ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਨੇ ਮੰਗਲਵਾਰ ਨੂੰ ਆਪਣੇ ਸਟਾਫ ਦੀਆਂ ਸਾਬਕਾ ਅਤੇ ਮੌਜੂਦਾ ਔਰਤਾਂ ਸਮੇਤ ਕਈ ਹੋਰ ਮਹਿਲਾਵਾਂ ਦੁਆਰਾ ਜਿਨਸੀ ਸ਼ੋਸ਼ਣ ਅਤੇ ਅਣਉਚਿਤ ਵਿਵਹਾਰ ਦੇ ਦੋਸ਼ਾਂ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕੀਤਾ ਹੈ। ਕੁਓਮੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਅਸਤੀਫਾ 14 ਦਿਨਾਂ ਵਿੱਚ ਲਾਗੂ ਹੋ ਜਾਵੇਗਾ। ਇਸ ਮਾਮਲੇ ਵਿੱਚ ਨਿਊਯਾਰਕ ਦੀ ਅਟਾਰਨੀ ਜਨਰਲ ਲੇਟੀਟੀਆ ਜੇਮਜ਼ ਨੇ ਪੰਜ ਮਹੀਨਿਆਂ ਦੀ ਜਾਂਚ ਤੋਂ ਬਾਅਦ ਪਿਛਲੇ ਹਫ਼ਤੇ 168 ਪੰਨਿਆਂ ਦੀ ਇੱਕ ਰਿਪੋਰਟ ਵਿੱਚ ਐਲਾਨ ਕੀਤਾ ਸੀ ਕਿ ਗਵਰਨਰ ਕੁਓਮੋ ‘ਤੇ ਤਕਰੀਬਨ 11 ਮਹਿਲਾਵਾਂ ਨਾਲ ਜਿਨਸੀ ਸ਼ੋਸ਼ਣ ਅਤੇ ਗਲਤ ਵਿਵਹਾਰ ਕਰਨ ਦੇ ਦੋਸ਼ ਲੱਗੇ ਹਨ। ਕੁਓਮੋ ਨੇ ਆਪਣੇ ਨਿਊਯਾਰਕ ਸਿਟੀ ਦਫਤਰ ਤੋਂ ਇੱਕ ਟੈਲੀਵਿਜ਼ਨ ਭਾਸ਼ਣ ਵਿੱਚ ਅਚਾਨਕ ਅਸਤੀਫੇ ਦੀ ਘੋਸ਼ਣਾ ਕੀਤੀ। ਕੁਓਮੋ ਵਿਰੁੱਧ ਜਿਨਸੀ ਸ਼ੋਸ਼ਣ ਅਤੇ ਅਣਉਚਿਤ ਵਿਵਹਾਰ ਜਿਸ ਵਿੱਚ ਗਲੇ ਮਿਲਣਾ, ਹੱਥ ਫੜਨਾ, ਗਲਤ ਟਿੱਪਣੀਆਂ ਆਦਿ ਦੇ ਦੋਸ਼ ਲੱਗੇ ਹਨ। ਕੁਓਮੋ ਦੇ ਅਸਤੀਫੇ ਤੋਂ ਬਾਅਦ ਲੈਫਟੀਨੈਂਟ ਗਵਰਨਰ ਕੈਥੀ ਹੋਚਲ ਗਵਰਨਰ ਦੀ ਸੀਟ ਸੰਭਾਲੇਗੀ, ਜੋ ਨਿਊਯਾਰਕ ਰਾਜ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਹੋਵੇਗੀ। ਗਵਰਨਰ ਕੁਓਮੋ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਆਪਣੇ ਪਿਤਾ ਲਈ ਇੱਕ ਮੁਹਿੰਮ ਪ੍ਰਬੰਧਕ ਵਜੋਂ ਕੀਤੀ । ਉਹਨਾਂ ਨੇ ਨਿਊਯਾਰਕ ਸਿਟੀ ਦੇ ਹੋਮਲੈੱਸ ਕਮਿਸ਼ਨ ਦੇ ਪ੍ਰਧਾਨ ਵਜੋਂ ਨਿਊਯਾਰਕ ਸਿਟੀ ਦੇ ਮੇਅਰ ਡੇਵਿਡ ਡਿਕਿਨਸ ਦੇ ਅਧੀਨ ਵੀ ਕੰਮ ਕੀਤਾ। ਕੁਓਮੋ ਨੇ ਕਲਿੰਟਨ ਪ੍ਰਸ਼ਾਸਨ ਦੌਰਾਨ ਕਮਿਊਨਿਟੀ ਪਲਾਨਿੰਗ ਐਂਡ ਡਿਵੈਲਪਮੈਂਟ ਦੇ ਸਹਾਇਕ ਸਕੱਤਰ ਵਜੋਂ ਸੇਵਾ ਨਿਭਾਈ ਅਤੇ ਬਾਅਦ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਦੂਜੇ ਕਾਰਜਕਾਲ ਦੌਰਾਨ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸਕੱਤਰ ਵਜੋਂ ਨਿਯੁਕਤ ਹੋਏ। ਚਾਰ ਸਾਲ ਨਿਊਯਾਰਕ ਦੇ ਅਟਾਰਨੀ ਜਨਰਲ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਕੁਓਮੋ 2010 ਵਿੱਚ ਗਵਰਨਰ ਚੁਣੇ ਗਏ ਸਨ। ਉਸਨੇ 2014 ਅਤੇ 2018 ਵਿੱਚ ਮੁੜ ਗਵਰਨਰ ਅਹੁਦੇ ਲਈ ਚੋਣ ਜਿੱਤੀ ।
