ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਕੈਲੀਫੋਰਨੀਆ ਸਟੇਟ ਦਾ ਇੱਕ 14 ਸਾਲਾ ਲੜਕਾ ਟਹੋਏ ਝੀਲ ਦੀ ਪੂਰੀ 21.3 ਮੀਲ (34 ਕਿਲੋਮੀਟਰ) ਦੀ ਲੰਬਾਈ ਨੂੰ ਤੈਰਨ ਅਤੇ ਐਲਪਾਈਨ ਝੀਲ ਦੇ ਟ੍ਰਿਪਲ ਕ੍ਰਾਨ ਨੂੰ ਪੂਰਾ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਤੈਰਾਕ ਬਣ ਗਿਆ ਹੈ। ਲਾਸ ਬਾਨੋਸ ਦੇ ਜੇਮਜ਼ ਸੈਵੇਜ ਨਾਮ ਦੇ ਲੜਕੇ ਨੇ 1 ਅਗਸਤ ਨੂੰ 12 ਘੰਟਿਆਂ ਵਿੱਚ ਕੈਲੀਫੋਰਨੀਆ-ਨੇਵਾਡਾ ਲਾਈਨ ‘ਤੇ ਫੈਲੀ ਇਸ ਝੀਲ ਨੂੰ ਪਾਰ ਕੀਤਾ।ਸੈਵੇਜ ਦੀ ਤੈਰਾਕੀ ਦਾ ਸਫਰ ਕੈਲੀਫੋਰਨੀਆ ਵਿੱਚੋਂ ਸ਼ੁਰੂ ਹੋ ਕੇ ਨੇਵਾਡਾ ਦੇ ਇਨਕਲਾਇਨ ਵਿਲੇਜ ਵਿੱਚ ਸਮਾਪਤ ਹੋਇਆ। ਇਸ ਬੱਚੇ ਦੀ ਮਾਂ ਜਿਲਿਅਨ ਸੇਵੇਜ ਨੇ ਦੱਸਿਆ ਕਿ ਉਹ ਅੱਠ ਸਾਲ ਦੀ ਉਮਰ ਤੋਂ ਲਗਭਗ ਹਰ ਰੋਜ਼ ਤੈਰਾਕੀ ਕਰ ਰਿਹਾ ਹੈ। ਪਿਛਲੀ ਅਗਸਤ ਵਿੱਚ, 13 ਸਾਲ ਦੀ ਉਮਰ ‘ਚ, ਸੇਵੇਜ 12 ਮੀਲ (19 ਕਿਲੋਮੀਟਰ) “ਟਰੂ ਵਿਡਥ ਸਵਿਮ ” ਨੂੰ ਪੂਰਾ ਕਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਲੜਕਾ ਬਣਿਆ। ਉਸਨੇ 10 ਮੀਲ (16 ਕਿਲੋਮੀਟਰ) ਵਾਈਕਿੰਗਸ਼ੋਲਮ ਮਾਰਗ ਨੂੰ ਵੀ ਤੈਰਿਆ ਹੈ ਜੋ ਕਿ ਟਹੋਏ ਝੀਲ ਦੇ ਦੱਖਣੀ ਹਿੱਸੇ ਨੂੰ ਪਾਰ ਕਰਦਾ ਹੈ। ਇਸਦੇ ਇਲਾਵਾ ਸੈਵੇਜ 8 ਸਾਲ ਦੀ ਉਮਰ ਵਿੱਚ, ਅਲਕਾਟਰਾਜ਼ ਤੋਂ ਸਾਨ ਫ੍ਰਾਂਸਿਸਕੋ ਤੱਕ ਵੀ ਤੈਰਿਆ ਹੈ। ਟਹੋਏ ਲੇਕ ਦੀ ਤੈਰਾਕੀ ਟੀਮ ਵਿੱਚ ਇੱਕ ਅਧਿਕਾਰਤ ਆਬਜ਼ਰਵਰ ਵੀ ਸ਼ਾਮਲ ਸੀ।
