ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਦੇ ਸ਼ਹਿਰ ਫਰਿਜ਼ਨੋ ਵਿੱਚ ਵਧ ਰਹੇ ਅਪਰਾਧ ਨਾਲ ਨਜਿੱਠਣ ਅਤੇ ਲੋਕਾਂ ਨੂੰ ਜਿਆਦਾ ਸੁਰੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਫਰਿਜ਼ਨੋ ਪੁਲਿਸ ਵਿਭਾਗ ਵਿੱਚ 23 ਨਵੇਂ ਪੁਲਿਸ ਅਧਿਕਾਰੀਆਂ ਦੀ ਭਰਤੀ ਦੇ ਨਾਲ 7 ਹੋਰਾਂ ਨੂੰ ਤਰੱਕੀ ਦਿੱਤੀ ਗਈ ਹੈ। ਮੰਗਲਵਾਰ ਨੂੰ ਹੋਏ ਇੱਕ ਸਮਾਰੋਹ ਦੌਰਾਨ 23 ਨਵੇਂ ਅਧਿਕਾਰੀਆਂ, ਇੱਕ ਡਿਪਟੀ ਚੀਫ, ਇੱਕ ਕੈਪਟਨ, ਇੱਕ ਲੈਫਟੀਨੈਂਟ ਅਤੇ ਚਾਰ ਸਾਰਜੈਂਟਸ ਨੇ ਸਹੁੰ ਚੁੱਕੀ। ਇਸ ਦੌਰਾਨ ਫਰਿਜ਼ਨੋ ਪੁਲਿਸ ਮੁਖੀ ਪੈਕੋ ਬਾਲਡੇਰਮਾ ਨੇ ਜਾਣਕਾਰੀ ਦਿੱਤੀ ਕਿ ਸ਼ਹਿਰ ਵਿੱਚ ਹਿੰਸਕ ਅਪਰਾਧ ਅਤੇ ਗੋਲੀਬਾਰੀ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਵਧ ਗਈ ਹੈ, ਇਸ ਲਈ ਅਗਲੇ ਸਾਲ ਤੱਕ 100 ਤੋਂ ਵੱਧ ਹੋਰ ਅਧਿਕਾਰੀਆਂ ਨੂੰ ਭਰਤੀ ਕਰਨ ਦਾ ਟੀਚਾ ਹੈ। ਤਰੱਕੀ ਮਿਲਣ ਵਾਲੇ ਮੁਲਾਜ਼ਮਾਂ ਵਿੱਚ ਫਰਿਜ਼ਨੋ ਪੁਲਿਸ ਵਿਭਾਗ ‘ਚ 28 ਸਾਲਾਂ ਤੋਂ ਜ਼ਿਆਦਾ ਸੇਵਾ ਨਿਭਾਉਣ ਤੋਂ ਬਾਅਦ, ਬੁਰਕੇ ਫਰਾਹ ਨੇ ਪੁਲਿਸ ਦੇ ਨਵੇਂ ਡਿਪਟੀ ਚੀਫ ਵਜੋਂ ਸਹੁੰ ਚੁੱਕੀ ਹੈ। ਚੀਫ ਬਾਲਡੇਰਮਾ ਅਨੁਸਾਰ ਉਹ ਇਸ ਭੂਮਿਕਾ ਲਈ ਸਭ ਤੋਂ ਵਧੀਆ ਵਿਅਕਤੀ ਹੈ। ਇਸਦੇ ਇਲਾਵਾ ਚੀਫ ਬਾਲਡੇਰਾਮਾ ਨੇ ਐਲਾਨ ਕੀਤਾ ਕਿ ਵਿਭਾਗ ਦੀਆਂ ਸਾਰੀਆਂ ਵਿਸ਼ੇਸ਼ ਇਕਾਈਆਂ ਹਿੰਸਕ ਅਪਰਾਧਾਂ ‘ਤੇ ਕੇਂਦਰਤ ਹੋਣਗੀਆਂ ਅਤੇ ਗਸ਼ਤ ਯੂਨਿਟਾਂ ਦੁਆਰਾ ਤੇਜ਼ੀ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ।
