ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਕਈ ਖੇਤਰਾਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜਿਹਨਾਂ ਵਿੱਚ ਡੈਲਟਾ ਵਾਇਰਸ ਦੇ ਜਿਆਦਾ ਮਾਮਲੇ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੇ ਸਬੰਧ ਵਿੱਚ ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ, ਕੋਵੀਡ -19 ਨਾਲ 620,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਵਿਸ਼ਵ ਭਰ ਵਿੱਚ 4.3 ਮਿਲੀਅਨ ਤੋਂ ਵੱਧ ਲੋਕ ਮਾਰੇ ਗਏ ਹਨ। ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਜਾਰੀ ਹੈ ਜਿਸ ਸਬੰਧੀ ਸੀ ਡੀ ਸੀ ਦੇ ਅੰਕੜਿਆਂ ਅਨੁਸਾਰ ਸਿਰਫ 59.1% 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕੋਵਿਡ -19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਸ ਦੌਰਾਨ ਕੋਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ਕਾਰਨ ਹਸਪਤਾਲਾਂ ਵਿੱਚ ਸਿਹਤ ਸਹੂਲਤਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਅਮਰੀਕੀ ਸਟੇਟ ਟੈਕਸਾਸ ਦੇ ਸ਼ਹਿਰ ਹਿਊਸਟਨ ਵਿੱਚ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹੋਣ ਲਈ ਬਿਸਤਰਿਆਂ ਦੀ ਉਡੀਕ ਕਰ ਰਹੇ ਹਨ। ਸਿਹਤ ਵਿਭਾਗ ਅਨੁਸਾਰ ਸ਼ਨੀਵਾਰ ਤੱਕ, ਤਕਰੀਬਨ 575 ਮਰੀਜ਼ ਹਿਊਸਟਨ ਖੇਤਰ ਦੇ ਹਸਪਤਾਲਾਂ ਵਿੱਚ ਇੱਕ ਸਧਾਰਨ ਬਿਸਤਰੇ ਦੀ ਉਡੀਕ ਕਰ ਰਹੇ ਸਨ ਜਦਕਿ 87 ਮਰੀਜ਼ ਇੰਟੈਂਸਿਵ ਕੇਅਰ ਯੂਨਿਟ ਬੈੱਡਾਂ ਦੀ ਉਡੀਕ ਕਰ ਰਹੇ ਸਨ।
ਟੈਕਸਾਸ ਦੇ ਗਵਰਨ ਗ੍ਰੇਗ ਐਬੋਟ ਨੇ ਕੋਵਿਡ -19 ਦੇ ਮਾਮਲਿਆਂ ਨਾਲ ਲਈ ਸੂਬੇ ਤੋਂ ਬਾਹਰ ਦੀ ਸਹਾਇਤਾ ਦੀ ਅਪੀਲ ਕੀਤੀ ਹੈ। ਟੈਕਸਾਸ ਵਿੱਚ ਸ਼ਨੀਵਾਰ ਤੱਕ, ਕੋਵਿਡ -19 ਦੀ ਸ਼ੁਰੂਆਤ ਤੋਂ ਲੈ ਕੇ 3.3 ਮਿਲੀਅਨ ਪੁਸ਼ਟੀ ਕੀਤੇ ਕੇਸ ਦਰਜ ਹੋਣ ਦੇ ਨਾਲ ਤਕਰੀਬਨ 54,289 ਮੌਤਾਂ ਹੋਈਆਂ ਹਨ। ਜਦਕਿ 46.33% ਟੈਕਸਾਸ ਵਾਸੀਆਂ ਨੂੰ ਪੂਰੀ ਤਰ੍ਹਾਂ ਕੋਰੋਨਾ ਟੀਕਾ ਲਗਾਇਆ ਗਿਆ ਹੈ।
