੇ ਉਸ ਵੇਲੇ ਦੁਹਰਾਇਆ ਸੀ ਜਦੋਂ ਬਠਿੰਡਾ ਦੌਰੇ ਸਮੇਂ ਉਨ੍ਹਾਂ ਨੂੰ ਪੰਜਾਬ ਦੇ ਤੱਤਕਾਲੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਆਪਣੀ ਮੰਗ ਰੱਖਣ ਦਾ ਮੌਕਾ ਦੇਣ ਦੀ ਬਜਾਏ ਪੁਲਿਸ ਅਧਿਕਾਰੀਆਂ ਨੇ ਮੌਕੇ ਤੋਂ ਭਜਾ ਦਿੱਤਾ । ਪੁਲਿਸ ਅਫਸਰਾਂ ਦੇ ਇਸ ਵਤੀਰੇ ਤੋਂ ਭੜਕੇ ਇਹ ਵਲੰਟੀਅਰ ਸ਼ਹਿਰ ’ਚ ਮੁਜ਼ਾਹਰਾ ਕਰਦਿਆਂ ਪੁਲਿਸ ਦੇ ਭਾਰੀ ਜਮਾਵੜੇ ਦੌਰਾਨ ਟੈਂਕੀ ’ਤੇ ਜਾ ਚੜ੍ਹੇ । ਮਾਮਲੇ ਦਾ ਰੌਚਕ ਪਹਿਲੂ ਇਹ ਹੈ ਕਿ ਜਿੰਨਾਂ ਅਧਿਕਾਰੀਆਂ ਨੇ ਉਹਨਾਂ ਨੂੰ ਉਪ ਮੁੱਖ ਮੰਤਰੀ ਦੇ ਨੇੜੇ ਨਹੀਂ ਢੁੱਕਣ ਦਿੱਤਾ ਸੀ ਬਾਅਦ ’ਚ ਉਹੀ ਅਧਿਆਪਕਾਂ ਅੱਗੇ ਤਰਲੇ ਮਿੰਨਤਾਂ ਕਰਦੇ ਰਹੇ ਅਤੇ ਮੰਗ ਮੰਨਣ ਤੇ ਹੀ ਧਰਤੀ ਤੇ ਪੈਰ ਧਰਿਆ।
ਦੂਸਰੀ ਵੱਡੀ ਘਟਨਾ 25 ਫਰਵਰੀ 2010 ਨੂੰ ਪਟਿਆਲਾ ’ਚ ਵਾਪਰੀ ਜਦੋਂ ਬੇਰੁਜ਼ਗਾਰ ਅਧਿਆਪਕਾਂ ਨੇ ਇੱਕ ਕਾਲਜ਼ ਦੇ ਡਿਗਰੀ ਵੰਡ ਸਮਾਗਮ ਦੌਰਾਨ ਪੰਜਾਬ ਸਰਕਾਰ ਖਿਲਾਫ ਨਾਅਰੇ ਮਾਰ ਦਿੱਤੇ ਜਿੰਨ੍ਹਾਂ ਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ। ਆਪਣੇ ਇੰਨ੍ਹਾਂ ਪੰਜਾਂ ਸਾਥੀਆਂ ਨੂੰ ਤੁਰੰਤ ਰਿਹਾ ਕਰਵਾਉਣ ਲਈ ਪ੍ਰਦਰਸ਼ਨਕਾਰੀਆਂ ਨੇ ਆਰੀਆ ਸਮਾਜ ਵਿਚ ਸਥਿਤ ਟੈਂਕੀ ‘ਤੇ ਚੜ੍ਹਕੇ ਆਤਮਦਾਹ ਦੀ ਧਮਕੀ ਦੇ ਦਿੱਤੀ। ਇਸ ਮੌਕੇ ਪੁਲੀਸ ਨੇ ਨਾਂ ਸਿਰਫ ਗ੍ਰਿਫਤਾਰ ਬੇਰੁਜ਼ਗਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਬਲਕਿ ਉਨ੍ਹਾਂ ਨਾਲ ਧੱਕੇਸ਼ਾਹੀ ਕਰਨ ਵਾਲੇ ਥਾਣੇਦਾਰ ਖਿਲਾਫ ਕਾਰਵਾਈ ਦੀ ਮੰਗ ਵੀ ਮੰਨਣੀ ਪਈ ਕਿਉਂਕਿ ਟੈਂਕੀ ‘ਤੇ ਬੈਠੇ ਕਾਰਕੁੰਨਾਂ ਕੋਲ ਤੇਲ ਦੀਆਂ ਬੋਤਲਾਂ ਅਤੇ ਮਾਚਿਸ ਵੀ ਸੀ ਜਿਸ ਨੂੰ ਦਿਖਾਕੇ ਬੇਰੁਜ਼ਗਾਰ ਆਤਮਦਾਹ ਦੀ ਚਿਤਾਵਨੀ ਦੇ ਰਹੇ ਸਨ।
ਇਸੇ ਤਰਾਂ ਹੀ ਬਠਿੰਡਾ ਬਾਦਲ ਸੜਕ ਤੇ ਪਿੰਡ ਜੈ ਸਿੰਘ ਵਾਲਾ ਦੇ ਜਲ ਘਰ ਦੀ ਟੈਂਕੀ ਤਾਂ ਕਈ ਮਹੀਨੇ ਬੇਰੁਜ਼ਗਾਰਾਂ ਦਾ ਬਸੇਰਾ ਬਣੀ ਸੀ। ਇੰਨ੍ਹਾਂ ਹੀ ਬੇਰੁਜ਼ਗਾਰ ਅਧਿਆਪਕਾਂ ਦੇ ਜੱਥੇ ਨੇ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਪੁਲਿਸ ਦੀ ਚਾਕ ਚੌਬੰਦ ਸੁਰੱਖਿਆ ਨੂੰ ਠੇਂਗਾ ਦਿਖਾਉਂਦਿਆਂ ਬਾਦਲ ਵਿਚਲੇ ਜਲ ਘਰ ਦੀ ਟੈਂਕੀ ਤੇ ਧਾਵਾ ਬੋਲ ਦਿੱਤਾ । ਵੱਡੀ ਗੱਲ ਹੈ ਕਿ ਇਨ੍ਹਾਂ ਬੇਰੁਜ਼ਗਾਰਾਂ ਦੀ ਮੰਗ ਮੰਨਣੀ ਪਈ ਅਤੇ ਇਹ ਅਧਿਆਪਕ ਸਰਕਾਰੀ ਸਕੂਲਾਂ ’ਚ ਸੇਵਾ ਨਿਭਾ ਰਹੇ ਹਨ। ਇਹ ਕੁੱਝ ਮਿਸਾਲਾਂ ਹਨ ਜਦੋਂਕਿ ਵੱਡੀ ਗਿਣਤੀ ਟੈਕੀਆਂ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰਾਂ ਲਈ ਛੇੜੀ ਜੰਗ ਦੀਆਂ ਗਵਾਹ ਹਨ। ਜਿਕਰਯੋਗ ਹੈ ਕਿ ਟੈਂਕੀਆਂ ਦੁਆਲੇ ਕਰੜੇ ਇੰਤਜਾਮਾਂ ਦਾ ਦਮ ਭਰਦੀ ਪੁਲਿਸ ਦੇ ਸਾਰੇ ਪ੍ਰਬੰਧ ਖੋਖਲੇ ਸਿੱਧ ਹੋ ਰਹੇ ਹਨ।
ਬੇਰੁਜ਼ਗਾਰਾਂ ਕੋਲ ਦੂਸਰਾ ਰਾਹ ਨਹੀਂ-ਢਿੱਲਵਾਂ
ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੀ ਐਡ ਬੇਰੁਜਗਾਰ ਅਧਿਆਪਕਾਂ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਦਾ ਕਹਿਣਾ ਸੀ ਕਿ ਬੇਰੁਜ਼ਗਾਰਾਂ ਨੂੰ ਟੈਂਕੀਆਂ ਮੱਲਣ ਦਾ ਸ਼ੌਂਕ ਨਹੀਂ ਹੈ, ਸਰਕਾਰ ਦੀਆਂ ਬੇਵਫਾਈਆਂ ਕਾਰਨ ਅਜਿਹੇ ਖਤਰਨਾਕ ਕਦਮ ਚੁੱਕਣੇ ਪੈਂਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਦੇ ਬੋਲੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦਾ ਬੇਰੁਜ਼ਗਾਰਾਂ ਕੋਲ ਹੋਰ ਕੋਈ ਵੀ ਰਾਹ ਨਹੀਂ ਹੈ। ਉਨ੍ਹਾਂ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਦੀਆਂ ਘੱਟੋ ਘੱਟ 10 ਹਜਾਰ ਅਤੇ ਬਾਕੀ ਵਿਸ਼ਿਆਂ ਦੀਆਂ 5ਹਜਾਰ ਅਸਾਮੀਆਂ ਦਾ ਤੁਰੰਤ ਇਸ਼ਤਿਹਾਰ ਜਾਰੀ ਕਰਨ, ਬੇਰੁਜਗਾਰ ਅਧਿਆਪਕਾਂ ਦੀ ਉਮਰ ਹੱਦ 37 ਤੋਂ ਵਧਾ ਕੇ 42 ਸਾਲ ਕਰਨ, ਰਿਲੀਜ਼ਨ ਸਟਡੀ ਅਤੇ ਡਿਫੈਂਸ ਸਟੱਡੀ ਆਦਿ ਨੂੰ ਸ਼ਾਮਲ ਅਤੇ ਇੱਕ ਦੂਸਰੇ ਦਾ ਵਿਸ਼ਾ ਦੇਕੇ ਅਸਾਮੀਆਂ ਖਾਤਮੇ ਦੀ ਨੀਤੀ ਬੰਦ ਅਤੇ ਮਾਸਟਰ ਕਾਡਰ ਦੇ ਪੇਪਰ ਲਈ ਘੱਟੋ ਘੱਟ ਪਾਸ ਅੰਕ ਨਿਰਧਾਰਤ ਕਰਨ ਦੀ ਮੰਗ ਕੀਤੀ।
