ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਆਪਣੇ ਸਕਾਟਲੈਂਡ ਦੌਰੇ ਦੌਰਾਨ ਨਵੰਬਰ ਮਹੀਨੇ ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਸੰਮੇਲਨ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਦੀਆਂ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਸਕਾਟਲੈਂਡ ਪੁਲਿਸ ਦੇ ਮੁਖੀ ਇਅਨ ਲਿਵਿੰਗਸਟਨ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸੰਮੇਲਨ ਲਈ ਪੁਲਿਸ ਪ੍ਰਬੰਧਾਂ ਵਾਸਤੇ ਫੰਡਾਂ ਦਾ ਭਰੋਸਾ ਦਿੱਤਾ ਅਤੇ ਸਕਾਟਲੈਂਡ ਦੀ ਪੁਲਿਸ ਦੇ ਮੁਖੀ ਨੇ ਬੋਰਿਸ ਜੌਹਨਸਨ ਦੀ ਫੰਡਾਂ ਬਾਰੇ ਪੁਸ਼ਟੀ ਦਾ ਸਵਾਗਤ ਕੀਤਾ ਹੈ। ਕੋਪ 26 ਸੰਮੇਲਨ ਵਿੱਚ ਵਿਦੇਸ਼ਾਂ ਤੋਂ ਹਜ਼ਾਰਾਂ ਪ੍ਰਤੀਨਿਧੀ, ਰਾਜ ਅਤੇ ਵਾਤਾਵਰਣ ਸੰਗਠਨਾਂ ਦੇ ਮੁਖੀ ਨਵੰਬਰ ਵਿੱਚ ਗਲਾਸਗੋ ਪਹੁੰਚਣਗੇ ਅਤੇ ਇਸਦੀ ਸੁਰੱਖਿਆ ਦੀ ਜਿੰਮੇਵਾਰੀ ਸਕਾਟਲੈਂਡ ਪੁਲਿਸ ਦੀ ਹੋਵੇਗੀ। ਇਅਨ ਲਿਵਿੰਗਸਟਨ ਨੇ ਪ੍ਰਧਾਨ ਮੰਤਰੀ ਨਾਲ ਫਾਈਫ ਵਿੱਚ ਸਕਾਟਲੈਂਡ ਪੁਲਿਸ ਦੇ ਟੁਲੀਐਲਨ ਟ੍ਰੇਨਿੰਗ ਕਾਲਜ ਵਿੱਚ ਮੁਲਾਕਾਤ ਕੀਤੀ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ 13 ਦਿਨਾਂ ਦੇ ਪ੍ਰੋਗਰਾਮ ਦੇ ਨਤੀਜੇ ਵਜੋਂ ਫੋਰਸ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਇਸ ਸਬੰਧੀ ਜੌਹਨਸਨ ਨੇ ਕਿਹਾ ਸਰਕਾਰ ਪੁਲਿਸ ਨੂੰ ਫੰਡ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸ ਸੰਮੇਲਨ ਦੌਰਾਨ ਯੂਕੇ ਭਰ ਤੋਂ 7000 ਹੋਰ ਪੁਲਿਸ ਅਧਿਕਾਰੀ ਸਕਾਟਲੈਂਡ ਪੁਲਿਸ ਦੀ ਸਹਾਇਤਾ ਕਰਨਗੇ ਅਤੇ ਵਿਸ਼ੇਸ਼ ਹਾਲਾਤ ਦੇ ਅਧਾਰ ‘ਤੇ ਗਿਣਤੀ ਵਧ ਜਾਂ ਘਟ ਸਕਦੀ ਹੈ। ਪੁਲਿਸ ਮੁਖੀ ਅਨੁਸਾਰ ਕੋਪ 26 ਦੌਰਾਨ ਸੁਰੱਖਿਆ ਲਈ ਰੋਜ਼ਾਨਾ ਲਗਭਗ 10,000 ਅਧਿਕਾਰੀ ਸ਼ਾਮਲ ਹੋਣਗੇ।