ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੇ ਫਲੋਰਿਡਾ ਵਿੱਚ ਇੱਕ ਛੋਟੇ ਬੱਚੇ ਦੁਆਰਾ ਵੀਡੀਓ ਕਾਲ ਕਰ ਰਹੀ ਆਪਣੀ ਮਾਂ ਦੇ ਸਿਰ ਵਿੱਚ ਗੋਲੀ ਮਾਰ ਕੇ ਉਸਦੀ ਜਾਨ ਲੈਣ ਦੀ ਘਟਨਾ ਵਾਪਰੀ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਾਂ ਨੂੰ ਉਸ ਦੇ ਛੋਟੇ ਬੱਚੇ ਨੇ ਕੰਮ ਸਬੰਧੀ ਜ਼ੂਮ ਵੀਡੀਓ ਕਾਲ ਦੇ ਦੌਰਾਨ ਗੋਲੀ ਮਾਰ ਦਿੱਤੀ, ਜਿਸ ਦੀ ਪੁਲਿਸ ਨੂੰ ਸੂਚਨਾ ਵੀਡਿਓ ਕਾਲ ਵਿੱਚ ਮੌਜੂਦ ਮਹਿਲਾ ਦੇ ਇੱਕ ਸਾਥੀ ਨੇ 911 ‘ਤੇ ਕਾਲ ਕਰਕੇ ਦਿੱਤੀ। ਪੁਲਿਸ ਦੇ ਅਨੁਸਾਰ, 21 ਸਾਲਾਂ ਸ਼ਮਾਇਆ ਲੀਨ ਬੁੱਧਵਾਰ ਨੂੰ ਫਲੋਰਿਡਾ ਦੇ ਅਲਟਾਮੋਂਟੇ ਸਪਰਿੰਗਸ ਦੇ ਅਪਾਰਟਮੈਂਟ ਵਿੱਚ ਆਪਣੇ ਕੰਮ ਨਾਲ ਸਬੰਧਿਤ ਜੂਮ ਵੀਡੀਓ ਮੀਟਿੰਗ ਵਿੱਚ ਹਿੱਸਾ ਲੈ ਰਹੀ ਸੀ। ਇਸੇ ਦੌਰਾਨ ਹੀ ਉਸਦੇ ਦੋ ਬੱਚਿਆਂ ਵਿੱਚੋਂ ਇੱਕ ਨੇ ਘਰ ਵਿੱਚ ਅਸੁਰੱਖਿਅਤ ਪਈ ਲੋਡ ਕੀਤੀ ਹੋਈ ਗੰਨ ਚੁੱਕ ਲਈ ਅਤੇ ਉਸਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਜਿਸ ਉਪਰੰਤ ਜੂਮ ਵੀਡੀਓ ਕਾਲ ‘ਚ ਸ਼ਾਮਲ ਇੱਕ ਔਰਤ ਨੇ ਰੌਲਾ ਅਤੇ ਲੀਨ ਨੂੰ ਪਿੱਛੇ ਵੱਲ ਡਿੱਗਦਿਆਂ ਵੇਖ ਕੇ 911 ‘ਤੇ ਸੂਚਨਾ ਦਿੱਤੀ। ਇਸਦੇ ਇਲਾਵਾ ਇੱਕ ਹੋਰ ਆਦਮੀ ਜਿਸਨੇ ਆਪਣੀ ਪਛਾਣ ਲੀਨ ਦੇ ਪੁਰਸ਼ ਦੋਸਤ ਵਜੋਂ ਕੀਤੀ , ਨੇ ਵੀ ਘਰ ਆ ਕੇ 911 ‘ਤੇ ਫੋਨ ਕੀਤਾ ਅਤੇ ਆਪਣੇ ਆਪ ਨੂੰ ਬੱਚਿਆਂ ਦਾ ਪਿਤਾ ਦੱਸਿਆ। ਇਸ ਵਿਅਕਤੀ ਨੂੰ ਘਰ ਵਿੱਚ ਅਸੁਰੱਖਿਅਤ ਢੰਗ ਨਾਲ ਬੰਦੂਕ ਰੱਖਣ ਲਈ ਘਟਨਾ ਸਥਾਨ ‘ਤੇ ਹੱਥਕੜੀਆਂ ਲਗਾਈਆਂ ਗਈਆਂ। ਪੁਲਿਸ ਰਿਪੋਰਟ ਅਨੁਸਾਰ ਇਸ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੱਚਿਆਂ ਦਾ ਪਿਤਾ ਹੈ। ਅਧਿਕਾਰੀਆਂ ਅਨੁਸਾਰ ਇਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਗਈ ਪਰ ਗ੍ਰਿਫਤਾਰ ਨਹੀਂ ਕੀਤਾ ਗਿਆ।
