ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਫਗਾਨਿਸਤਾਨ ਵਿੱਚ ਚੱਲ ਰਹੇ ਸੰਕਟ ਲਈ ਜਿੰਮੇਵਾਰ ਕਿਹਾ ਹੈ। ਅਫਗਾਨਿਸਤਾਨ ਵਿੱਚ ਅਮਰੀਕਾ ਅਤੇ ਹੋਰ ਨਾਟੋ ਦੇਸ਼ਾਂ ਦੁਆਰਾ ਆਪਣੀਆਂ ਤਾਇਨਾਤ ਫੌਜ਼ਾਂ ਨੂੰ ਵਾਪਿਸ ਬੁਲਾਏ ਜਾਣ ਤੋਂ ਬਾਅਦ ਤਾਲਿਬਾਨ ਸਮੂਹ ਦੁਆਰਾ ਸੱਤਾ ਪ੍ਰਾਪਤ ਕਰਨ ਲਈ ਦੇਸ਼ ਦੀ ਰਾਜਧਾਨੀ ਕਾਬੁਲ ‘ਤੇ ਵੀ ਕਬਜਾ ਕਰ ਲਿਆ ਗਿਆ ਹੈ । ਇਸੇ ਦੌਰਾਨ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਦੇਸ਼ ਛੱਡ ਗਏ ਹਨ। ਟਰੰਪ ਨੇ ਐਤਵਾਰ ਨੂੰ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਅਸਤੀਫਾ ਦੇਣ ਦਾ ਸਮਾਂ ਆ ਗਿਆ ਹੈ। ਟਰੰਪ ਅਨੁਸਾਰ ਬਾਈਡੇਨ ਨੇ ਆਪਣੇ ਫੈਸਲਿਆਂ ਨਾਲ ਅਫਗਾਨਿਸਤਾਨ ਵਿੱਚ ਇਹ ਸਭ ਕੁੱਝ ਵਾਪਰਨ ਦੀ ਇਜਾਜ਼ਤ ਦਿੱਤੀ ਹੈ ਇਸਦੇ ਇਲਾਵਾ ਟਰੰਪ ਨੇ ਕੋਰੋਨਾ ਕੇਸਾਂ ਵਿੱਚ ਅਤੇ ਗੈਰ ਕਾਨੂੰਨੀ ਪ੍ਰਵਾਸ ਵਿੱਚ ਵਾਧੇ ਲਈ ਵੀ ਬਾਈਡੇਨ ਪ੍ਰਸ਼ਾਸਨ ‘ਤੇ ਦੋਸ਼ ਲਗਾਏ। ਅਫਗਾਨਿਸਤਾਨ ਦੇ ਇਸ ਸੰਕਟ ਦੌਰਾਨ, ਵਾਈਟ ਹਾਊਸ ਦੇ ਸਲਾਹਕਾਰ ਇਸ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਹਨ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਅਫਗਾਨਿਸਤਾਨ ਦੇ ਸੰਕਟ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ, ਹਾਲਾਂਕਿ, ਇਸ ਬਾਰੇ ਅਜੇ ਕੋਈ ਅੰਤਮ ਫੈਸਲਾ ਨਹੀਂ ਲਿਆ ਗਿਆ ਹੈ ।
