8.9 C
United Kingdom
Saturday, April 19, 2025

More

    ਸਕਾਟਲੈਂਡ ਦੇ ਛੇ ਸ਼ਹਿਰ ਹੋਏ ਯੂਕੇ ਦੇ ਸਭ ਤੋਂ ਕਿਫਾਇਤੀ ਸਥਾਨਾਂ ਵਿੱਚ ਸ਼ਾਮਲ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਨਿਵਾਸੀਆਂ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਸਕਾਟਲੈਂਡ ਦੇ ਛੇ ਸ਼ਹਿਰ ਯੂਕੇ ਦੇ ਸਭ ਤੋਂ ਕਿਫਾਇਤੀ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਹੋਏ ਹਨ। ਇਹਨਾਂ ਸ਼ਹਿਰਾਂ ਵਿੱਚ ਗਲਾਸਗੋ ਅਤੇ ਏਬਰਡੀਨ ਵੀ ਸ਼ਾਮਲ ਹਨ, ਜਿਹਨਾਂ ਨੂੰ ਇੱਕ ਨਵੇਂ ਅਧਿਐਨ ਦੇ ਅਨੁਸਾਰ ਯੂਕੇ ਵਿੱਚ ਸਭ ਤੋਂ ਸਸਤੇ ਤੇ ਕਿਫਾਇਤੀ ਹੋਣ ਦਾ ਨਾਮ ਦਿੱਤਾ ਗਿਆ ਹੈ। ਯੂਕੇ ਦੀ ਬੈਕਿੰਗ ਫਰਮ ਹੈਲੀਫੈਕਸ ਨੇ ਇਸ ਸੂਚੀ ਵਿੱਚ ਸ਼ਾਮਲ ਸ਼ਹਿਰਾਂ ਦੀ ਕੀਮਤ-ਤੋਂ-ਕਮਾਈ (ਪਰਾਈਸ ਟੂ ਅਰਨਿੰਗ) ਦੇ ਅਨੁਪਾਤ ਨੂੰ ਮਾਪਿਆ ਹੈ, ਔਸਤਨ ਮਕਾਨ ਦੀ ਕੀਮਤ ਅਤੇ ਔਸਤ ਸਾਲਾਨਾ ਕਮਾਈ ਨੂੰ ਅਧਿਐਨ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਬੈਂਕਿੰਗ ਫਰਮ ਦੇ ਅਧਿਐਨ ਅਨੁਸਾਰ ਸਟਰਲਿੰਗ ਸਕਾਟਲੈਂਡ ਵਿੱਚ ਸਭ ਤੋਂ ਸਸਤੀ (ਕਿਫਾਇਤੀ) ਜਗ੍ਹਾ ਹੈ, ਜਿੱਥੇ ਜਾਇਦਾਦ ਖਰੀਦਣ ਦੀ ਔਸਤ ਕੀਮਤ ਲਗਭਗ 208,000 ਪੌਂਡ ਹੈ ਜਦੋਂ ਕਿ ਔਸਤ  ਸਾਲਾਨਾ ਕਮਾਈ 38,000 ਪੌਂਡ ਤੋਂ ਵੱਧ ਹੈ।ਇਸ ਸਕਾਟਿਸ਼ ਕਸਬੇ ਤੋਂ ਬਾਅਦ ਏਬਰਡੀਨ, ਗਲਾਸਗੋ, ਪਰਥ, ਇਨਵਰਨੇਸ ਅਤੇ ਡੰਡੀ ਦਾ ਨਾਮ ਆਉਂਦਾ ਹੈ। ਹੈਲੀਫੈਕਸ ਨੇ ਆਪਣੇ ਸਰਵੇ ਵਿੱਚ ਦੇਖਿਆ ਕਿ ਯੂਕੇ ਵਿੱਚ ਘਰ ਖਰੀਦਣ ਦੀ ਕੀਮਤ ਪਿਛਲੇ ਸਾਲ ਵਿੱਚ ਤਾਲਾਬੰਦੀ ਦੌਰਾਨ 10.3 ਪ੍ਰਤੀਸ਼ਤ ਵਧੀ ਹੈ। ਜਿਸਦਾ ਮਤਲਬ ਜਾਇਦਾਦ ਦੀ ਕੀਮਤ ਔਸਤ ਆਮਦਨੀ ਨਾਲੋਂ ਤਕਰੀਬਨ 8.1 ਗੁਣਾ ਵਧੀ ਹੈ ਅਤੇ ਅਧਿਐਨ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਯੂਕੇ ‘ਚ ਔਸਤਨ ਸ਼ਹਿਰੀ ਮਕਾਨਾਂ ਦੀ ਕੀਮਤ 287,440 ਪੌਂਡ ਹੋ ਗਈ ਹੈ। ਜਦਕਿ ਔਸਤ ਕਮਾਈ ਸਿਰਫ 2.1 ਫੀਸਦੀ ਸਾਲਾਨਾ ਵਧ ਕੇ, 35,677 ਪੌਂਡ ਹੋਈ ਹੈ। ਇਸਦੇ ਇਲਾਵਾ 2011 ਤੋਂ 2013 ਤੱਕ 5.6 ਫੀਸਦੀ ‘ਤੇ ਰਹਿਣ ਤੋਂ ਬਾਅਦ, ਯੂਕੇ ਦੇ ਸ਼ਹਿਰਾਂ ਵਿੱਚ ਮਕਾਨ ਦੀ ਕੀਮਤ ਤੋਂ ਕਮਾਈ ਦਾ ਅਨੁਪਾਤ ਪਿਛਲੇ ਅੱਠ ਸਾਲਾਂ ਤੋਂ ਹਰ ਸਾਲ ਵਧਦਾ ਗਿਆ ਹੈ। ਪਰ ਕਈ ਸ਼ਹਿਰ ਅਜੇ ਵੀ ਸਮੁੱਚੇ ਤੌਰ ‘ਤੇ ਯੂਕੇ ਨਾਲੋਂ ਵਧੇਰੇ ਕਿਫਾਇਤੀ ਹਨ, ਜਿੱਥੇ ਘਰ ਦੀ ਕੀਮਤ ਤੋਂ ਕਮਾਈ ਦਾ ਅਨੁਪਾਤ 8.5 ਹੈ।ਇਸ ਸੰਸਥਾ ਦੀ ਸੂਚੀ ਅਨੁਸਾਰ ਡੇਰੀ/ਲੰਡਨਡੇਰੀ ਨੇ ਲਗਾਤਾਰ ਤੀਜੇ ਸਾਲ ਯੂਕੇ ਦੇ ਸਭ ਤੋਂ ਕਿਫਾਇਤੀ ਸ਼ਹਿਰ ਵਜੋਂ ਆਪਣਾ ਸਥਾਨ ਸੰਭਾਲਿਆ ਹੈ, ਜਿਸਦਾ ਕੀਮਤ-ਤੋਂ-ਕਮਾਈ ਅਨੁਪਾਤ 4.7 ਹੈ। ਜਦਕਿ ਵਿਨਚੈਸਟਰ ਦੀ ਪਛਾਣ ਯੂਕੇ ਦੇ ਸਭ ਤੋਂ ਘੱਟ ਕਿਫਾਇਤੀ ਸ਼ਹਿਰ ਵਜੋਂ ਕੀਤੀ ਗਈ ਸੀ, ਜਿਸਨੇ ਇਸ ਸਾਲ ਆਕਸਫੋਰਡ ਦੀ ਥਾਂ ਲਈ ਹੈ, ਜਿੱਥੇ ਘਰਾਂ ਦੀ ਕੀਮਤ ਸਾਲਾਨਾ ਕਮਾਈ ਨਾਲੋਂ 14 ਗੁਣਾ ਵੱਧ ਹੈ। ਲੰਡਨ ਛੇ ਸਾਲਾਂ ਵਿੱਚ ਪਹਿਲੀ ਵਾਰ ਚੋਟੀ ਦੇ ਪੰਜ ਸਭ ਤੋਂ ਘੱਟ ਕਿਫਾਇਤੀ ਸ਼ਹਿਰਾਂ ਤੋਂ ਬਾਹਰ ਹੋਇਆ ਹੈ। ਇਸਦੇ ਨਾਲ ਹੀ ਇੱਕ ਸਾਲ ਪਹਿਲਾਂ ਦੇ ਮੁਕਾਬਲੇ ਸੱਤ ਸ਼ਹਿਰਾਂ ਵਿੱਚ ਰਿਹਾਇਸ਼ ਦੀ ਸਮਰੱਥਾ ਵਿੱਚ ਸੁਧਾਰ ਹੋਇਆ ਜਿਹਨਾਂ ਵਿੱਚ ਆਕਸਫੋਰਡ, ਕਾਰਲਿਸਲ, ਪੋਰਟਸਮਥ, ਡਰਹਮ, ਸੈਲਫੋਰਡ, ਇਨਵਰਨੇਸ ਅਤੇ ਗਲਾਸਗੋ ਸ਼ਾਮਲ ਹਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!