ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਕੈਲੀਫੋਰਨੀਆ ਸਟੇਟ ਦੀ ਕਾਉਂਟੀ ਫਰਿਜ਼ਨੋ ਅਤੇ ਸੈਂਟਰਲ ਵੈਲੀ ਦੀਆਂ ਕੁੱਝ ਹੋਰ ਕਾਉਂਟੀਆਂ ਵਿੱਚ 2020 ਦੀ ਮਰਦਮਸ਼ੁਮਾਰੀ ਵਿੱਚ ਗੋਰੇ ਵਸਨੀਕਾਂ ਦੀ ਆਬਾਦੀ ‘ਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਸਾਲ ਦੀ ਯੂ ਐਸ ਮਰਦਮਸ਼ੁਮਾਰੀ ਦਰਸਾਉਂਦੀ ਹੈ ਕਿ ਫਰਿਜ਼ਨੋ ਕਾਉਂਟੀ ਅਤੇ ਸੈਂਟਰਲ ਸੈਨ ਜੋਆਕਿਨ ਵੈਲੀ ਦੀਆਂ ਨੇੜਲੀਆਂ ਕਾਉਂਟੀਆਂ ਵਿੱਚ, ਆਬਾਦੀ ਪਿਛਲੇ ਇੱਕ ਦਹਾਕੇ ਦੌਰਾਨ ਨਸਲੀ ਤੌਰ ਤੇ ਵਿਭਿੰਨ ਹੋ ਗਈ ਹੈ , ਜਿਹਨਾਂ ਵਿੱਚ ਗੋਰੇ ਮੂਲ ਦੇ ਵਸਨੀਕਾਂ ਦੀ ਗਿਣਤੀ ਬਹੁਤ ਘੱਟ ਹੈ। ਇਸ ਆਬਾਦੀ ਸਬੰਧੀ ਵਿਭਿੰਨਤਾਂ ਇਸ ਹਫ਼ਤੇ ਜਾਰੀ ਕੀਤੀ ਗਈ 2020 ਦੀ ਮਰਦਮਸ਼ੁਮਾਰੀ ਦੇ ਵੇਰਵਿਆਂ ਰਾਹੀਂ ਸਾਹਮਣੇ ਆਈ ਹੈ। ਅੰਕੜਿਆਂ ਅਨੁਸਾਰ 2010 ਵਿੱਚ, ਫਰਿਜ਼ਨੋ ਕਾਉਂਟੀ ਦੇ 55.4% ਵਸਨੀਕਾਂ ਨੇ ਆਪਣੇ ਆਪ ਨੂੰ ਗੋਰੇ ਮੂਲ ਦੇ ਲੋਕਾਂ ਵਜੋਂ ਦਰਜ ਕਰਵਾਇਆ ਜਦਕਿ ਯੂ ਐਸ ਜਨਗਣਨਾ ਬਿਊਰੋ ਨੇ ਵੀਰਵਾਰ ਨੂੰ ਰਿਪੋਰਟ ਕੀਤੀ ਕਿ ਇਹ ਪ੍ਰਤੀਸ਼ਤਤਾ 1 ਅਪ੍ਰੈਲ, 2020 ਤੱਕ ਘੱਟ ਕੇ 41.2% ਹੋ ਗਈ ਹੈ। ਸੈਂਟਰਲ ਵੈਲੀ ਦੀਆਂ 6 ਕਾਉਂਟੀਆਂ ਜਿਹਨਾਂ ਵਿੱਚ ਫਰਿਜ਼ਨੋ, ਕਿੰਗਜ਼, ਮਡੇਰਾ, ਮੈਰੀਪੋਸਾ, ਮਰਸੇਡ ਅਤੇ ਟੂਲੇਰੀ ਕਾਉਂਟੀਆਂ ਸ਼ਾਮਲ ਹਨ , ਨੇ ਗੋਰੇ ਲੋਕਾਂ ਦੀ ਆਬਾਦੀ ਵਿੱਚ ਮਹੱਤਵਪੂਰਣ ਗਿਰਾਵਟ ਵੇਖੀ , ਜਦੋਂ ਕਿ ਆਬਾਦੀ ਦਾ ਜਿਆਦਾਤਰ ਹਿੱਸਾ ਏਸ਼ੀਆਈ ਅਤੇ ਕੁੱਝ ਹੋਰ ਨਸਲਾਂ ਵਜੋਂ ਦਰਜ ਹੋਇਆ। ਮੈਰੀਪੋਸਾ ਕਾਉਂਟੀ ਇਸ ਖੇਤਰ ਦੀ ਇੱਕੋ ਇਕ ਕਾਉਂਟੀ ਹੈ ਜਿਸ ਨੇ ਵਾਈਟ ਬਹੁਗਿਣਤੀ ਵਸਨੀਕਾਂ ਨੂੰ ਕਾਇਮ ਰੱਖਿਆ ਹੈ ਪਰ ਉਥੇ ਵੀ ਗੋਰਿਆਂ ਦੀ ਪ੍ਰਤੀਸ਼ਤਤਾ 2010 ਦੀ ਮਰਦਮਸ਼ੁਮਾਰੀ ਵਿੱਚ 88% ਤੋਂ ਘਟ ਕੇ 2020 ਵਿੱਚ ਸਿਰਫ 78% ਰਹਿ ਗਈ। ਫਰਿਜ਼ਨੋ ਕਾਉਂਟੀ ਅਤੇ ਵੈਲੀ ਵਿੱਚ ਹਿਸਪੈਨਿਕ ਆਬਾਦੀ ਪਿਛਲੇ ਇੱਕ ਦਹਾਕੇ ਵਿੱਚ 169,000 ਤੋਂ ਵੱਧ ਵਧੀ ਹੈ। ਜਿਸ ਤਹਿਤ ਫਰਿਜ਼ਨੋ ਕਾਉਂਟੀ ਵਿੱਚ ਲਗਭਗ 73,000 ਦਾ ਵਾਧਾ ਸ਼ਾਮਲ ਹੈ। ਹਿਸਪੈਨਿਕ ਵਸਨੀਕ ਕਿਸੇ ਵੀ ਨਸਲ ਦੇ ਹੋ ਸਕਦੇ ਹਨ, ਜੋ ਕਿ ਨਸਲੀ ਬਣਤਰ ਦੀ ਬਜਾਏ ਲਾਤੀਨੀ ਅਮਰੀਕੀ ਵਿਰਾਸਤ ‘ਤੇ ਅਧਾਰਤ ਹਨ। ਫਰਿਜ਼ਨੋ ਵਿੱਚ ਕਿਸੇ ਵੀ ਜਾਤੀ ਦੇ ਹਿਸਪੈਨਿਕ ਲੋਕਾਂ ਦੀ ਗਿਣਤੀ 540,000 ਹੈ, ਜੋ ਕਿ ਫਰੈਸਨੋ ਕਾਉਂਟੀ ਦੀ ਆਬਾਦੀ ਦਾ ਲਗਭਗ 53.6% ਹੈ। 2010 ਦੀ ਮਰਦਮਸ਼ੁਮਾਰੀ ਦੇ ਮੁਕਾਬਲੇ ਇਹ ਲਗਭਗ 3.3% ਵਧੀ ਹੈ।