
ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਨਾਰਥ ਕੈਰੋਲਿਨਾ (ਐਨ ਸੀ) ਵਿੱਚ ਹਜਾਰਾਂ ਸਟੇਟ ਕਰਮਚਾਰੀਆਂ ਦੀ ਜਾਣਕਾਰੀ ਸਟੇਟ ਦੇ ਇੱਕ ਇੰਟਰਨਲ ਵੈੱਬਸਾਈਟ ਪੋਰਟਲ ‘ਤੇ ਅਪਲੋਡ ਹੋ ਗਈ ਸੀ। ਇਸ ਬਾਰੇ ਐਨ ਸੀ ਦੇ ਸੂਚਨਾ ਤਕਨਾਲੋਜੀ ਵਿਭਾਗ ਅਤੇ ਸਟੇਟ ਹਿਊਮਨ ਰਿਸੋਰਸ ਦੇ ਦਫਤਰ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਤਕਰੀਬਨ 84,860 ਸਟੇਟ ਕਰਮਚਾਰੀਆਂ ਦੇ ਨਾਮ, ਸ਼ੋਸ਼ਲ ਸਕਿਓਰਿਟੀ ਨੰਬਰ ਅਤੇ ਨੌਕਰੀ ਸਬੰਧੀ ਜਾਣਕਾਰੀ ਵਾਲੀ ਇੱਕ ਫਾਈਲ ਇੱਕ ਅੰਦਰੂਨੀ ਵੈਬਸਾਈਟ ਤੇ ਅਪਲੋਡ ਹੋ ਗਈ ਸੀ ਜੋ ਕਿ ਰਾਜ ਦੇ ਹੋਰ ਕਰਮਚਾਰੀਆਂ ਲਈ ਪਹੁੰਚਯੋਗ ਸੀ। ਵਿਭਾਗ ਅਨੁਸਾਰ ਇਸਦੀ ਜਾਣਕਾਰੀ 30 ਜੁਲਾਈ ਨੂੰ ਪ੍ਰਾਪਤ ਹੋਈ , ਜਿਸ ਉਪਰੰਤ ਫਾਈਲ ਨੂੰ ਤੁਰੰਤ ਹਟਾ ਦਿੱਤਾ ਗਿਆ ਜੋ ਕਿ ਜਾਣਕਾਰੀ ਅਨੁਸਾਰ 14 ਮਈ, 2020 ਤੋਂ ਵੈੱਬਸਾਈਟ ‘ਤੇ ਪਹੁੰਚਯੋਗ ਸੀ। ਸਟੇਟ ਅਨੁਸਾਰ ਆਮ ਜਨਤਾ ਕੋਲ ਇਸ ਫਾਈਲ ਤੱਕ ਪਹੁੰਚ ਨਹੀਂ ਸੀ, ਅਤੇ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਸ ਨੂੰ ਉਨ੍ਹਾਂ ਕਰਮਚਾਰੀਆਂ ਤੋਂ ਇਲਾਵਾ ਕਿਸੇ ਹੋਰ ਦੁਆਰਾ ਐਕਸੈਸ ਕੀਤਾ ਗਿਆ ਸੀ ਜਿਨ੍ਹਾਂ ਨੇ ਇਸ ਮੁੱਦੇ ਨੂੰ ਪਛਾਣਿਆ ਅਤੇ ਹੱਲ ਕੀਤਾ। ਹਾਲਾਂਕਿ ਵਿਭਾਗ ਅਨੁਸਾਰ ਫਾਈਲ ਨੂੰ ਗਲਤ ਤਰੀਕੇ ਨਾਲ ਐਕਸੈਸ ਕਰਨ ਦੇ ਮੌਕੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਟੇਟ ਵਿਭਾਗਾਂ ਵਿੱਚ ਇੰਟਰਨੈਟ ਪੋਰਟਲ ਸਿਰਫ ਤਾਂ ਹੀ ਪਹੁੰਚਯੋਗ ਹੈ ਜੇ ਕਰਮਚਾਰੀ ਆਪਣੇ ਯੂਜਰਨੇਮ ਅਤੇ ਪਾਸਵਰਡ ਦੀ ਵਰਤੋਂ ਕਰਦੇ ਹਨ। ਇਸਦੇ ਨਾਲ ਹੀ ਇਸ ਗਲਤੀ ਨਾਲ ਪ੍ਰਭਾਵਿਤ ਹੋਏ ਕਰਮਚਾਰੀਆਂ ਨੂੰ ਦੋ ਸਾਲਾਂ ਲਈ ਕੁੱਝ ਸੇਵਾਵਾਂ ਮੁਫਤ ਦਿੱਤੀਆਂ ਜਾਣਗੀਆਂ, ਜਿਹਨਾਂ ਵਿੱਚ ਖਾਤੇ ਦੀ ਸਮੀਖਿਆ ਕਰਨਾ, ਕ੍ਰੈਡਿਟ ਦੀ ਨਿਗਰਾਨੀ ਕਰਨਾ, ਕ੍ਰੈਡਿਟ ਬਿਊਰੋ ਨੂੰ ਧੋਖਾਧੜੀ ਦੀਆਂ ਚਿਤਾਵਨੀਆਂ ਦੀ ਬੇਨਤੀ ਕਰਨਾ ਅਤੇ ਨਕਲੀ ਕ੍ਰੈਡਿਟ ਨਿਗਰਾਨੀ ਸੇਵਾਵਾਂ ‘ਤੇ ਨਜ਼ਰ ਰੱਖਣਾ ਆਦਿ ਸ਼ਾਮਲ ਹਨ।