2 C
United Kingdom
Saturday, March 7, 2026

More

    ਯੂਕੇ: ਲਿਥੀਅਮ ਦੀ ਕਮੀ ਕਾਰਨ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਦੀ ਗਤੀ ਹੋ ਸਕਦੀ ਹੈ ਧੀਮੀ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਅਤੇ ਜਲਵਾਯੂ ਤਬਦੀਲੀ ਦੇ ਮੱਦੇਨਜ਼ਰ ਆਉਂਦੇ ਸਾਲਾਂ ਦੌਰਾਨ ਇਲੈਕਟ੍ਰਿਕ ਵਾਹਨਾਂ ਦੇ ਵਧੇਰੇ ਉਤਪਾਦਨ ਦੇ ਟੀਚੇ ਮਿੱਥੇ ਗਏ ਹਨ। ਪਰ ਮਾਹਿਰਾਂ ਅਨੁਸਾਰ ਕਾਰਾਂ ਦੀਆਂ ਬੈਟਰੀਆਂ ਲਈ ਲੋੜੀਂਦੀ ਲਿਥੀਅਮ ਦੀ ਵਿਸ਼ਵਵਿਆਪੀ ਘਾਟ ਕਾਰਨ ਯੂਕੇ ਦੇ ਇਲੈਕਟ੍ਰਿਕ ਵਾਹਨਾਂ (ਈ ਵੀ) ਦੀ ਵਿਕਰੀ ਅਤੇ ਉਤਪਾਦਨ ਦੀ ਗਤੀ ਅਗਲੇ ਕੁੱਝ ਸਾਲਾਂ ਵਿੱਚ ਹੌਲੀ ਹੋ ਸਕਦੀ ਹੈ। ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਕਾਰ ਉਤਪਾਦਨ ਕੰਪਨੀਆਂ ਜੀ ਐਮ ਅਤੇ ਸਟੈਲੇਂਟਿਸ, ਜੋ ਕਿ ਪੀਜਟ, ਫੀਏਟ ਅਤੇ ਸਿਟਰਨ ਦੇ ਮਾਲਕ ਹਨ, ਨੇ ਅਗਲੇ ਚਾਰ ਸਾਲਾਂ ਵਿੱਚ ਵਾਹਨਾਂ ਦੇ ਬਿਜਲੀ ਕਰਨ ਵਿੱਚ ਕ੍ਰਮਵਾਰ 21.6 ਬਿਲੀਅਨ ਅਤੇ  25.2 ਬਿਲੀਅਨ ਪੌਂਡ ਦੇ ਨਿਵੇਸ਼ ਦਾ ਵਾਅਦਾ ਕੀਤਾ ਹੈ। ਪਰ ਇਸ ਕੰਮ ਲਈ ਲਿਥੀਅਮ ਸਮੇਤ ਕੱਚੇ ਮਾਲ ਦੀ ਲੰਮੇ ਸਮੇਂ ਦੀ ਸਪਲਾਈ ਨੂੰ ਸੁਰੱਖਿਅਤ ਕਰਨ ਦੀ ਜ਼ਰੂਰਤ ਹੈ। ਮਾਹਿਰਾਂ ਅਨੁਸਾਰ 2025 ਤੱਕ ਲਿਥੀਅਮ ਦੀ ਮੰਗ ਤਿੰਨ ਗੁਣਾ ਹੋ ਕੇ 10 ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ ਅਤੇ ਫਿਰ 2030 ਤੱਕ ਦੁਬਾਰਾ ਵੀਹ ਲੱਖ ਟਨ ਪ੍ਰਤੀ ਸਾਲ ਹੋ ਸਕਦੀ ਹੈ ਕਿਉਂਕਿ ਯੂਕੇ ਪੈਟਰੋਲ ਅਤੇ ਡੀਜ਼ਲ ਕਾਰਾਂ ਦੀ ਵਿਕਰੀ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। ਮਾਹਿਰਾਂ ਅਨੁਸਾਰ ਆਮ ਲਿਥੀਅਮ ਖਾਣ 30,000 ਟਨ ਪ੍ਰਤੀ ਸਾਲ ਇਸਦਾ ਉਤਪਾਦਨ ਕਰਦੀ ਹੈ, ਇਸ ਲਈ  ਮੰਗ ਦੇ ਨਾਲ ਗਤੀ ਬਣਾਈ ਰੱਖਣ ਲਈ ਮਾਰਕੀਟ ਨੂੰ ਪ੍ਰਤੀ ਸਾਲ ਲਗਭਗ ਚਾਰ ਨਵੀਆਂ ਲਿਥੀਅਮ ਖਾਣਾਂ ਦੀ ਜ਼ਰੂਰਤ ਹੈ। ਇਸਦੇ ਇਲਾਵਾ ਲਿਥੀਅਮ ਦੀਆਂ ਖਾਣਾਂ ਨੂੰ ਖੋਜਣ, ਵਿਕਸਤ ਕਰਨ ਅਤੇ ਉਤਪਾਦਨ ਯੋਗ ਬਨਾਉਣ ਲਈ ਪੰਜ ਤੋਂ ਸੱਤ ਸਾਲ ਲੱਗਦੇ ਹਨ। ਯੂਕੇ ਯੂਰਪ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਈ ਵੀ ਬਾਜ਼ਾਰਾਂ ਵਿੱਚੋਂ ਇੱਕ ਹੈ,  ਜਿਸ ਵਿੱਚ ਇਲੈਕਟ੍ਰਿਕ ਵਾਹਨ ਯੂਕੇ ਦੀ ਮਾਰਕੀਟ ਦਾ 11 ਪ੍ਰਤੀਸ਼ਤ ਹਿੱਸਾ ਹਨ। ਮੋਟਰ ਨਿਰਮਾਤਾ ਸੁਸਾਇਟੀ ਅਨੁਸਾਰ, ਬੈਟਰੀ ਵਾਲੇ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ 186% ਵਧ ਕੇ 108,000 ਵਾਹਨਾਂ ‘ਤੇ ਪਹੁੰਚ ਗਈ ਹੈ। ਯੂਕੇ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਲਿਥੀਅਮ ਦਾ ਵੱਡਾ ਹਿੱਸਾ ਇਸ ਸਮੇਂ ਆਸਟਰੇਲੀਆ ਅਤੇ ਦੱਖਣੀ ਅਮਰੀਕਾ ਤੋਂ ਆ ਰਿਹਾ ਹੈ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!