ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਸਟੇਟ ਅਰਕਨਸਾਸ ਦੇ ਹਸਪਤਾਲਾਂ ਵਿੱਚ ਵਧ ਰਹੇ ਕੋਰੋਨਾ ਮਰੀਜ਼ਾਂ ਦੇ ਦਾਖਲਿਆਂ ਕਾਰਨ ਆਈ ਸੀ ਯੂ ਬਿਸਤਰਿਆਂ ਦੀ ਘਾਟ ਪੈਦਾ ਹੋ ਗਈ ਹੈ। ਅਰਕਾਨਸਾਸ ਦੇ ਗਵਰਨਰ ਅਸਾ ਹਚਿੰਸਨ ਨੇ ਸੋਮਵਾਰ ਨੂੰ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਸੂਬੇ ਵਿਚ ਇਸ ਵੇਲੇ ਸਿਰਫ 8 ਆਈ ਸੀ ਯੂ ਬੈੱਡ ਉਪਲਬਧ ਹਨ ਕਿਉਂਕਿ ਇਹ ਖੇਤਰ , ਅਮਰੀਕਾ ਦੇ ਹੋਰ ਖੇਤਰਾਂ ਸਮੇਤ ਵਾਇਰਸ ਦੇ ਡੈਲਟਾ ਰੂਪ ਦੀ ਲਾਗ ਦੇ ਵਾਧੇ ਨਾਲ ਜੂਝ ਰਹੇ ਹਨ।
ਅਰਕਾਨਸਾਸ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਕੋਰੋਨਾ ਵਾਇਰਸ ਕਾਰਨ ਕੁੱਲ 1,376 ਲੋਕ ਹਸਪਤਾਲ ਵਿੱਚ ਦਾਖਲ ਸਨ ਅਤੇ ਕੋਵਿਡ ਨਾਲ ਪੀੜਤ 300 ਲੋਕ ਵੈਂਟੀਲੇਟਰਾਂ ‘ਤੇ ਹਨ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ, ਪ੍ਰਤੀ ਵਿਅਕਤੀ ਨਵੇਂ ਕੋਵਿਡ ਮਾਮਲਿਆਂ ਵਿੱਚ ਅਰਕਨਸਾਸ ਦੇਸ਼ ਵਿੱਚ ਤੀਜੇ ਸਥਾਨ ‘ਤੇ ਹੈ। ਇਸਦੇ ਇਲਾਵਾ ਸੀ ਡੀ ਸੀ ਨੇ ਕਿਹਾ ਕਿ ਯੂ ਐਸ ਹੁਣ ਹਰ ਦਿਨ ਔਸਤਨ 100,000 ਤੋਂ ਵੱਧ ਨਵੇਂ ਕੋਵਿਡ ਮਾਮਲੇ ਦਰਜ ਕਰ ਰਿਹਾ ਹੈ। ਅਰਕਨਸਾਸ ਵਿੱਚ 12 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲਗਭਗ 43% ਲੋਕਾਂ ਨੂੰ ਕੋਵਿਡ -19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ, ਜੋ ਸੀ ਡੀ ਸੀ ਦੀ ਰਾਸ਼ਟਰੀ ਔਸਤ ਲਗਭਗ 59% ਤੋਂ ਘੱਟ ਹੈ।
