ਬਠਿੰਡਾ (ਅਸ਼ੋਕ ਵਰਮਾ) ਅੱਜ ਉੱਘੇ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਦੀ ਧਰਮ ਪਤਨੀ ਸਵਰਗੀ ਮਨਜੀਤ ਕੌਰ ਨਮਿੱਤ ਪਿੰਡ ਗਿੱਦੜ ’ਚ ਕਰਵਾਏ ਸ਼ਰਧਾਂਜਲੀ ਸਮਾਗਮ ਦੌਰਾਨ ਲੋਕਾਂ ਦੇ ਹੜ੍ਹ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸਰਕਾਰਾਂ ਦੀਆਂ ਖੇਤੀ ਵਿਰੋਧੀਆਂ ਨੀਤੀਆਂ ਖਿਲਾਫ ਡਟਣ ਦਾ ਸੱਦਾ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਮਨਜੀਤ ਕੌਰ ਸਰਕਾਰਾਂ ਦੇ ਅਜਿਹੇ ਫੈਸਲਿਆਂ ਖਲਾਫ ਤਾਉਮਰ ਜੂਝਦੀ ਰਹੀ ਅਤੇ ਅੰਤਲੇ ਦਿਨਾਂ ਦੌਰਾਨ ਉਸ ਦੀ ਦਿੱਲੀ ਮੋਰਚੇ ’ਚ ਸ਼ਾਮਲ ਹੋਣ ਦੀ ਇੱਛਾ ਬਿਮਾਰੀ ਨੇ ਨਾਂ ਪੂਰੀ ਹੋਣ ਦਿੱਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਔਰਤ ਜਥੇਬੰਦੀ ਦੇ ਸੂਬਾ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਮਾਤਾ ਮਨਜੀਤ ਕੌਰ ਘਰੇਲੂ ਅਤੇ ਸਮਾਜਿਕ ਹਲਾਤਾਂ ਦੀ ਬਦੌਲਤ ਤੀਜੀ ਜਮਾਤ ਤੋਂ ਅੱਗੇ ਨਾ ਪੜ੍ਹਨ ਸਦਕਾ ਬੇਸ਼ੱਕ ਅੱਖਰ ਗਿਆਨ ਦੇ ਪੱਖ ਤੋਂ ਕਾਫੀ ਹੱਦ ਤੱਕ ਵਾਂਝੀ ਰਹੀ ਪਰ ਸਮਾਜਿਕ ਤੇ ਜਮਾਤੀ ਸੋਝੀ ਦੇ ਪੱਖੋਂ ਉਨ੍ਹਾਂ ਦੀ ਗਿਣਤੀ ਸੋਝੀਵਾਨ ਤੇ ਚੇਤਨ ਕਿਸਾਨ ਔਰਤਾਂ ‘ਚ ਸ਼ੁਮਾਰ ਹੁੰਦੀ ਸੀ। ਉਨ੍ਹਾਂ ਆਖਿਆ ਕਿ ਮਨਜੀਤ ਕੌਰ ਨੇ ਸਾਲ 1977 ’ਚ ਸ਼ਿੰਗਾਰਾ ਸਿੰਘ ਮਾਨ ਨਾਲ ਹੋਏ ਵਿਆਹ ਤੋਂ ਬਾਅਦ ਕਿਸਾਨ ਹਿੱਤਾਂ ਦੀ ਜਮਾਤੀ ਸੋਝੀ ਉਹਨਾਂ ਆਪਣੇ ਪਤੀ ਤੋਂ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਸ਼ਿੰਗਾਰਾ ਸਿੰਘ ਮਾਨ ਸਧਾਰਨ ਕਿਸਾਨਾਂ ਵਾਂਗ ‘ਦੱਬਕੇ ਵਾਹ ਤੇ ਰੱਜ ਕੇ ਖਾਹ’ ਵਾਲੀ ਧਾਰਨਾ ਦਾ ਮਾਲਕ ਹੋਣ ਕਰਕੇ ਮਨਜੀਤ ਕੌਰ ਨੇ ਪੂਰੀ ਤਨਦੇਹੀ ਨਾਲ ਖੇਤੀ ਦੇ ਕੰਮਾਂ ‘ਚ ਹੱਥ ਵਟਾਇਆ। ਵੱਡੀ ਗੱਲ ਹੈ ਕਿ ਹਾੜ੍ਹੀ ਦੀ ਵਾਢੀ ਕਰਨ, ਅਤੇ ਪਸ਼ੂਆਂ ਲਈ ਹਰਾ ਚਾਰਾ ਕੁਤਰਨ ਵਰਗੇ ਮੁਸ਼ੱਕਤੀ ਕਾਰਜਾਂ ਤੋਂ ਮੂੰਹ ਨਹੀਂ ਮੋੜਿਆ ਜਿਸ ਲਈ ਤਿੰਨ ਕੁ ਮਹੀਨਿਆਂ ਦੀ ਬੇਟੀ ਨੂੰ ਪੀਂਘ ਤੇ ਬੰਨ੍ਹਣਾ ਪਿਆ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਖੁਲਾਸਾ ਕੀਤਾ ਕਿ ਸੰਨ 1984 ‘ਚ ਜਦੋਂ ਸ਼ਿੰਗਾਰਾ ਸਿੰਘ ਮਾਨ ਕਿਸਾਨ ਯੂਨੀਅਨ ਚ ਸਰਗਰਮ ਹੋ ਗਿਆ ਤਾਂ ਮਨਜੀਤ ਕੌਰ ਨੇ ਘਰਾਂ ‘ਚ ਅੰਤਾਂ ਦੀ ਤੰਗੀ ਤੁਰਸ਼ੀ ਦੇ ਬਾਵਜੂਦ ਹਰ ਮੋੜ ‘ਤੇ ਆਪਣੇ ਪਤੀ ਨਾਲ ਡਟ ਕੇ ਸਾਥ ਨਿਭਾਇਆ।
ਉਨ੍ਹਾਂ ਕਿਹਾ ਕਿ ਆਪਣੇ ਪਤੀ ਦੀਆਂ ਸਰਗਰਮੀਆਂ ਕਾਰਨ ਜਦ ਪੁਲਸ ਦੀਆਂ ਧਾੜਾਂ ਉਹਨਾਂ ਦੇ ਘਰ ਧਾਵਾ ਬੋਲਦੀਆਂ ਤਾਂ ਮਨਜੀਤ ਕੌਰ ਹਮੇਸ਼ਾ ਉਹਨਾਂ ਦਾ ਸਾਹਮਣਾ ਠਰੰਮੇ, ਦਲੀਲ ਤੇ ਦਲੇਰੀ ਨਾਲ ਕੀਤਾ ਅਤੇ ਆਪਣੇ ਪਤੀ ਦੇ ਸੁੱਚੇ ਕਾਜ ਦੀ ਵਜਾਹਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਹਿੱਤਾਂ ਕਾਰਨ ਪਤੀ ਦੇ ਮਹੀਨਿਆਂ ਬੱਧੀ ਜੇਲ੍ਹਾਂ ਚ ਜਾਣ ਜਾਂ ਪੁਲਿਸ ਤੋਂ ਬਚਾਅ ਲਈ ਰੂਪੋਸ਼ ਹੋਕੇ ਕੰਮ ਕਰਨ ਅਤੇ ਸੰਘਰਸ਼ ਕਾਰਨ ਲੰਮਾਂ ਸਮਾਂ ਘਰ ਤੋਂ ਬਾਹਰ ਰਹਿਣ ਦੌਰਾਨ ਕਬੀਲਦਾਰੀ ਦੀ ਜਿੰਮੇਵਾਰੀ ਵੀ ਮਨਜੀਤ ਕੌਰ ਨੇ ਖਿੜੇ ਮੱਥੇ ਨਿਭਾਈ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੇ ਜੁਝਾਰੂ ਸੁਭਾਅ ਅਤੇ ਸੋਝੀ ਦਾ ਨਤੀਜਾ ਹੀ ਹੈ ਕਿ ਕਬੀਲਦਾਰੀ ਦੀਆਂ ਅਣਸਰਦੀਆਂ ਲੋੜਾਂ ਦਾ ਰੋਣਾ ਰੋਕੇ ਕਦੇ ਵੀ ਆਪਣੇ ਪਤੀ ਨੂੰ ਕਿਸਾਨ ਲਹਿਰ ਤੋਂ ਮੁੱਖ ਮੋੜ ਲੈਣ ਲਈ ਮੋਹ ਦੀਆਂ ਤੰਦਾਂ ਚ ਜਕੜਨ ਦਾ ਯਤਨ ਨਾਂ ਕੀਤਾ ਬਲਕਿ ਸਾਲ 2005 ’ਚ ਸੱਸ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਥਾਂ ਸੰਘਰਸ਼ੀ ਇਕੱਠਾਂ ’ਚ ਹਾਜਰੀ ਭਰਨੀ ਸ਼ੁਰੂ ਕਰ ਦਿੱਤੀ ਜੋ ਦਿੱਲੀ ਮੋਰਚੇ ’ਚ ਵੀ ਜਾਰੀ ਰਹੀ। ਉਨ੍ਹਾਂ ਕਿਹਾ ਕਿ ਹੁਣ ਵੀ ਉਹ ਆਪਣੇ ਫੌਜੀ ਪੁੱਤਰ ਬੀਰਬਲ ਸਿੰਘ ਦੇ ਛੁੱਟੀ ਆਇਆ ਹੋਣ ਕਰਕੇ ਘਰ ਦਾ ਜਿੰਮਾਂ ਨੂੰਹ ਪੁੱਤ ਨੂੰ ਸੰਭਾਲਣ ਉਪਰੰਤ ਦਿੱਲੀ ਮੋਰਚੇ ‘ਚ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਅਚਾਨਕ ਤੇ ਬੇਵਕਤ ਮੌਤ ਨੇ ਉਸਦੀ ਇਹ ਤੀਬਰ ਇੱਛਾ ਪੂਰੀ ਨਾ ਹੋਣ ਦਿੱਤੀ। ਉਨ੍ਹਾਂ ਕਿਹਾ ਕਿ ਬੇਵਕਤੀ ਹੋ ਰਹੀਆਂ ਮੌਤਾਂ ਦੀਆਂ ਜਿੰਮੇਵਾਰ ਲੋਕ ਵਿਰੋਧੀ ਨੀਤੀਆਂ ਹਨ ਜੋ ਸਰਮਾਏਦਾਰ ਦੇਸੀ ਵਿਦੇਸ਼ੀ ਕੰਪਨੀਆਂ ਜੋ ਆਪਣੇ ਅੰਨੇ ਮੁਨਾਫਿਆਂ ਲਈ ਕੁਦਰਤੀ ਵਸੀਲਿਆਂ ਦਾ ਘਾਣ ਕਰ ਰਹੀਆਂ ਹਨ । ਉਨ੍ਹਾਂ ਕਿਹਾ ਕਿ ਇਹਨਾਂ ਲੁਟੇਰੀਆਂ ਕੰਪਨੀਆਂ ਨੇ ਆਪਣੀ ਲੁੱਟ ਦੀ ਹਵਸ ਵਿੱਚ ਪਾਣੀ ,ਹਵਾ ,ਅਨਾਜ ,ਸਬਜੀਆਂ ,ਦੁੱਧ ਆਦਿ ਜਹਿਰੀਲਾ ਕਰ ਦਿੱਤਾ ਜਿਸ ਕਾਰਨ ਅਨੇਕਾਂ ਬਿਮਾਰੀਆਂ ਦਾ ਪਸਾਰਾ ਹੋ ਗਿਆ ਹੈ ਜਿੰਨ੍ਹਾਂ ਦੇ ਇਲਾਜ ਲਈ ਕੰਪਨੀਆਂ ਵੱਲੋਂ ਖਜਾਨੇ ਭਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਤਾਰੇ ਖਿਲਾਫ ਸੰਘਰਸ਼ ਹੀ ਮਨਜੀਤ ਕੌਰ ਨੂੰ ਸੱਚੀ ਸ਼ਰਧਾਂਜਲੀ ਹੈ।
ਪੰਜਾਬ ਖੇਤ ਮਜਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਮਨਜੀਤ ਕੌਰ ਨੇ ਜਮਾਤੀ ਅਤੇ ਸਮਾਜਿਕ ਸੋਝੀ ਦੀਆਂ ਮਿਸਾਲੀ ਉਦਾਹਰਨਾਂ ਕਾਇਮ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸ਼ਿੰਗਾਰਾ ਸਿੰਘ ਦੇ ਪਿਤਾ ਜੀ ਦੀ ਛੋਟੀ ਉਮਰ ‘ਚ ਮੌਤ ਹੋਣ ਕਾਰਨ ਇੱਕ ਛੋਟੀ ਭੈਣ ਤੇ ਦੋ ਛੋਟੇ ਭਰਾਵਾਂ ਪ੍ਰਤੀ ਬਣਦੀ ਜਿੰਮੇਵਾਰੀ ਵੀ ਪਤੀ ਨਾਲ ਮਨਜੀਤ ਕੌਰ ਨੇ ਬਾਖੂਬੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਆਪਣੇ ਮਿਲਾਪੜੇ ਸੁਭਾਅ ਤੇ ਸਖਤ ਮਿਹਨਤ ਦੀ ਬਦੌਲਤ ਮਨਜੀਤ ਕੌਰ ਆਪਣੇ ਸਾਰੇ ਪਰਿਵਾਰ ‘ਚ ਹੀ ਸਤਿਕਾਰੇ ਜਾਂਦੇ ਸਨ ਅਤੇ ਇਹੋ ਵਤੀਰਾ ਪਰਿਵਾਰ ‘ਚ ਆਉਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਵੀ ਪ੍ਰਭਾਵਿਤ ਕਰਦਾ ਸੀ। ਉਨ੍ਹਾਂ ਕਿਹਾ ਕਿ ਅਨੇਕਾਂ ਗੁਣਾਂ ਦੀ ਗੁਥਲੀ ਮਨਜੀਤ ਕੌਰ ਬੀਤੀ 27 ਜੁਲਾਈ ਨੂੰ ਇੱਕ ਸੰਖੇਪ ਜੇਹੀ ਬਿਮਾਰੀ ਤੋਂ ਬਾਅਦ ਆਪਣੇ ਪਰਿਵਾਰ ਤੇ ਕਿਸਾਨ ਲਹਿਰ ਨੂੰ ਵਿਛੋੜਾ ਦੇ ਗਏ ਜਿਸ ਨਾਲ ਲੋਕ ਲਹਿਰਾਂ ਨੂੰ ਵੱਡਾ ਘਾਟਾ ਪਿਆ ਹੈ। ਅੱਜ ਲੋਕ ਮੋਰਚਾ ਪੰਜਾਬ ਜਨਰਲ ਸਕੱਤਰ ਜਗਮੇਲ ਸਿੰਘ, ਠੇਕਾ ਮੁਲਾਜਮ ਸੰਘਰਸ਼ ਮੋਰਚੇ ਦੇ ਆਗੂ ਜਗਸੀਰ ਸਿੰਘ ਭੰਗੂ , ਮਨਜੀਤ ਕੌਰ ਔਲਖ , ਡੀ ਟੀ ਐਫ ਆਗੂ ਰੇਸ਼ਮ ਸਿੰਘ ,ਨੌਜਵਾਨ ਭਾਰਤ ਸਭਾ ਦੇ ਬਲਕਰਨ ਸਿੰਘ ,ਕਹਾਣੀਕਾਰ ਅਤਰਜੀਤ ,ਬੀਕੇਯੂ ਡਕੌਂਦਾ ਦੇ ਬੂਟਾ ਸਿੰਘ ਤੁੰਗਵਾਲੀ ,ਦੋਧੀ ਯੂਨੀਅਨ ਦੇ ਸੋਹਣ ਸਿੰਘ, ਪੀਐਸਯੂ ਸ਼ਹੀਦ ਰੰਧਾਵਾ ਦੇ ਅਮਿਤੋਜ ਮੌੜ ਅਤੇ ਡਾ ਦਵਿੰਦਰ ਧੌਲਾ ਨੇ ਵੀ ਸ਼ਰਧਾਂਜਲੀ ਭੇਂਟ ਕੀਤੀ । ਪਲਸ ਮੰਚ ਤੋਂ ਅਮੋਲਕ ਸਿੰਘ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਗੋਨਿਆਣਾ ,ਨਥਾਣਾ ਅਤੇ ਲੰਬੀ ,ਐਸਡੀਓ ਪਾਵਰਕਾਮ ਨਥਾਣਾ , ਟੀਐਸਯੂ ਭਗਤਾ ਡਵੀਜਨ, ਗੈਸਟ ਫੈਕਲਟੀ ਐਸੋਸੀਏਸ਼ਨ,ਤਰਕਸ਼ੀਲ ਸੁਸਾਇਟੀ,ਟੀ ਐਸ ਯੂ ਸਰਕਲ ਬਠਿੰਡਾ ਨੇ ਸਤਵਿੰਦਰ ਸੋਨੀ ਰਾਹੀਂ ਅਤੇ ਬੀਕੇਯ ਉਗਰਾਹਾਂ (ਹਰਿਆਣਾ)ਨੇ ਸ਼ੋਕ ਸੁਨੇਹੇ ਭੇਜੇ । ਸਟੇਜ ਸੰਚਾਲਨ ਹਰਜਿੰਦਰ ਸਿੰਘ ਬੱਗੀ ਨੇ ਕੀਤਾ ਜਦੋਂਕਿ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ,ਸੰਗਠਨ ਸਕੱਤਰ ਹਰਜੀਤ ਸਿੰਘ ਟੱਲੇਵਾਲ ਆਦਿ ਸ਼ਾਮਲ ਸਨ ।
