ਬਠਿੰਡਾ (ਅਸ਼ੋਕ ਵਰਮਾ) ਬਰਨਾਲਾ ਬਾਈਪਾਸ ‘ਤੇ ਭੱਟੀ ਰੋਡ ਅਤੇ ਗਰੀਨ ਪੈਲੇਸ ਵਾਲੀਆਂ ਟਰੈਫਿਕ ਲਾਈਟਾਂ ਵਾਲੇ ਕੱਟਾਂ ‘ਤੇ ਹਾਦਸੇ ਖਤਮ ਕਰਨ ਦੇ ਮੰਤਵ ਨਾਲ ਬਣਾਏ ਜਾ ਰਹੇ ਫਲਾਈਓਵਰ ਨੂੰ ਲੈਕੇ ਪ੍ਰਭਾਵਿਤ ਲੋਕਾਂ ਨੇ ਪੁਆੜਾ ਪਾਉਣ ਦੀ ਤਿਆਰੀ ਖਿੱਚ੍ਹ ਦਿੱਤੀ ਹੈ। ਇਸ ਫਲਾਈਓਵਰ ਬਨਾਉਣ ਲਈ ਕੰਧਾਂ ਵਿਚਕਾਰ ਮਿੱਟੀ ਭਰੀ ਜਾਏਗੀ ਜਿਸ ਨਾਲ ਨਾਂ ਕੇਵਲ ਸ਼ਹਿਰ ਸਦਾ ਲਈ ਦੋ ਹਿੱਸਿਆ ਵਿੱਚ ਵੰਡਿਆ ਜਾਏਗਾ ਬਲਕਿ ਸੜਕ ਕਿਨਾਰੇ ਅਤੇ ਨੇੜੇ ਤੇੜੇ ਵਿਸ਼ਵਕਰਮਾ ਮਾਰਕੀਟ ਅਤੇ ਹੋਟਲਾਂ ਸਮੇਤ ਦੂਸਰੇ ਕਾਰੋਬਾਰਾਂ ਦਾ ਵੱਡੀ ਪੱਧਰ ਤੇ ਉਜਾੜਾ ਹੋਵੇਗਾ। ਇਸ ਪੁਲ ਤੋਂ ਪੀੜਤ ਲੋਕ ਪੁਲ ਸੁਧਾਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਲਾਮਬੰਦ ਹੋ ਗਏ ਹਨ ਜਿੰਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦੇਣ ਲਈ 14 ਅਗਸਤ ਦਿਨ ਸ਼ਨੀਵਾਰ ਨੂੰ ਸੰਕੇਤਕ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜੇਕਰ ਇਸ ਮਾਮਲੇ ਤੇ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਮਾਮਲਾ ਹਾਈਕੋਰਟ ’ਚ ਪੁੱਜਣ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਸੰਘਰਸ਼ ਕਮੇਟੀ ਦੇ ਮੈਂਬਰਾਂ ਅਜੇਪਾਲ,ਬਾਬੂ ਸਿੰਘ ਸਾਬਕਾ ਪ੍ਰਧਾਨ, ਪਰਮਜੀਤ ਸਿੰਘ ਬਿੱਲੂ,ਜੋਗਿੰਦਰ ਸਿੰਘ,ਅਮਰਜੀਤ ਸਿੰਘ ਵਿਰਦੀ, ਜਗਦੀਪ ਸਿੰਘ ਗਹਿਰੀ, ਬਲਵਿੰਦਰ ਸਿੰਘ ਭੋਗਲ, ਸੁਰੇਸ਼ ਰਾਹੀ, ਸੁਰੇਸ਼ ਸ਼ਰਮਾ ਅਤੇ ਸੁਰਿੰਦਰ ਸਿੰਘ ਭੋਗਲ ਆਦਿ ਨੇ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਹ ਫਲਾਈਓਵਰ ਦੇ ਖਿਲਾਫ ਨਹੀਂ ਬਲਕਿ ਉਹ ਤਾਂ ਨਵੀਂ ਤਕਨੀਕ ਵਾਲਾ ਐਲੀਵੇਟਡ ਪੁਲ ਬਨਾਉਣ ਦੀ ਮੰਗ ਕਰ ਰਹੇ ਹਨ ਜਦੋਂਕਿ ਸਰਕਾਰ ਇਹ ਪ੍ਰਜੈਕਟ ਕੰਧਾਂ ’ਚ ਮਿੱਟੀ ਭਰ ਕੇ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਇਸ ਲਈ ਅਪੀਲ ਕਰ ਚੁੱਕੇ ਹਨ ਪਰ ਜਦੋਂ ਕਿਸੇ ਨੇ ਨਾਂ ਸੁਣੀ ਤਾਂ ਮਜਬੂਰਨ ਸੜਕਾਂ ਤੇ ਉੱਤਰਨਾ ਪਿਆ ਹੈ ਜਿਸ ਤਹਿਤ 14 ਅਗਸਤ ਦਿਨ ਸ਼ਨੀਵਾਰ ਸਵੇਰੇ 09:30 ਤੋ 11:00 ਵਜੇ ਤੱਕ ਦੋ ਘੰਟੇ ਲਈ ਗਰੀਨ ਪੈਲੇਸ ਕਰਾਸਿੰਗ ਉੱਪਰ ਸੰਕੇਤਕ ਰੋਸ ਧਰਨਾ ਦਿੱਤਾ ਜਾਏਗਾ ਤਾਂ ਕਿ ਕਾਰੋਬਾਰੀਆਂ ਲਈ ਤਬਾਹੀ ਦੀ ਪੈੜਾਂ ਪਾਉਣ ਜਾ ਰਹੀ ਪੰਜਾਬ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਇਆ ਜਾ ਸਕੇ। ਸੰਘਰਸ਼ ਕਮੇਟੀ ਆਗੂਆਂ ਨੇ ਦੱਸਿਆ ਕਿ ਬਰਨਾਲਾ ਬਾਈਪਾਸ ਉੱਪਰ ਬਣ ਰਿਹਾ ਪੁਲ ਤਕਰੀਬਨ 25 ਫੁੱਟ ਉੱਚੀਆਂ ਦਿਵਾਰਾਂ ਨੂੰ ਅੰਦਰੋਂ ਮਿੱਟੀ ਨਾਲ ਭਰ ਕੇ ਬਣਾਇਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਸਾਲ 2018 ’ਚ ਬਠਿੰਡਾ ਜ਼ੀਰਕਪੁਰ ਕੌਮੀ ਸੜਕ ਮਾਰਗ ਤੇ ਪੈਂਦੇ ਇਸ ਥਾਂ ਤੇ ਪਿੱਲਰਾਂ ਵਾਲਾ ਪੁਲ ਬਨਾਉਣ ਦੀ ਯੋਜਨਾ ਸੀ ਜਿਸ ਨੂੰ ਬਜਟ ਦੀ ਬਹੁਤਾਤ ਹੋਣ ਕਾਰਨ ਇਸ ਨੂੰ ਪੈਡਿੰਗ ਰੱਖ ਲਿਆ ਸੀ। ਹੁਣ ਜਦੋਂ ਇੰਨ੍ਹਾਂ ਕੱਟਾਂ ਤੇ ਹਾਦਸੇ ਹੋਣ ਲੱਗੇ ਤਾਂ ਆਵਾਜਾਈ ਮੰਤਰਾਲੇ ਨੇ ਇਹ ਥਾਂ ਬਲੈਕ ਸਪੌਟ ਐਲਾਨ ਦਿੱਤੇ ਹਨ ਤਾਂ ਮੁੜ ਪੁਲ ਉਸਾਰਨ ਦੀ ਗੱਲ ਤੁਰੀ ਹੈ ਜੋ ਪ੍ਰਜੈਕਟ ਦੇ ਡਿਜ਼ਇਨ ਮੁਤਾਬਕ ਲੋਕਾਂ ਨੂੰ ਪ੍ਰਵਾਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕੌਮੀ ਮਾਰਗ ਦੇ ਦੋਵੇਂਤਰਫ ਬਣੀ ਸਲਿੱਪ ਰੋਡ ਪਹਿਲਾਂ ਹੀ ਕਾਫੀ ਤੰਗ ਹੈ ਤੇ ਆਵਾਜਾਈ ਵਧਣ ਨਾਲ ਹੋਰ ਵੀ ਛੋਟੀ ਹੋ ਜਾਏਗੀ ਅਤੇ ਸਾਰਾ ਟਰੈਫ਼ਿਕ ਲੋਡ ਲੈਣ ਦੇ ਸਮਰੱਥ ਨਹੀਂ ਰਹੇਗੀ। ਉਨ੍ਹਾਂ ਦੱਸਿਆ ਕਿ ਬਰਨਾਲਾ ਬਾਈਪਾਸ ਦੇ ਬਾਹਰਲੇ ਪਾਸੇ ਮਾਤਾ ਜੀਵੀ ਨਗਰ, ਹਜ਼ੂਰਾ ਕਪੂਰਾ ਕਲੋਨੀ, ਗੁਰੁ ਗੋਬਿੰਦ ਸਿੰਘ ਨਗਰ, ਬੱਲਾ ਰਾਮ ਨਗਰ, ਬੈਂਕ ਕਲੋਨੀ, ਨੈਸ਼ਨਲ ਕਲੋਨੀ, ਟੀਚਰ ਕਲੋਨੀ ਗ੍ਰੀਨ ਸਿਟੀ,ਢਿੱਲੋਂ ਕਲੋਨੀ,ਮਾਡਲ ਟਾਊਨ, ਫ਼ੇਸ 4-5, ਬਾਬਾ ਫ਼ਰੀਦ ਨਗਰ, ਥਰਮਲ ਕਲੋਨੀ ਅਤੇ ਦੂਸਰੇ ਪਾਸੇ, ਕਮਲਾ ਨਹਿਰੂ ਕਲੋਨੀ, ਨਾਰਥ ਅਸਟੇਟ, ਬਸੰਤ ਵਿਹਾਰ,ਹਰਪਾਲ ਨਗਰ, ਸਰਾਭਾ ਨਗਰ, ਸ਼ਿਵ ਕਲੋਨੀ, ਪ੍ਰਜਾਪਤ ਕਲੋਨੀ ਅਤੇ ਅਜ਼ਾਦ ਨਗਰ ਆਦਿ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਮਿੱਟੀ ਵਾਲਾ ਫਲਾਈਓਵਰ ਹਮੇਸ਼ਾ ਲਈ ਨਾਸੂਰ ਬਣ ਜਾਏਗਾ। ਇਸ ਸੜਕ ਦੇ ਨਜ਼ਦੀਕ ਇੱਕ ਦਰਜਨ ਦੇ ਕਰੀਬ ਹਸਪਤਾਲ ,ਲੱਗਭਗ ਏਨੇ ਹੀ ਹੋਟਲ ਕਈ ਮੈਰਿਜ਼ ਪੈਲਿਸ, ਸਕੂਲ, ਵਿਸ਼ਵਕਰਮਾਂ ਮਾਰਕਿਟ, ਗੁਰਦੁਆਰਾ ਸਾਹਿਬ, ਮੰਦਿਰ ਅਤੇ ਹੋਰ ਧਾਰਮਿਕ ਸਥਾਨ ਹਨ ਜਿੰਨ੍ਹਾਂ ’ਚ ਵੱਡੀ ਗਿਣਤੀ ਲੋਕਾਂ ਦਾ ਰੋਜਾਨਾ ਆਉਣਾ ਜਾਣਾ ਬਦਿਆ ਰਹਿੰਦਾ ਹੈ। ਇਸ ਤੋਂ ਬਿਨਾਂ ਛੋਟੀ ਸੜਕ ਤੋ ਲੰਘਣ ਵਾਲੀਆਂ ਸਕੂਲ ਅਤੇ ਕਾਲਜਾਂ ਦੀਆਂ ਬੱਸਾਂ,ਹਸਪਤਾਲਾਂ ਦੀਆਂ ਐਬੂਲੈਂਸਾਂ, ਟਰੱਕ ਅਤੇ ਟਰਾਲੇ-ਟਰਾਲੀਆਂ ਵੀ ਸਮੱਸਿਆ ਵਧਾਉਣਗੀਆਂ ਅਤੇ ਹਾਦਸਿਆਂ ਦਾ ਖਤਰਾ ਵਧ ਜਾਏਗਾ।
ਪੰਜਾਬ ਸਰਕਾਰ ਮਸਲਾ ਹੱਲ ਕਰੇ
ਸੰਘਰਸ਼ ਕਮੇਟੀ ਆਗੂ ਅਜੇਪਾਲ ਦਾ ਕਹਿਣਾ ਸੀ ਕਿ ਜੇਕਰ ਸਰਕਾਰਾਂ ਨੇ ਲੋਕਾਂ ਨੂੰ ਦੁੱਖ ਹੀ ਦੇਣੇ ਹਨ ਤਾਂ ਫਿਰ ਪੰਜਾਬ ਸਰਕਾਰ ਵੱਲੋਂ ਵੈਲਫੇਅਰ ਸਟੇਟ ਅਖਵਾਉਣ ਦੀ ਕੀ ਤੁਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ 50 ਕਰੋੜ ਰੁਪਏ ਦੇ ਫੰਡਾਂ ਦੇ ਨਾਲ ਨਾਲ ਐਲੀਵੇਟਡ ਫਲਾਈਓਵਰ ਬਨਾਉਣ ਲਈ ਬਾਕੀ ਬਣਦੀ ਰਾਸ਼ੀ ਆਪਣੇ ਪੱਲਿਓਂ ਪਾਉਣੀ ਚਾਹੀਦੀ ਹੈ ਜੋਕਿ ਸਰਕਾਰ ਲਈ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾਂ ਕੀਤਾ ਤਾਂ ਮਿਸਾਲੀ ਸੰਘਰਸ਼ ਵਿੱਢਿਆ ਜਾਏਗਾ ਜਿਸ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਸਿਆਸੀ ਹਿੱਤਾਂ ਤੋਂ ਉੱਪਰ ਉੱਠਕੇ ਧਰਨੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
