ਕਰਮ ਸੰਧੂ
ਮਿਤੀ 22 ਅਗਸਤ 2021 ਦਿਨ ਐਤਵਾਰ ਨੂੰ ਪਾਰਟੀਲੈਂਡ ਮੈਰਿਜ਼ ਪੈਲੇਸ ਬਰਨਾਲਾ ਵਿਖੇ ਬਰਨਾਲਾ ਤੋਂ ਰਾਏਕੋਟ ਰੋਡ ਤੇ 'ਮੋਹ ਦੀਆਂ ਤੰਦਾਂ' ਪ੍ਰੋਗਰਾਮ ਤਹਿਤ 'ਗੁੱਸੇ-ਗ਼ਿਲੇ' ਗੀਤ ਨੂੰ ਅਥਾਹ ਪਿਆਰ ਦਿੰਦਿਆ, ਮਿਆਰੀ ਗਾਇਕੀ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਵੱਲੋਂ ਵੱਡਾ ਸਮਾਗਮ ਕਰਕੇ ਕਲਾਕਾਰਾਂ ਦੀ ਹੌਂਸਲਾ ਅਫਜਾਈ ਲਈ ਸ਼ਬਦਾਂ ਰਾਹੀਂ ਪਿਆਰ, ਸਤਿਕਾਰ ਤੇ ਅਦਬ ਦਿੱਤਾ ਗਿਆ ਕਿ...
ਗਿਰਝਾਂ ਜਿੰਨਾ ਮਰਜ਼ੀ ਉੱਚੀਆਂ ਉੱਡ ਲੈਣ,
ਆਕਾਸ਼ ਦੇ ਬਾਦਸ਼ਾਹ ਉਕਾਬ ਹੀ ਹੁੰਦੇ ਹਨ!'
ਚੰਗਾ ਸਹਿਤ ਦਰਅਸਲ ਓਹ ਭਾਸ਼ਾ ਹੈ, ਜਿਸ ਵਿਚ ਜੀਵਨ ਦੇ ਨਵੇਂ-ਨਵੇਰੇ, ਜੁਆਨ ਤੇ ਚੜ੍ਹਦੀਕਲਾ ਵਾਲੇ ਅਰਥ ਭਰੇ ਹੋਏ ਹੁੰਦੇ ਹਨ। ਹਰ ਨਵੇਂ-ਨਵੇਕਲੇ ਗੀਤ ਨੂੰ ਸੂਝਵਾਨ ਸਰੋਤਿਆਂ ਵੱਲੋਂ ਮੁੱਖ ਤੌਰ ਤੇ ਤਿੰਨ ਹਿੱਸਿਆਂ ਵਿਚ ਦੇਖਿਆ, ਸਮਝਿਆ ਤੇ ਪਰਖਿਆ ਜਾਂਦਾ ਹੈ...ਇੱਕ ਮੰਨੋਰੰਜਨ, ਦੂਜਾ ਹਾਂ ਜਾਂ ਨਾਂਹ ਪੱਖੀ ਅਤੇ ਤੀਜਾ ਸਮਾਜਿਕ ਰੁਤਬੇ ਤੋਂ। ਅੱਜ ਨਾਂਹ ਪੱਖੀ ਗਾਇਕੀ, ਗੀਤਕਾਰੀ ਤੇ ਸ਼ੋਰ-ਸ਼ਰਾਬੇ ਵਾਲੇ ਸੰਗੀਤ ਦਾ ਬੋਲਬਾਲਾ ਜ਼ਿਆਦਾ ਹੈ। ਇਨਸਾਨੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰਨ ਵਾਸਤੇ ਸ਼ੈਤਾਨ ਦਿਮਾਗ਼ਾਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਹੈ।
ਪਰ ਲਿਆਕਤ ਦਾ ਬੀਜ਼ ਐਨਾ ਸੌਖਾ ਨਾਸ਼ ਨਹੀਂ ਹੁੰਦਾ! ਇਸੇ ਮਰਤਬੇ ਤੇ ਚਲਦਿਆ ਖੂਬਸੂਰਤ ਉਦਾਹਰਣ ਪੇਸ਼ ਕੀਤੀ ਐ ਗਾਇਕ 'ਹਰਿੰਦਰ ਸੰਧੂ' ( ਜਿਨ੍ਹਾਂ ਕਦੇ ਸਮੇਂ ਨਾਲ ਸਮਝੌਤਾ ਨੀਂ ਕੀਤਾ, ਗਾਇਕੀ, ਗੀਤਕਾਰੀ ਤੇ ਸੰਗੀਤਕ ਖੇਤਰ ਨੇ ਅਨੇਕਾਂ ਰੰਗ ਬਦਲੇ, ਪਰ 'ਸੰਧੂ' ਸਾਹਿਬ ਨੇ ਫੋਕੀ ਸ਼ੋਹਰਤ ਲਈ ਆਪਣੀ ਜੜ੍ਹ ਨਹੀਂ ਛੱਡੀ। ਬੋਲੀ ਦੇ ਇਸ ਫ਼ਲਦਾਰ ਬੂਟੇ ਨੂੰ ਗੀਤਾਂ ਰੂਪੀ ਅਨੇਕਾਂ ਫ਼ਲ ਲੱਗੇ। ਜਿਨ੍ਹਾਂ ਸਿਆਣਪ, ਲਿਆਕਤ ਤੇ ਸਮਝਦਾਰੀ ਦੀਆਂ ਸੜਕਾਂ ਵਿਛਾਕੇ ਪਿਛਲੇ ਲੰਬੇ ਸਮੇਂ ਤੋਂ ਲੋਕ ਦਿਲਾਂ ਤੇ ਆਪਣਾ ਰਾਜ ਕਾਇਮ ਕੀਤਾ ਹੋਇਆ ਹੈ। ) ਨਾਲ ਵੀਰ 'ਜਸ ਸਿੱਧੂ' ਤੇ ਗੀਤਕਾਰ ਭੈਣ 'ਸੰਦੀਪ ਕੌਰ ਸਿੱਧੂ' ਹੁਰਾਂ ਤੇ ਸਮੁੱਚੀ ਟੀਮ ਨੇ ਇਸ ਤੇ ਖਰਾ ਉਤਰ ਦਿਖਾਇਆ ਹੈ। ਸੰਗੀਤਕ ਖੇਤਰ ਦੇ ਵਪਾਰ ਵਿੱਚ ਗਲ਼-ਗਲ਼ ਧਸੇ ਹੋਣ ਦੇ ਬਾਵਜੂਦ ਵੀ, ਉਕਤ ਸਖਸ਼ੀਅਤਾਂ ਨੇ ਹਾਂ ਪੱਖੀ ਤੇ ਸਮਾਜਿਕ ਉਪਰਾਲਾ ਕੀਤਾ, ਗੀਤ 'ਗੁੱਸੇ-ਗ਼ਿਲੇ' ਦੀ ਪੇਸ਼ਕਾਰੀ ਵਜੋਂ ਵੱਡਾ ਸੁਨੇਹਾ ਦੇਕੇ ਹੱਦ ਦਰਜੇ ਦਾ ਵਧੀਆ, ਨੇਕ, ਉੱਤਮ ਤੇ ਸਲਾਘਾਯੋਗ ਕੰਮ ਕੀਤਾ ਹੈ। ਗੀਤ ਨੂੰ ਸੁਣ ਕੇ, ਸਮਝ ਕੇ ਅਤੇ ਫ਼ਿਲਮਾਕਣ ਦੇਖਕੇ ਇਨ੍ਹਾਂ ਦੇ ਸਰੋਤੇ ਦਾਦ ਦਿੱਤੇ ਬਿਨਾਂ ਰਹਿ ਹੀ ਨੀਂ ਸਕੇ। ਭਵਿੱਖ 'ਚ ਉਮੀਦ ਰੱਖਦੀ ਕਿ...
ਇਹ ਕਵਿਤਾ ਵਰਗੇ ਸੂਖਮ, ਕੋਮਲ ਤੇ ਪਿਆਰੇ ਚਿਹਰੇ, ਸੰਗੀਤਕ ਫੁੱਲਝੜੀਆਂ ਰਾਹੀਂ ਸਾਨੂੰ ਜੀਵਨ ਮਾਨਣ ਦੇ ਹੋਰ ਖੂਬਸੂਰਤ ਸੁਨੇਹੇ ਦੇਣਗੇ।
ਇਹ ਸਾਰਾ ਖੂਬਸੂਰਤ ਉਪਰਾਲਾ ਹਰਫੂਲ ਭੁੱਲਰ ਮੰਡੀ ਕਲਾਂ ਅਤੇ ਦਵਿੰਦਰ ਬਰਨਾਲਾ ਜੀ ਵੱਲੋਂ ਕੀਤਾ ਗਿਆ। ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਗਾਇਕ ਸੁਖਪਾਲ ਪਾਲੀ ਮੁਕਤਸਰ, ਗਾਇਕ ਜਸਪਾਲ ਮਾਨ, ਅਲਗੋਜ਼ੇ ਵਾਧਕ ਕਰਮਜੀਤ ਸਿੰਘ ਬੱਗਾ ਖਰੜ, ਮੰਗਾ ਘੋਲੀਆ, ਗਾਇਕਾ ਐਸ ਕੌਰ, ਮੈਡਮ ਰਮਨ ਸੰਧੂ ਤੇ ਐਕਰਿੰਗ ਰਾਹੀਂ ਜਗਦੀਪ ਜੋਗਾ ਜੀ ਨੇ ਖੂਬ ਰੰਗ ਬੰਨ੍ਹਿਆ। ਵਿਸ਼ੇਸ਼ ਸਹਿਯੋਗ ਰਿਹਾ ਪੈਲਿਸ ਮਾਲਿਕ ਜਤਿੰਦਰ ਸਿੰਘ ਸ਼ੇਰਗਿੱਲ, ਰਮਨ ਢਿੱਲੋਂ ਪੱਤੀ ਸੇਖਵਾਂ, ਐਡਵੋਕੇਟ ਅਮਨ ਢਿੱਲੋਂ, ਸੁਰਜੀਤ ਭੁੱਲਰ, ਗੁਰਵਿੰਦਰ ਸਿੱਧੂ ਕੌਰੇਆਣਾ ਅਤੇ ਹੋਰ ਵੀ ਸਹਿਤਕ ਖੇਤਰ ਦੀਆਂ ਬਹੁਤ ਨਾਮਵਰ ਸਖਸ਼ੀਅਤਾਂ ਇਸ ਸਮਾਗਮ ਵਿਚ ਸ਼ਾਮਿਲ ਹੋਇਆ। ਸਾਰਿਆਂ ਦੇ ਸਹਿਯੋਗ ਨਾਲ ਸਭ ਨੇ ਰਲਮਿਲਕੇ ਸੰਗੀਤਕ ਮਹਿਫ਼ਲ ਦਾ ਖੂਬ ਆਨੰਦ ਮਾਣਿਆ। ਸਮਾਂ ਯਾਦਗਾਰੀ ਰਿਹਾ।