ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ,ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਦਾ ਇੱਕ ਕਾਲਜ ਕੋਰੋਨਾ ਵੈਕਸੀਨ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਨਾਮਾਂ ਦੀ ਜਗ੍ਹਾ ਜੁਰਮਾਨਾਂ ਲਗਾ ਹੈ ਤਾਂ ਕਿ ਜਿਆਦਾਤਰ ਵਿਦਿਆਰਥੀ ਟੀਕਾ ਲਗਵਾਉਣ। ਵੈਸਟ ਵਰਜੀਨੀਆ ਵਿੱਚ ਵੈਸਲੀਅਨ ਕਾਲਜ ਦੇ ਵਿਦਿਆਰਥੀਆਂ ਨੂੰ ਕੋਰੋਨਾ ਵੈਕਸੀਨ ਨਾ ਲਗਵਾਉਣ ਦੀ ਸੂਰਤ ਵਿੱਚ 750 ਡਾਲਰ ਦੀ ਨਾ-ਵਾਪਸੀਯੋਗ ਫੀਸ ਦਾ ਸਾਹਮਣਾ ਕਰਨਾ ਪਏਗਾ ਜੇਕਰ ਉਹ ਕੈਂਪਸ ਵਿੱਚ ਬਿਨਾਂ ਟੀਕਾਕਰਨ ਜਾਂ ਟੀਕਾਕਰਨ ਦੇ ਸਬੂਤ ਤੋਂ ਬਿਨਾਂ ਆਉਂਦੇ ਹਨ। ਇਹ ਕਾਲਜ ਸਾਰੇ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ ਨੂੰ ਅਗਲਾ ਸਕੂਲੀ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਸ਼ਾਟ ਲੈਣ ਲਈ ਉਤਸ਼ਾਹਤ ਕਰ ਰਿਹਾ ਹੈ। ਇਸਦੇ ਇਲਾਵਾ ਜਿਹੜੇ ਲੋਕ ਆਉਣ ਵਾਲੇ ਸਮੈਸਟਰ ਦੇ ਦੌਰਾਨ ਵਾਇਰਸ ਨਾਲ ਪੀੜਤ ਹੋਣਗੇ , ਉਨ੍ਹਾਂ ਤੋਂ ਕੈਂਪਸ ਵਿੱਚ ਅਲੱਗ ਰਹਿਣ ਲਈ ਵੀ 250 ਡਾਲਰ ਦੀ ਫੀਸ ਲਈ ਜਾਵੇਗੀ। ਸੰਕਰਮਿਤ ਵਿਦਿਆਰਥੀਆਂ ਨੂੰ ਕੈਂਪਸ ਤੋਂ ਬਾਹਰ ਰਹਿਣ ਦਾ ਪ੍ਰਬੰਧ ਕਰਨ ਲਈ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ 48 ਘੰਟਿਆਂ ਦੀ ਮੁਫਤ ਰਿਹਾਇਸ਼ ਦਿੱਤੀ ਜਾਵੇਗੀ। ਡੀਨ ਜੇਮਜ਼ ਮੂਰ ਨੇ ਦੱਸਿਆ ਕਿ ਵੈਕਸੀਨ ਨਾ ਲੱਗੇ ਹੋਣ ਕਾਰਨ ਇਕੱਠੀ ਕੀਤੀ ਫੀਸ ਉਨ੍ਹਾਂ ਖਰਚਿਆਂ ਨੂੰ ਪੂਰਾ ਕਰਨ ਲਈ ਵਰਤੀ ਜਾਵੇਗੀ ਜੋ ਟੈਸਟਿੰਗ ਆਦਿ ਦੌਰਾਨ ਹੋਣਗੇ। ਇਸਦੇ ਇਲਾਵਾ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਿਦਿਆਰਥੀ ਕੈਂਪਸ ਵਿੱਚ ਆਮ ਵਾਂਗ ਵਾਪਸ ਆ ਸਕਦੇ ਹਨ ਅਤੇ ਉਨ੍ਹਾਂ ਨੂੰ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈ। ਜਦਕਿ ਟੀਕਾਕਰਨ ਰਹਿਤ ਵਿਦਿਆਰਥੀਆਂ ਲਈ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਲਾਜ਼ਮੀ ਹੋਵੇਗੀ। ਇਸਦੇ ਇਲਾਵਾ ਉਹਨਾਂ ਦਾ ਹਫਤਾਵਾਰੀ ਕੋਵਿਡ-19 ਟੈਸਟ ਵੀ ਹੋਵੇਗਾ। ਜੇਕਰ ਬਿਨਾਂ ਟੀਕਾਕਰਨ ਵਾਲੇ ਵਿਦਿਆਰਥੀ ਇਨ੍ਹਾਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ ਤਾਂਂ ਉਨ੍ਹਾਂ ਨੂੰ ਢੁੱਕਵੀਂ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।
