ਹਰਪ੍ਰੀਤ ਸਿੰਘ ਲਲਤੋਂ
ਕਹਿ ਕਹਿ ਥੱਕ ਗਈ ਸੀ, ਹੁਣ ਕਹਿਣਾ ਵੀ ਸੀ ਛੱਡਿਆ,
ਉਮੀਦ ਹੀ ਨਹੀਂ ਸੀ ਕਿ ,ਇਹ ਕਦੇ ਜੂੜ੍ਹ ਜਾਊ ਵੱਢਿਆ ।
ਇਹ ਨੀ ਸਮਝਿਆ ,ਵਰਤਿਆ ਹਰ ਹੀਲਾ ਸਮਝਾਉਣ ਲਈ,
ਧੰਨਵਾਦ ਕਰੋਨਾ ਜੀ ਤੇਰਾ ,ਪਤੀ ਦੀ ਦਾਰੂ ਛਡਾਉਣ ਲਈ।
ਕਿੰਨੀ ਵਾਰੀ ਹੀ ਖਾ ਗਿਆ ਸੀ ,ਸਿਰ ਮੇਰੇ ਦੀ ਸੌਂਹ ਝੂਠੀ,
ਦਾਰੂ ਦੇ ਲਈ ਵੇਚ ਦਿੱਤੀ ,ਸਗਨਾਂ ਨਾਲ ਪਾਈ ਅੰਗੂਠੀ।
ਕੋਈ ਕਸਰ ਨੀ ਛੱਡੀ ,ਘਰਦੇ ਭਾਂਡੇ ਵਿਕਾਉਣ ਲਈ,
ਧੰਨਵਾਦ ਕਰੋਨਾ ਜੀ ਤੇਰਾ……..।
ਹਰ ਧਾਗਾ ਤਵੀਤ ਪਿਆ ਫਿੱਕਾ ,ਬੇਅਸ਼ਰ ਹੋਇਆ ਹਰ ਬਾਬਾ,
ਬ੍ਰਹਮਅਸ਼ਤਰ ਵੀ ਨਾ ਚੱਲਿਆ ,ਮੇਰਾ ਪੇਕੇ ਜਾਣ ਦਾ ਡਰਾਵਾ।
ਅਖੀਰ ਕਰ ਲਿਆ ਸਮਝੌਤਾ ,ਘੁੱਟ ਘੁੱਟ ਕੇ ਜਿਊਣ ਲਈ,
ਧੰਨਵਾਦ ਕਰੋਨਾ ਜੀ ਤੇਰਾ…..
ਡਿੱਗਦਾ ਢਹਿੰਦਾ ਰਾਤੀਂ ਘਰ ਵੜਦਾ ,ਉਡੀਕਾਂ ਕਰਦੀ ਮੈਂ ਅਭਾਗਣ,
ਉਹ ਵਿਆਹ ਕਿਹੜਾ ਜਿੱਥੇ ,ਨਾ ਲਿੱਟਿਆ ਹੋਵੇ ਬਣਕੇ ਨਾਗਣ।
ਬੜਾ ਜੂਝਣਾ ਪੈਂਦਾ ਸੀ ,ਡੱਕੇ ਨੂੰ ਘਰ ਲਿਆਉਣ ਲਈ,
ਧੰਨਵਾਦ ਕਰੋਨਾ ਜੀ ਤੇਰਾ……।
ਤੇਰੀ ਮਾਂ ਦੀ ,ਤੇਰੀ ਭੈਣ ਦੀ ,ਪੀ ਕੇ ਗਾਲ ਬਿਨਾਂ ਨਾ ਬੋਲੇ,
ਘਰ ਘਰ ਨਿੱਤ ਕਰਾਵੇ ਦਾਰੂ ,ਘਰਵਾਲ਼ੀਆਂ ਦੇ ਹੱਡ ਪੋਲੇ।
ਕੋਈ ਵਿੱਚ ਨੀ ਆਉਂਦਾ ,ਲਲਤੋਂ ਨੂੰ ਹਟਾਉਣ ਲਈ ,
ਧੰਨਵਾਦ ਕਰੋਨਾ ਜੀ ਤੇਰਾ………।