8.9 C
United Kingdom
Saturday, April 19, 2025

More

    ਅਨਿਲ ਜੋਸ਼ੀ ਮਾਮਲਾ: ਮੋਹਿਤ ਗੁਪਤਾ ਵੱਲੋਂ ਭਾਜਪਾ ਖਿਲਾਫ ਬਗਾਵਤ

    ਬਠਿੰਡਾ (ਅਸ਼ੋਕ ਵਰਮਾ) ਭਾਜਪਾ ਦੀ ਸੂਬਾ ਕਮੇਟੀ ਦੇ ਮੈਂਬਰ ਅਤੇ ਯੁਵਾ ਮੋਰਚਾ ਦੇ ਸਾਬਕਾ ਪ੍ਰਧਾਨ ਮੋਹਿਤ ਗੁਪਤਾ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਭਾਰਤੀ ਜੰਤਾ ਪਾਰਟੀ ਦੀ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ ਵਾਲੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਹੱਕ ’ਚ ਅਵਾਜ਼ ਬੁਲੰਦ ਕਰਨ ਤੋਂ ਬਾਅਦ ਅੱਜ ਆਪਣੀ ਹੀ ਪਾਰਟੀ ਖਿਲਾਫ ਬਗਾਵਤ ਕਰ ਦਿੱਤੀ ਹੈ। ਮੋਹਿਤ ਗੁਪਤਾ ਨੇ ਅੱਜ ਬਠਿੰਡਾ ’ਚ ਅਨਿਲ ਜੋਸ਼ੀ ਅਤੇ ਆਪਣੀ ਤਸਵੀਰ ਵਾਲੀਆਂ ਫਲੈਕਸਾਂ ਅਤੇ  ਪੋਸਟਰ ਲਾਏ ਹਨ ਜੋ ਇੱਕ ਤਰਾਂ ਨਾਲ ਬਾਗੀ ਹੋਣ ਦਾ ਪਹਿਲਾ ਸੰਕੇਤ ਹੈ। ਫਲੈਕਸਾਂ ਤੇ ਲਿਖਿਆ ਹੈ ਕਿ ‘ਪੰਜਾਬੀ ਹਾਂ ਪੰਜਾਬ ਦੀ ਗੱਲ ਕਰਾਂਗੇ, ਹਰ ਮੁਸ਼ਕਲ ਦਾ ਹੱਲ ਕਰਾਂਗੇ’। ਮੋਹਿਤ  ਗੁਪਤਾ ਦੇ ਇਸ ਪੈਂਤੜੇ ਨੂੰ ਇੱਕ ਤਰਾਂ ਨਾਲ  ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰਨ ਅਤੇ ਕਿਸਾਨਾਂ ਦੇ ਪੱਖ ਵਿੱਚ ਡਟਣ ਦੇ ਰੂਪ ’ਚ ਦੇਖਿਆ ਜਾ ਰਿਹਾ ਹੈ। ਮਹੱਤਵਪੂਰਨ ਤੱਥ ਹੈ ਕਿ ਸੂਬਾ ਲੀਡਰਸ਼ਿਪ ਮੋਹਿਤ ਗੁਪਤਾ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਦਾ ਜਵਾਬ ਦਿੱਤੇ ਨੂੰ ਕਰੀਬ ਮਹੀਨਾ ਹੋ ਜਾਣ ਦੇ ਬਾਵਜੂਦ ਵੀ ਕੋਈ ਫੈਸਲਾ ਨਹੀਂ ਲੈ ਸਕੀ ਹੈ। ਇਹ ਨੋਟਿਸ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਨੇ ਉਦੋਂ ਜਾਰੀ ਕੀਤਾ ਸੀ ਜਦੋਂ ਮੋਹਿਤ ਗੁਪਤਾ ਨੇ ਅਨਿਲ ਜੋਸ਼ੀ ਵੱਲੋਂ ਕਿਸਾਨਾਂ ਦੇ ਪੱਖ ’ਚ ਦਿੱਤੇ ਬਿਆਨ ਨੂੰ ਸਹੀ ਕਰਾਰ ਦਿੰਦਿਆਂ ਪਾਰਟੀ ਨੂੰ ਨਜ਼ਰਸਾਨੀ ਕਰਨ ਦੀ ਨਸੀਹਤ ਦਿੱਤੀ ਸੀ। ਇਸ ਨੂੰ ਦੇਖਦਿਆਂ ਜਿਲ੍ਹਾ ਬੀਜੇਪੀ ਮੋਹਿਤ ਗੁਪਤਾ ਦੇ ਵਿਰੋਧ ’ਚ ਉੱਤਰ ਆਈ ਹੈ। ਮੋਹਿਤ ਗੁਪਤਾ ਨੂੰ ਦੋ ਦਿਨ ਪਹਿਲਾਂ ਪਾਰਟੀ ਦੇ ਵਟਸਐਪ ਗੁਰੱਪ ਚੋਂ ‘ਰਿਮੂਵ’ ਕਰ ਦਿੱਤਾ ਗਿਆ ਹੈ। ਪਾਰਟੀ ਦੇ ਆਗੂਆਂ ਦੀ ਅੰਦਰੂਨੀ ਸੋਚ ਕੋਈ ਵੀ ਹੋਵੇ ਪਰ ਹਾਲ ਦੀ ਘੜੀ ਉਹ ਮੋਹਿਤ ਗੁਪਤਾ ਨਾਲ ਬੋਲਬਾਣੀ ਤੋਂ ਗੁਰੇਜ਼ ਕਰ ਰਹੇ ਹਨ । ਇੱਕ ਆਗੂ ਨੇ ਆਫ ਦਾ ਰਿਕਾਰਡ ਮੰਨਿਆ ਕਿ ਇਹ ਵੇਲਾ ਲੋਕਾਂ ਨੂੰ ਨਾਲ ਜੋੜਨ ਦਾ ਹੈ ਤੋੜਨ ਦਾ ਨਹੀਂ।
    ਭਾਜਪਾ ਵਿਚਲੇ ਅਹਿਮ ਸੂਤਰਾਂ ਨੇ ਦੱਸਿਆ ਹੈ ਕਿ ਮੋਹਿਤ ਗੁਪਤਾ ਨੂੰ ਪਾਰਟੀ ਵਿੱਚੋਂ ਬਰਖਾਸਤ ਕਰਨ ਵਰਗੀ ਸਖਤ ਕਾਰਵਾਈ ਨਾਲ ਭਾਜਪਾ ’ਚ ਨਵੇਂ ਕਿਸਮ ਦਾ ਅੰਦਰੂਨੀ ਸੰਕਟ ਹੋਰ ਵਧ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਨਿਲ ਜੋਸ਼ੀ ਅਤੇ ਮੋਹਿਤ ਗੁਪਤਾ ਤੋਂ ਇਲਾਵਾ ਹੋਰ ਵੀ ਕਈ ਭਾਜਪਾ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਨੂੰ ਹਕੀਕਤ ਤੋਂ ਜਾਣੂੰ ਕਰਵਾਉਣ ਦੀ ਕੋਸ਼ਿਸ਼ ਕੀਤੀ  ਹੈ। ਇਸ ਕਰਕੇ ਇਹ Çਂੲਕੱਲਾ ਮੋਹਿਤ ਗੁਪਤਾ ਖਿਲਾਫ ਕਾਰਵਾਈ ਦਾ ਸਵਾਲ ਨਹੀਂ ਹੈ ਬਲਕਿ ਪਾਰਟੀ ਨੂੰ ਜੋਸ਼ੀ ਦੀ ਤਰਜ਼ ਤੇ ਬਿਆਨ ਜਾਰੀ ਕਰਨ ਵਾਲੇ ਭਾਜਪਾ ਦੇ ਇੱਕ ਹੋਰ ਸੀਨੀਅਰ ਆਗੂ ਵਿਰੁੱਧ ਵੀ ਸਖਤ ਸਟੈਂਡ ਲੈਣਾ ਪੈ ਸਕਦਾ ਹੈ। ਉਨ੍ਹਾਂ ਮੰਨਿਆ ਕਿ ਪੰਜਾਬ ਵਿੱਚ ਭਾਜਪਾ ਲਈ ਹਾਲਾਤ ਸਾਜ਼ਗਾਰ ਨਾਂ ਹੋਣ ਦੇ ਬਾਵਜੂਦ ਸੂਬਾ ਲੀਡਰ  ਕੰਧ ਤੇ ਲਿਖਿਆ ਕਿਓਂ ਨਹੀਂ ਪੜ੍ਹ ਰਹੇ ਹਨ ਜਦੋਂਕਿ ਕੇਂਦਰ ਨੂੰ ਹਕੀਕਤ ਦੱਸਣੀ ਚਾਹੀਦੀ ਹੈ।

    ਸਥਿਤੀ ਤੇ ਨਜ਼ਰ-ਅਸ਼ਵਨੀ ਸ਼ਰਮਾ

    ਭਾਰਤੀ ਜੰਤਾ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਸੀ ਕਿ ਮੋਹਿਤ ਗੁਪਤਾ ਨੂੰ ਜਾਰੀ ਨੋਟਿਸ ਸਬੰਧੀ ਦਿੱਤੇ ਜਵਾਬ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਪ ਜਲਦੀ ਹੀ ਫੈਸਲਾ ਲੈ ਲਿਆ ਜਾਏਗਾ। ਮੋਹਿਤ ਗੁਪਤਾ ਵੱਲੋਂ ਲਾਈਆਂ ਫਲੈਕਸਾਂ ਸਬੰਧੀ ਸਵਾਲ ਦੇ ਜਵਾਬ ’ਚ ਸ਼੍ਰੀ ਸ਼ਰਮਾ ਨੇ ਕਿਹਾ ਕਿ ਉਹ ਸਥਿਤੀ ਤੇ ਨਜ਼ਰ ਰੱਖ ਰਹੇ ਹਨ।  

    ਪਾਰਟੀ ਵਿੱਚੋਂ ਕੱਢਿਆ ਹੀ ਸਮਝੋ:ਬਿੰਟਾ

    ਭਾਰਤੀ ਜੰਤਾ ਪਾਰਟੀ ਦੇ ਜਿਲ੍ਹਾ ਪ੍ਰਧਾਨ ਵਿਨੋਦ ਬਿੰਟਾ ਦਾ ਕਹਿਣਾ ਸੀ ਕਿ ਮੋਹਿਤ ਗੁਪਤਾ ਦੇ ਸਬੰਧ ’ਚ ਅਜੇ ਹਾਈਕਮਾਂਡ ਦਾ ਫੈਸਲਾ ਤਾਂ ਨਹੀਂ ਆਇਆ ਪਰ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਦੇਖਦਿਆਂ ਪਾਰਟੀ ਵਿੱਚੋਂ ਕੱਢਿਆ ਹੀ ਸਮਝਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਹੀ ਉਨ੍ਹਾਂ ਨੇ ਪਾਰਟੀ ਦੇ ਜਿਲ੍ਹਾ ਪੱਧਰੀ ਵਟਸਐਪ ਗੁਰੱਪ ਵਿੱਚੋਂ ‘ਰਿਮੂਵ’ ਕੀਤਾ ਹੈ।

    ਸਮਰਪਿਤ ਵਰਕਰਾਂ ਨੂੰ ਕੱਢਣ ਦੀ ਕਾਹਲੀ

    ਭਾਜਪਾ ਆਗੂ ਮੋਹਿਤ ਗੁਪਤਾ ਦਾ ਕਹਿਣਾ ਸੀ ਕਿ  ਅਸਲ ’ਚ ਸੂਬਾ ਲੀਡਰਸ਼ਿਪ ’ਚ ਕੁੱਝ ਅਜਿਹੀ ਟੋਲੀ ਬੈਠੀ ਹੈ ਜੋ ਪਾਰਟੀ ਨੂੰ ਸਮਰਪਿਤ ਵਰਕਰਾਂ ਨੂੰ ਬਾਹਰ ਕੱਢਣ ਦੀ ਕਾਹਲੀ ’ਚ ਹੈ। ਉਨ੍ਹਾਂ ਆਖਿਆ ਕਿ ਪੰਜਾਬ ਭਾਜਪਾ ਦੇ ਲੀਡਰਾਂ ਨੂੰ ਬਾਹਰ ਰੱਖਕੇ ਅੰਦੋਲਨਕਾਰੀ ਕਿਸਾਨਾਂ ਦੀ ਗੱੱਲ ਸੁਣੀ ਜਾਣੀ ਚਾਹੀਦੀ ਹੈੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੇ ਪੰਜਾਬ ’ਚ ਭਾਈਚਾਰਾ ਤਬਾਹ ਕਰ ਦਿੱਤਾ ਹੈ ਜੋਕਿ ਚਿੰਤਾਜਨਕ  ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਜੀਐਸਟੀ ’ਚ ਸੌ ਦੇ ਕਰੀਬ ਬਦਲਾਅ ਕੀਤੇ ਜਾ ਸਕਦੇ ਹਨ ਤਾਂ ਖੇਤੀ ਕਾਨੂੰਨ ਕਿਓਂ ਨਹੀਂ ਵਿਚਾਰੇ ਜਾ ਸਕਦੇ ਹਨ।

    ਭਾਜਪਾ ਨੂੰ ਕਿਸਾਨੀ ਦਾ ਸੇਕ

    ਦੱਸਣਯੋਗ ਹੈ ਕਿ ਹੈ ਕਿ ਭਾਜਪਾ ਨੂੰ ਕਿਸਾਨਾਂ ਦੇ ਜਬਰਦਸਤ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਕ ਵਿਧਾਇਕ ਨੂੰ ਨਿਰਵਸਤਰ ਕਰ ਦਿੱਤਾ ਸੀ ਅਤੇ  ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਮਨੋਰੰਜਨ ਕਾਲੀਆ, ਸ਼ਵੇਤ ਮਲਿਕ , ਪ੍ਰਵੀਨ ਬਾਂਸਲ ਅਤੇ ਭੁਪੇਸ਼ ਅਗਰਵਾਲ ਆਦਿ ਲੀਡਰ ਕਿਸਾਨੀ ਦੇ ਸੇਕ ਝੱਲ ਚੁੱਕੇ ਹਨ। ਚੋਣਾਂ ਸਿਰ ’ਤੇ ਹੋਣ ਕਾਰਨ ਬੀਜੇਪੀ ਦੀ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਜਦੋਂਕਿ ਲੀਡਰ ਪੰਜਾਬ ’ਚ ਅਗਲੀ ਸਰਕਾਰ ਬਨਾਉਣ ਦਾ ਦਾਅਵਾ ਕਰ ਰਹੇ ਹਨ। ਪੇਂਡੂ ਖੇਤਰਾਂ ’ਚ ਤਾਂ ਕਿਸਾਨਾਂ ਦੇ ਡਰੋਂ ਕੋਈ ਵੀ ਭਾਜਪਾ ਆਗੂ ਬੋਲਣ ਨੂੰ ਤਿਆਰ ਨਹੀਂ ਹੈ।  

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!