ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਫਲੋਰਿਡਾ ਦੀ ਇੱਕ ਕਾਉਂਟੀ ਵਿੱਚ ਕੋਰੋਨਾ ਵਾਇਰਸ ਕਾਰਨ ਤਕਰੀਬਨ 440 ਵਿਦਿਆਰਥੀ ਕੋਵਿਡ -19 ਦੇ ਕਾਰਨ ਇਕਾਂਤਵਾਸ ਹੋਏ ਹਨ। ਫਲੋਰਿਡਾ ਦੀ ਪਾਮ ਬੀਚ ਕਾਉਂਟੀ ਦੇ ਸਕੂਲ ਡਿਸਟ੍ਰਿਕਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ -19 ਦੇ ਕਾਰਨ, ਫਲੋਰੀਡਾ ਦੀ ਪਾਮ ਬੀਚ ਕਾਉਂਟੀ ਵਿੱਚ ਕੁੱਲ 440 ਵਿਦਿਆਰਥੀਆਂ ਨੂੰ ਕੁਆਰੰਟੀਨ ‘ਚ ਰੱਖਿਆ ਗਿਆ ਹੈ। ਇਸ ਕਾਉਂਟੀ ਦੇ ਸਕੂਲ ਡਿਸਟ੍ਰਿਕਟ ਨੇ ਪਿਛਲੇ ਸਾਲ ਮਾਰਚ ਤੋਂ ਬਾਅਦ ਪਹਿਲੀ ਵਾਰ ਮੰਗਲਵਾਰ ਨੂੰ ਵਿਅਕਤੀਗਤ ਕਲਾਸਾਂ ਦੇ ਨਾਲ ਸਕੂਲੀ ਸਾਲ ਦੀ ਸ਼ੁਰੂਆਤ ਕੀਤੀ ਸੀ। ਇਸ ਖੇਤਰ ਦੇ ਸਾਰੇ ਵਿਦਿਆਰਥੀਆਂ ਲਈ ਸਕੂਲਾਂ ਅਤੇ ਬੱਸਾਂ ਦੇ ਅੰਦਰ ਚਿਹਰੇ ਨੂੰ ਮਾਸਕ ਨਾਲ ਢਕਣ ਦੀ ਲੋੜ ਹੈ, ਇਸ ਦੇ ਬਾਵਜੂਦ ਵੀ ਸਕੂਲੀ ਵਿਦਿਆਰਥੀ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ। ਕੋਵਿਡ -19 ਡੈਸ਼ਬੋਰਡ ਦੇ ਅਨੁਸਾਰ, ਹੁਣ ਤੱਕ ਇਸ ਸਕੂਲ ਡਿਸਟ੍ਰਿਕਟ ਦੇ ਅੰਦਰ 134 ਪੁਸ਼ਟੀ ਕੀਤੇ ਕੋਵਿਡ -19 ਕੇਸ ਹਨ, ਜਿਹਨਾਂ ਵਿੱਚ 26 ਕਰਮਚਾਰੀ ਅਤੇ 108 ਵਿਦਿਆਰਥੀ ਹਨ। ਕੋਰੋਨਾ ਅੰਕੜਿਆਂ ਅਨੁਸਾਰ ਫਲੋਰਿਡਾ ਵਿੱਚ 30 ਜੁਲਾਈ ਤੋਂ 5 ਅਗਸਤ ਦੇ ਹਫ਼ਤੇ 134,506 ਨਵੇਂ ਮਾਮਲੇ ਸਾਹਮਣੇ ਆਏ ਅਤੇ 175 ਮੌਤਾਂ ਹੋਈਆਂ ਹਨ। ਨਵੇਂ ਮਾਮਲਿਆਂ ਵਿੱਚ, 27,000 ਤੋਂ ਵੱਧ ਲਾਗ ਸਕੂਲੀ ਉਮਰ ਦੇ ਬੱਚਿਆਂ ਵਿੱਚ ਦਰਜ ਕੀਤੀ ਗਈ ਹੈ।
