10.2 C
United Kingdom
Saturday, April 19, 2025

More

    ਅਜ਼ਾਦ ਸੂਫ਼ੀ ਬਲਵੀਰ ਆਪਣੇ ਗੀਤ “ਐ ਮੁਲਕ ਮੇਰੇ” ਨਾਲ ਚਰਚਾ ਵਿੱਚ

    ਅਜ਼ਾਦ ਸੂਫ਼ੀ ਬਲਵੀਰ ਨੇ ਆਪਣਾ ਨਵਾਂ ਗੀਤ “ਐ ਮੁਲਕ ਮੇਰੇ” ਪਿਛਲੇ ਦਿਨੀਂ ਰਲੀਜ਼ ਕੀਤਾ ‘ਤੇ ਮੈਨੂੰ ਵਟਸਐਪ ਜ਼ਰੀਏ ਸੁਣਨ ਲਈ ਭੇਜਿਆ। ਇਹ ਗੀਤ ਮੈਂ ਇੱਕ ਵਾਰ ਨਹੀਂ ਬਲਕਿ ਕਈ ਵਾਰੀ ਸੁਣਿਆ। ਮੈਨੂੰ ਲੱਗ ਰਿਹਾ ਸੀ ਜਿਵੇਂ ਬਲਵੀਰ ਸੂਫ਼ੀ ਇਸ ਗੀਤ ਰਾਹੀਂ ਮੇਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਰਿਹਾ ਹੋਵੇ। ਇਹ ਗੀਤ ਹਰ ਸੱਚੇ ਸੁੱਚੇ ਭਾਰਤੀ ਦੇ ਦਿਲ ਦੀ ਹੂਕ ਹੈ। ਇਸ ਗੀਤ ਵਿੱਚ ਸ਼ਾਇਰ ਨੇ ਦੇਸ਼ ਪ੍ਰਤੀ ਆਪਣੇ ਪਿਆਰ ਨੂੰ ਭਾਰਤੀ ਸਿਆਸਤਦਾਨਾ ਨੂੰ ਨਿਹੋਰੇ ਮਾਰਕੇ ਵੱਖਰੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਇਸ ਗੀਤ ਜ਼ਰੀਏ ਦੇਸ਼ ਵਿੱਚ ਕਿਸਾਨ-ਮਜ਼ਦੂਰ ਦੇ ਹਲਾਤਾਂ ਤੇ ਨਿਵੇਕਲੇ ਢੰਗ ਨਾਲ ਚਾਨਣਾ ਪਾਇਆ ਗਿਆ ਹੈ। ਇਸ ਗੀਤ ਰਾਹੀਂ ਪ੍ਰਦੇਸ਼ਾਂ ਵੱਲ ਨੂੰ ਮੂੰਹ ਕਰ ਰਹੀ ਜਵਾਨੀ, ਨਸ਼ਿਆ ਦੇ ਵਗਦੇ ਦਰਿਆ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਇਸ ਗੀਤ ਰਾਹੀਂ ਲੋਕਾਂ ਨੂੰ ਅੰਧ-ਵਿਸ਼ਵਾਸ, ਬੇਰੁਜ਼ਗਾਰੀ, ਰਿਸ਼ਵਤਖ਼ੋਰੀ ਆਦਿ ਖ਼ਿਲਾਫ਼ ਵੀ ਅੱਛੇ ਢੰਗ ਨਾਲ ਜਾਗੁਰਕ ਕੀਤਾ ਗਿਆ ਹੈ। ਗੱਲ ਕੀ ਉਹ ਹਰ ਵਿਛਾ ਜੋ ਨਸੂੜ ਬਣ ਦੇਸ਼ ਨੂੰ ਗਿਰਾਵਟ ਵੱਲ ਲਿਜਾ ਰਿਹਾ ਹੈ, ਨੂੰ ਬਾਖੂਬੀ ਛੋਇਆ ਗਿਆ ਹੈ। ਇਸ ਗੀਤ ਦੀ ਵੀਡੀਓ ਵੀ ਆਪਣੇ ਆਪ ਵਿੱਚ ਕਮਾਲ ਹੈ, ਇਸ ਵੀਡੀਓ ਦਾ ਨਿਰਦੇਸ਼ਨ ਸੋਨੀ ਧਾਲੀਵਾਲ ਨੇ ਕੀਤਾ ਹੈ। ਇਸ ਗੀਤ ਦੀ ਵੀਡੀਓ ਵਿੱਚ ਮਲਕੀਤ ਰੌਣੀ, ਸਤਿੰਦਰ ਧੀਮਾਨ ਅਤੇ ਰਛਪਾਲ ਪੰਨੂੰ ਵਰਗੇ ਮੰਝੇ ਹੋਏ ਕਲਾਕਾਰਾਂ ਨੇ ਕੰਮ ਕਰਕੇ ਇਸਨੂੰ ਹੋਰ ਵੀ ਚਾਰ ਚੰਨ ਲਾਏ ਹਨ। ਇਸ ਗੀਤ ਨੂੰ ‘ਸੂਫ਼ੀ ਬਲਵੀਰ ਮਿਊਜ਼ਿਕ’ ਚੈਨਲ ਦੁਆਰਾ ਰਲੀਜ਼ ਕੀਤਾ ਗਿਆ ਹੈ। ਮਿਊਜ਼ਿਕ, ਗੀਤਕਾਰੀ ਅਤੇ ਗਾਇਕੀ ਦਾ ਬਹੁਤ ਵਧੀਆ ਸੁਮੇਲ ਇਸ ਗੀਤ ਰਾਹੀਂ ਸੁਣਨ, ਵੇਖਣ ਨੂੰ ਮਿਲ ਰਿਹਾ ਹੈ। ਅਜ਼ਾਦ ਬਲਵੀਰ ਸੂਫ਼ੀ ਨਾਲ ਮੇਰਾ ਵਾਹ ਪਿਛਲੇ ਕਰੀਬ ਇੱਕ ਦਹਾਕੇ ਤੋਂ ਹੈ। ਬਲਵੀਰ ਸੂਫ਼ੀ ਜਿਨਾਂ ਵਧੀਆਂ ਲਿਖਦਾ ਉਸਤੋੰ ਵਧੀਆ ਗਾਉਂਦਾ ਹੈ। ਆਪਣੇ ਨਰਮ ਸੁਭਾ ਕਰਕੇ ਉਹ ਹਰਇੱਕ ਨੂੰ ਆਪਣਾ ਬਣਾਉਣ ਦਾ ਹੁਨਰ ਰੱਖਦਾ ਹੈ। ਅਜ਼ਾਦ ਬਲਵੀਰ ਸੂਫ਼ੀ ਨੇ ਅੱਜ ਤੱਕ ਜੋ ਗਾਇਆ ਬੜਾ ਸਾਫ਼ ਸੁਥਰਾ ਅਤੇ ਮਿਆਰਾ ਗਾਇਆ, ਸਭ ਤੋਂ ਵੱਧ ਖੁਸ਼ੀ ਦੀ ਗੱਲ ਕਿ ਉਸਨੇ ਜ਼ਿਆਦਾਤਰ ਗੀਤ ਆਪਣੀ ਕਲਮ ਨਾਲ ਲਿਖੇ ਲੱਚਰਤਾ ਤੋਂ ਕੋਹਾਂ ਦੂਰ ਗਾਏ। ਉਸਦੇ ਹਰ ਗੀਤ ਵਿੱਚ ਕੋਈ ਨਾ ਕੋਈ ਉਦੇਸ਼ ਛੁੱਪਿਆ ਹੁੰਦਾ ਹੈ। ਅਜ਼ਾਦ ਸੂਫ਼ੀ ਬਲਵੀਰ ਦੀਆਂ ਹੁਣ ਤੱਕ 23 ਦੇ ਕਰੀਬ ਐਲਬਮ ਅਤੇ ਸਿੰਗਲ ਟ੍ਰੈਕ ਆ ਚੁੱਕੇ ਹਨ। ਪਿੱਛੇ ਜਿਹੇ ਉਹਨਾਂ ਦੀ ਸ਼ਾਇਰੋ ਸ਼ਾਇਰੀ ਦੀ ਕਿਤਾਬ ‘ਨਿੱਕਾ ਜਿਹਾ ਕੰਮ’ ਵੀ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸ਼ਿੰਗਾਰ ਬਣੀ। ਇਹ ਕਿਤਾਬ ਆਪਾਂ ਫਰਿਜ਼ਨੋ ਵਿਖੇ ਰਲੀਜ਼ ਵੀ ਕੀਤੀ ਸੀ। ਇਸ ਤੋਂ ਇਲਾਵਾ ਅਜ਼ਾਦ ਸੂਫ਼ੀ ਬਲਵੀਰ ਦੁਨੀਆਂ ਦੇ ਤਕਰੀਬਨ ਵੀਹ ਦੇਸ਼ਾਂ ਵਿੱਚ ਸਫਲ ਸਟੇਜ ਸ਼ੋਅ ਵੀ ਕਰ ਚੁੱਕਾ ਹੈ। ਅਜ਼ਾਦ ਸੂਫ਼ੀ ਬਲਵੀਰ ਫ਼ੋਨ ਤੇ ਆਪਣੇ ਨਵੇਂ ਗੀਤ “ਐ ਮੁਲਕ ਮੇਰੇ” ਬਾਰੇ ਗੱਲ ਕਰਦਾ ਕਰਦਾ ਭਾਵੁੱਕ ਵੀ ਹੋ ਗਿਆ ਅਤੇ ਕਹਿਣ ਲੱਗਾ ਨੀਟੇ ਬਾਈ ਇਹ ਗੀਤ ਮੇਰਾ ਅੱਜ ਤੱਕ ਦਾ ਸਭ ਤੋ ਬੇਹਿਤਰੀਨ ਗੀਤ ਹੈ, ਇਸਨੂੰ ਸੁਣਕੇ ਜੋ ਤੈਨੂੰ ਚੰਗਾ ਲੱਗੇ ਲਿਖਕੇ ਸ਼ੇਅਰ ਕਰ ਦੇਵੀ, ਮੈਂ ਆਪਣੇ ਦਿਲ ਦੇ ਵਲਵਲੇ ਇਸ ਗੀਤ ਰਾਹੀਂ ਲਿੱਖ ਦਿੱਤੇ ਹਨ, ਹੁਣ ਅੱਗੇ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਤੁਹਾਡੀ ਜ਼ੁੰਮੇਵਾਰੀ ਹੈ। ਸੋ ਮੇਰੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਆਪਣਾ ਫਰਜ ਨਿਭਾਈਏ ‘ਤਾਂ ਜੋਅੱਗੇ ਤੋਂ ਵੀ ਅਜ਼ਾਦ ਸੂਫ਼ੀ ਬਲਵੀਰ ਵਰਗੇ ਫ਼ਨਕਾਰ ਸਾਡੀ ਅਵਾਜ਼ ਬਣਕੇ ਇਹੋ ਜਿਹੇ ਮਿਆਰੀ ਗੀਤ ਲੋਕਾਂ ਨੂੰ ਜਾਗੁਰਕ ਕਰਨ ਲਈ ਲਿੱਖਦੇ ਰਹਿਣ। ਮੇਰੀ ਰੱਬ ਅੱਗੇ ਦੁਆ ਕਿ ਅਜ਼ਾਦ ਸੂਫ਼ੀ ਬਲਵੀਰ ਦੀ ਕਲਮ ਪੰਜਾਬੀਆਂ ਦੀ ਤਰਜ਼ਮਾਨੀ ਕਰਦੀ ਅਰੁੱਕ ਚੱਲਦੀ ਰਹੇ। ਸ਼ੁਭਇੱਛਾਵਾ ਸਹਿਤ


    ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’
    ਫਰਿਜ਼ਨੋ ਕੈਲੀਫੋਰਨੀਆਂ
    559-333-5776

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!