ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸਥਿਤ ਇੱਕ ਮਿਲਟਰੀ ਬੇਸ ਨੂੰ ਸ਼ੁੱਕਰਵਾਰ ਨੂੰ ਤਕਰੀਬਨ ਦੋ ਘੰਟਿਆਂ ਲਈ ਲਾਕਡਾਊਨ ਕਰਨ ਦੀ ਸਥਿਤੀ ਪੈਦਾ ਹੋਈ। ਇਸ ਘਟਨਾ ਬਾਰੇ ਅਧਿਕਾਰੀਆਂ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਬੇਸ ਨੂੰ ਇੱਕ ਬਾਹਰੀ ਹਥਿਆਰਬੰਦ ਵਿਅਕਤੀ ਦੇ ਅੰਦਰ ਆ ਜਾਣ ਕਾਰਨ ਬੰਦ ਕੀਤਾ ਗਿਆ। ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਵਾਸ਼ਿੰਗਟਨ ਦੇ ਮਿਲਟਰੀ ਜੁਆਇੰਟ ਬੇਸ ਐਨਾਕੋਸਟੀਆ-ਬੋਲਿੰਗ ਦੇ ਮੈਦਾਨਾਂ ਵਿੱਚ ਇਹ ਹਥਿਆਰਬੰਦ ਵਿਅਕਤੀ ਆਲੇ ਦੁਆਲੇ ਦੀਆਂ ਗਲੀਆਂ ‘ਚ ਗੋਲੀਆਂ ਚੱਲਣ ਦੀ ਇੱਕ ਸਥਾਨਕ ਪੁਲਿਸ ਜਾਂਚ ਦੌਰਾਨ ਦੌੜ ਕੇ ਦਾਖਲ ਹੋਇਆ। ਮਿਲਟਰੀ ਬੇਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਘੁਸਪੈਠ ਦੇ ਬਾਅਦ ਇਸ ਵਿਅਕਤੀ ਨੂੰ ਦੁਪਹਿਰ 2:45 ਵਜੇ ਦੇ ਕਰੀਬ ਹਿਰਾਸਤ ਵਿੱਚ ਲਿਆ ਗਿਆ। ਇਸ ਵਿਅਕਤੀ ਦਾ ਨਾਮ ਫਿਲਹਾਲ ਨਹੀਂ ਦੱਸਿਆ ਗਿਆ ਹੈ ਅਤੇ ਇਸ ਨੂੰ ਵਾਸ਼ਿੰਗਟਨ ਦੇ ਮੈਟਰੋਪੋਲੀਟਨ ਪੁਲਿਸ ਵਿਭਾਗ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਮਿਲਟਰੀ ਬੇਸ ਦੀ ਤਾਲਾਬੰਦੀ ਕਰੀਬ 3 ਵਜੇ ਹਟਾਈ ਗਈ, ਜਿਸ ਉਪਰੰਤ ਆਵਾਜਾਈ ਚਾਲੂ ਹੋਈ ਅਤੇ ਇਸ ਘਟਨਾ ਕਰਕੇ ਫਿਲਹਾਲ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਦੱਖਣ-ਪੂਰਬੀ ਵਾਸ਼ਿੰਗਟਨ ਵਿੱਚ 905 ਏਕੜ ਖੇਤਰ ਵਿਚਲਾ ਇਹ ਮਿਲਟਰੀ ਬੇਸ ਏਅਰ ਫੋਰਸ, ਮਰੀਨ ਕੋਰ ਅਤੇ ਕੋਸਟ ਗਾਰਡ ਯੂਨਿਟਾਂ ਦੇ ਨਾਲ ਨਾਲ ਨੇਵਲ ਕ੍ਰਿਮੀਨਲ ਇਨਵੈਸਟੀਗੇਟਿਵ ਸਰਵਿਸ ਦੇ ਵਾਸ਼ਿੰਗਟਨ ਫੀਲਡ ਦਫਤਰ ਅਤੇ ਡਿਫੈਂਸ ਇੰਟੈਲੀਜੈਂਸ ਏਜੰਸੀ ਦਾ ਮੁੱਖ ਦਫਤਰ ਹੈ।
