ਗਲਾਸਗੋ/ ਇੰਗਲੈਂਡ (ਮਨਦੀਪ ਖੁਰਮੀ ਹਿੰਮਤਪੁਰਾ)
ਇੰਗਲੈਂਡ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਦੇਸ਼ਾਂ ਨੂੰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਲਾਲ ਸੂਚੀ ਵਾਲੇ ਦੇਸ਼ਾਂ ਨੂੰ ਇੰਗਲੈਂਡ ਆਉਣ ਲਈ ਸਖਤ ਯਾਤਰਾ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹੋਰਾਂ ਦੇਸ਼ਾਂ ਸਮੇਤ ਭਾਰਤ ਨੂੰ ਵੀ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਲਾਲ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਪਰ ਹੁਣ ਇੰਗਲੈਂਡ ਵੱਲੋਂ ਭਾਰਤ ਸਮੇਤ ਬਹਿਰੀਨ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਨੂੰ ਲਾਲ ਸੂਚੀ ਵਿੱਚੋਂ ਤਬਦੀਲ ਕਰਕੇ ਅੰਬਰ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਨਵੀਂ ਅੰਬਰ ਸੂਚੀ ਵਿੱਚ ਭਾਰਤ ਤੋਂ ਇੰਗਲੈਂਡ ਪਰਤਣ ਵਾਲੇ ਯਾਤਰੀਆਂ ਨੂੰ ਹੁਣ ਮਹਿੰਗੇ ਕੁਆਰੰਟੀਨ ਹੋਟਲਾਂ ਵਿੱਚ ਨਹੀਂ ਰਹਿਣਾ ਪਵੇਗਾ। ਇਹ ਤਬਦੀਲੀ 8 ਅਗਸਤ ਦਿਨ ਐਤਵਾਰ ਸਵੇਰੇ 4 ਵਜੇ ਤੋਂ ਲਾਗੂ ਹੋ ਜਾਵੇਗੀ ਜਿਸ ਤਹਿਤ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਲਈ ਹੋਟਲ ਬੁੱਕ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਯਾਤਰੀਆਂ ਨੂੰ ਇਕਾਂਤਵਾਸ ਨਹੀਂ ਹੋਣਾ ਪਵੇਗਾ ਹਾਲਾਂਕਿ ਉਹਨਾਂ ਨੂੰ ਨਕਾਰਾਤਮਕ ਕੋਵਿਡ ਟੈਸਟ ਦਾ ਸਬੂਤ ਅਤੇ ਲੈਂਡਿੰਗ ਤੋਂ ਦੋ ਦਿਨ ਬਾਅਦ ਇੱਕ ਹੋਰ ਟੈਸਟ ਕਰਵਾਉਣ ਦੀ ਜਰੂਰਤ ਹੋਵੇਗੀ। ਜਿਨ੍ਹਾਂ ਯਾਤਰੀਆਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਨਹੀਂ ਮਿਲੀਆਂ ਹਨ, ਉਨ੍ਹਾਂ ਨੂੰ 10 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਅਤੇ ਕੋਰੋਨਾ ਟੈਸਟ ਕਰਵਾਉਣੇ ਪੈਣਗੇ। ਇਸਦੇ ਨਾਲ ਹੀ ਮੈਕਸੀਕੋ, ਜਾਰਜੀਆ ਅਤੇ ਫਰਾਂਸੀਸੀ ਵਿਦੇਸ਼ੀ ਵਿਭਾਗਾਂ ਲਾ ਰੀਯੂਨੀਅਨ ਅਤੇ ਮੇਯੋਟੇ ਆਦਿ ਨੂੰ ਐਤਵਾਰ ਨੂੰ ਲਾਲ ਸੂਚੀ ਵਿੱਚ ਭੇਜ ਦਿੱਤਾ ਜਾਵੇਗਾ ਅਤੇ ਯਾਤਰੀਆਂ ਨੂੰ ਸਰਕਾਰ ਦੁਆਰਾ ਨਿਰਧਾਰਤ ਕੁਆਰੰਟੀਨ ਹੋਟਲ ਵਿੱਚ ਰਹਿਣ ਦੀ ਜ਼ਰੂਰਤ ਹੋਵੇਗੀ ਅਤੇ ਹੋਟਲਾਂ ਨੂੰ ਬੁੱਕ ਕਰਨ ਦੀ ਕੀਮਤ ਵਿੱਚ ਵੀ 12 ਅਗਸਤ ਤੋਂ ਇਕੱਲੇ ਯਾਤਰੀ ਲਈ ਕੀਮਤ 1,750 ਪੌਂਡ ਤੋਂ ਵਧ ਕੇ 2,285 ਪੌਂਡ ਹੋ ਜਾਵੇਗੀ। ਸਰਕਾਰ ਵੱਲੋਂ ਕੁੱਝ ਦੇਸ਼ਾਂ ਨੂੰ ਅੰਬਰ ਤੋਂ ਹਰੀ ਸੂਚੀ ਵਿੱਚ ਵੀ ਭੇਜਿਆ ਗਿਆ ਹੈ, ਜਿਹਨਾਂ ਵਿੱਚ ਜਰਮਨੀ, ਆਸਟਰੀਆ, ਸਲੋਵੇਨੀਆ, ਸਲੋਵਾਕੀਆ, ਲਾਤਵੀਆ, ਰੋਮਾਨੀਆ ਅਤੇ ਨਾਰਵੇ ਆਦਿ ਸ਼ਾਮਲ ਹਨ ਜੋ ਸਾਰੇ ਐਤਵਾਰ ਸਵੇਰੇ ਹਰੀ ਸੂਚੀ ਵਿੱਚ ਸ਼ਾਮਲ ਹੋ ਜਾਣਗੇ। ਵਰਤਮਾਨ ਵਿੱਚ ਕਿਸੇ ਵੀ ਅੰਬਰ ਸੂਚੀ ਵਾਲੇ ਦੇਸ਼ਾਂ ਤੋਂ ਇੰਗਲੈਂਡ ਅਤੇ ਵੇਲਜ਼ ਵਾਪਸ ਆਉਣ ਵਾਲੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਨੂੰ ਕੁਆਰੰਟੀਨ ਤੋਂ ਛੋਟ ਦਿੱਤੀ ਗਈ ਹੈ ਹਾਲਾਂਕਿ ਟੈਸਟਿੰਗ ਜ਼ਰੂਰਤਾਂ ਲਾਜ਼ਮੀ ਹਨ।
