ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਫਗਾਨਿਸਤਾਨ ਵਿੱਚ ਦਿਨ ਪ੍ਰਤੀ ਦਿਨ ਸੁਰੱਖਿਆ ਦੇ ਹਾਲਾਤ ਤੇਜ਼ੀ ਨਾਲ ਵਿਗੜ ਰਹੇ ਹਨ। ਇਸ ਲਈ ਅਫਗਾਨਿਸਤਾਨ ਦੇ ਕਾਬੁਲ ਵਿੱਚ ਸਥਿਤ ਅਮਰੀਕੀ ਅੰਬੈਸੀ ਦੇ ਸਟਾਫ ਨੂੰ ਉੱਥੋਂ ਸੁਰੱਖਿਅਤ ਕੱਢਣ ਦੇ ਉਦੇਸ਼ ਨਾਲ ਅਮਰੀਕਾ ਵੱਲੋਂ 3,000 ਦੇ ਕਰੀਬ ਫੌਜੀ ਜਵਾਨ ਕਾਬੁਲ ਭੇਜੇ ਜਾ ਰਹੇ ਹਨ। ਰਿਪੋਰਟਾਂ ਅਨੁਸਾਰ ਤਾਲਿਬਾਨ ਅੱਤਵਾਦੀਆਂ ਵੱਲੋਂ ਜਲਦ ਹੀ ਕਾਬੁਲ ਉੱਪਰ ਵੀ ਕਬਜਾ ਕਰਨ ਦਾ ਖਦਸ਼ਾ ਹੈ। ਪੈਂਟਾਗਨ ਦੇ ਬੁਲਾਰੇ ਜੌਹਨ ਕਿਰਬੀ ਨੇ ਦੱਸਿਆ ਕਿ ਇੱਕ ਸੈਨਾ ਅਤੇ ਦੋ ਮਰੀਨ ਇਨਫੈਂਟਰੀ ਬਟਾਲੀਅਨਾਂ ਅਫਗਾਨਿਸਤਾਨ ਵਿੱਚ ਦਾਖਲ ਹੋਣਗੀਆਂ। ਇਸਦੇ ਇਲਾਵਾ ਵਿਦੇਸ਼ ਵਿਭਾਗ ਦੇ ਬੁਲਾਰੇ ਨੇਡ ਪ੍ਰਾਈਸ ਅਨੁਸਾਰ ਅਮਰੀਕਾ ਦੀ ਪਹਿਲੀ ਜ਼ਿੰਮੇਦਾਰੀ ਹਮੇਸ਼ਾ ਅਫਗਾਨਿਸਤਾਨ ਅਤੇ ਵਿਸ਼ਵ ਭਰ ਵਿੱਚ ਸੇਵਾ ਕਰ ਰਹੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਕਰਨ ਦੀ ਰਹੀ ਹੈ। ਕਿਰਬੀ ਨੇ ਕਿਹਾ ਕਿ ਆਰਮੀ-ਏਅਰ ਟਾਸਕ ਫੋਰਸ ਦੇ ਵਾਧੂ 1,000 ਮੈਂਬਰ ਸਾਬਕਾ ਟਰਾਂਸਲੇਟਰਾਂ ਅਤੇ ਅਫਗਾਨਿਸਤਾਨ ਵਿੱਚ ਅਮਰੀਕੀਆਂ ਦੇ ਨਾਲ ਕੰਮ ਕਰਨ ਵਾਲੇ ਹੋਰ ਅਫਗਾਨਾਂ ਦੀ ਚੱਲ ਰਹੀ ਨਿਕਾਸੀ ਲਈ ਵੀਜ਼ਾ ਪ੍ਰਕਿਰਿਆ ਵਿੱਚ ਸਹਾਇਤਾ ਲਈ ਖਾੜੀ ਦੇਸ਼ ਕਤਰ ਜਾ ਰਹੇ ਹਨ ਅਤੇ ਅੰਬੈਸੀ ਮੁਹਿੰਮ ਵਿੱਚ ਲੋੜ ਪੈਣ ‘ਤੇ ਸਹਾਇਤਾ ਕਰਨ ਦੇ ਮਕਸਦ ਨਾਲ ਉੱਤਰੀ ਕੈਰੋਲਿਨਾ ਦੇ ਫੋਰਟ ਬ੍ਰੈਗ ਤੋਂ 4,000 ਵਿਸ਼ੇਸ਼ ਲੜਾਈ ਫੌਜੀਆਂ ਦੀ ਟੀਮ ਕੁਵੈਤ ਜਾ ਰਹੀ ਹੈ। ਕਿਰਬੀ ਨੇ ਜ਼ੋਰ ਦੇ ਕੇ ਕਿਹਾ ਕਿ ਸੈਨਿਕਾਂ ਦੀਆਂ ਇਹ ਨਵੀਆਂ ਤਾਇਨਾਤੀਆਂ ਸਿਰਫ ਇੱਕ ਅਸਥਾਈ ਮਿਸ਼ਨ ਹਨ ਜੋ ਸਿਰਫ ਅੰਬੈਸੀ ਸਟਾਫ ਦੀ ਵਾਪਸੀ ‘ਤੇ ਕੇਂਦ੍ਰਿਤ ਹਨ। ਇਹਨਾਂ ਦਾ ਮੰਤਵ ਅਫਗਾਨਿਸਤਾਨ ਵਿੱਚ ਦੁਬਾਰਾ ਸ਼ਾਮਲ ਹੋਣਾ ਨਹੀਂ ਹੈ। ਇਸ ਤੋਂ ਪਹਿਲਾਂ ਅਮਰੀਕੀ ਪ੍ਰਸ਼ਾਸਨ ਵੱਲੋਂ ਆਪਣੇ ਨਾਗਰਿਕਾਂ ਨੂੰ ਤੁਰੰਤ ਅਫਗਾਨਿਸਤਾਨ ਛੱਡਣ ਦੀ ਵੀ ਅਪੀਲ ਕੀਤੀ ਗਈ ਸੀ।
