ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)

ਅਮਰੀਕਾ ਦੇ ਡਿਫੈਂਸ ਸੈਕਟਰੀ ਲੋਇਡ ਅਸਟਿਨ ਨੇ ਸੋਮਵਾਰ ਨੂੰ ਇੱਕ ਮੀਮੋ ਜਾਰੀ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਸਤੰਬਰ ਦੇ ਅੱਧ ਤੱਕ ਫੌਜ ਲਈ ਕੋਵਿਡ -19 ਦੇ ਟੀਕੇ ਲਾਜ਼ਮੀ ਬਣਾਉਣ ਦੀ ਮਨਜ਼ੂਰੀ ਦੇਣ ਲਈ ਕਹਿਣਗੇ। ਅਸਟਿਨ ਅਨੁਸਾਰ ਉਹ ਸਤੰਬਰ ਦੇ ਅੱਧ ਤੱਕ ਜਾਂ ਐਫ ਡੀ ਏ ਦੁਆਰਾ ਕੋਰੋਨਾ ਵੈਕਸੀਨ ਨੂੰ ਪੂਰੀ ਪ੍ਰਵਾਨਗੀ ਦੇ ਬਾਅਦ ਟੀਕਾ ਲਾਜ਼ਮੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਐਫ ਡੀ ਏ ਦੁਆਰਾ ਫਿਲਹਾਲ ਕੋਵਿਡ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੇ ਅਧਿਕਾਰ ਦਿੱਤੇ ਗਏ ਹਨ, ਜਿਸ ਤਹਿਤ ਫੌਜ ਵਿੱਚ ਕੋਰੋਨਾ ਟੀਕੇ ਸਵੈਇੱਛੁਕ ਹਨ ਅਤੇ ਰਾਸ਼ਟਰਪਤੀ ਕੋਲ ਕਰਮਚਾਰੀਆਂ ਲਈ ਟੀਕੇ ਦੀ ਜ਼ਰੂਰਤ ਬਣਾਉਣ ਦਾ ਅਧਿਕਾਰ ਹੈ। ਅਸਟਿਨ ਦੀ ਇਸ ਘੋਸ਼ਣਾ ਦੇ ਬਾਅਦ ਰਾਸ਼ਟਰਪਤੀ ਬਾਈਡੇਨ ਨੇ ਆਸਟਿਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ। ਬਾਈਡੇਨ ਅਨੁਸਾਰ ਫੌਜੀ ਔਰਤਾਂ ਅਤੇ ਪੁਰਸ਼ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਅਗਵਾਈ ਦੀ ਸਹਾਇਤਾ ਕਰਨਾ ਜਾਰੀ ਰੱਖਣਗੇ। ਪੈਂਟਾਗਨ ਦੇ ਅਨੁਸਾਰ, ਸੋਮਵਾਰ ਤੱਕ, ਘੱਟੋ ਘੱਟ 74% ਐਕਟਿਵ ਡਿਊਟੀ ਕਰਮਚਾਰੀਆਂ ਨੂੰ ਟੀਕੇ ਦੀ ਇੱਕ ਖੁਰਾਕ ਅਤੇ 65% ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ।