ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੀ ਫੈਲ ਰਹੀ ਲਾਗ ਦੇ ਮੱਦੇਨਜ਼ਰ, ਅਮਰੀਕਾ ਦੇ ‘ਹੈਲਥ ਐਂਡ ਹਿਊਮਨ ਸਰਵਿਸਜ਼’ (ਐਚ ਐਚ ਐਸ) ਵਿਭਾਗ ਦੇ 25,000 ਤੋਂ ਵੱਧ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਨੂੰ ਜਰੂਰੀ ਕੀਤਾ ਜਾਵੇਗਾ। ਐਚ ਐਚ ਐਸ ਦੇ ਸੈਕਟਰੀ ਜ਼ੇਵੀਅਰ ਬੇਸੇਰਾ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵਿਭਾਗ ਦੇ ਜੋ ਕਰਮਚਾਰੀ ਸਿੱਧੇ ਤੌਰ ‘ਤੇ ਮਰੀਜ਼ਾਂ ਦੇ ਨਾਲ ਕੰਮ ਕਰਦੇ ਹਨ ਲਈ ਵੈਕਸੀਨ ਜਰੂਰੀ ਹੋਵੇਗੀ। ਬੇਸੇਰਾ ਨੇ ਕਿਹਾ ਕਿ ਪ੍ਰਸ਼ਾਸਨ ਦਾ ਸਭ ਤੋਂ ਪਹਿਲਾ ਟੀਚਾ ਅਮਰੀਕੀ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਹੈ, ਜਿਸ ਵਿੱਚ ਕੇਂਦਰੀ ਕਰਮਚਾਰੀ ਵੀ ਸ਼ਾਮਲ ਹਨ ਅਤੇ ਇਸ ਲਈ ਟੀਕੇ ਸਭ ਤੋਂ ਵਧੀਆ ਸਾਧਨ ਹਨ ਜੋ ਲੋਕਾਂ ਨੂੰ ਕੋਵਿਡ -19 ਤੋਂ ਬਚਾਉਦੇ ਹਨ। ਐਚ ਐਚ ਐਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 25,000 ਐਚ ਐਚ ਐਸ ਕਰਮਚਾਰੀਆਂ ਨੂੰ ਸਤੰਬਰ ਦੇ ਅੰਤ ਤੱਕ ਟੀਕਾ ਲਗਾਇਆ ਜਾਵੇਗਾ। 25,000 ਦੇ ਕਰੀਬ ਐਚ ਐਚ ਐਸ ਕਰਮਚਾਰੀ ਜਿਨ੍ਹਾਂ ਨੂੰ ਟੀਕਾ ਲਗਵਾਉਣ ਦੀ ਜ਼ਰੂਰਤ ਹੋਵੇਗੀ, ਉਹ ਇੰਡੀਅਨ ਹੈਲਥ ਸਰਵਿਸ ਅਤੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿੱਚ ਕੇਂਦਰਤ ਹਨ। ਇਸਦੇ ਇਲਾਵਾ ਵਿਭਾਗ ਦੁਆਰਾ ਧਾਰਮਿਕ ਜਾਂ ਡਾਕਟਰੀ ਕਾਰਨਾਂ ਕਰਕੇ ਵੈਕਸੀਨ ਲਈ ਛੋਟਾਂ ਦੀ ਆਗਿਆ ਦਿੱਤੀ ਜਾਵੇਗੀ।