ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੈਤੀ ਦੇਸ਼ ਵਿੱਚ ਆਏ ਜਬਰਦਸਤ ਭੂਚਾਲ ਕਾਰਨ ਹੋਏ ਨੁਕਸਾਨ ਪ੍ਰਤੀ ਦੁੱਖ ਪ੍ਰਗਟ ਕੀਤਾ ਹੈ। ਹੈਤੀ ਵਿੱਚ ਸ਼ਨੀਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਨੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। 7.2 ਦੀ ਤੀਬਰਤਾ ਵਾਲੇ ਭੂਚਾਲ ਨੇ ਸਵੇਰੇ 8:30 ਵਜੇ ਦੇ ਕਰੀਬ ਇਸ ਗਰੀਬ ਟਾਪੂ ਦੇਸ਼ ਨੂੰ ਹਿਲਾ ਦਿੱਤਾ ਅਤੇ ਜਿਆਦਾਤਰ ਇਮਾਰਤਾਂ ਢਹਿ ਢੇਰੀ ਹੋ ਗਈਆਂ । ਇਸ ਸਬੰਧੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਕਿ ਅਮਰੀਕਾ ਹੈਤੀ ਦੀ ਤੁਰੰਤ ਮਦਦ ਲਈ ਕੰਮ ਕਰ ਰਿਹਾ ਹੈ। ਜਿਸ ਲਈ ਰਾਸ਼ਟਰਪਤੀ ਨੇ ਯੂ ਐਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਦੇ ਐਡਮਨਿਸਟ੍ਰੇਸ਼ਨ ਨੂੰ ਤੁਰੰਤ ਯੂ ਐਸ ਸਹਾਇਤਾ ਲਈ ਨਿਰਦੇਸ਼ਤ ਕੀਤਾ ਹੈ। ਰਾਸ਼ਟਰਪਤੀ ਨੇ ਜਾਣਕਾਰੀ ਦਿੱਤੀ ਕਿ ਏਜੰਸੀ ਭੁਚਾਲ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਯਤਨਾਂ ਵਿੱਚ ਸਹਾਇਤਾ ਕਰੇਗੀ ਅਤੇ ਜ਼ਖਮੀਆਂ ਆਦਿ ਨੂੰ ਠੀਕ ਕਰਨ ਦੇ ਯਤਨਾਂ ਵਿੱਚ ਵੀ ਸਹਾਇਤਾ ਕਰੇਗੀ। ਰਾਸ਼ਟਰਪਤੀ ਅਨੁਸਾਰ ਅਮਰੀਕਾ ਹੈਤੀ ਦੇ ਲੋਕਾਂ ਦਾ ਕਰੀਬੀ ਅਤੇ ਸਥਾਈ ਮਿੱਤਰ ਬਣਿਆ ਹੋਇਆ ਹੈ, ਅਤੇ ਇਸ ਦੁਖਾਂਤ ਦੇ ਬਾਅਦ ਵੀ ਇਹ ਮਿੱਤਰਤਾ ਬਣੀ ਰਹੇਗੀ।
