ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਦੇ ਏਸੇਕਸ ਵਿੱਚ ਇੱਕ ਡਿਪਾਰਟਮੈਂਟਲ ਸਟੋਰ ਵਿੱਚ ਸੱਟਾਂ ਲੱਗਣ ਕਾਰਨ ਇੱਕ ਪੰਜ ਸਾਲਾ ਲੜਕੇ ਦੀ ਮੌਤ ਹੋ ਗਈ ਹੈ। ਇਸ ਛੋਟੇ ਬੱਚੇ ਨਾਲ ਇਹ ਹਾਦਸਾ ਸਟੋਰ ਵਿੱਚ ਇੱਕ ਸ਼ੀਸ਼ਾ ਉਸਦੇ ਸਿਰ ਉੱਤੇ ਡਿੱਗਣ ਕਾਰਨ ਹੋਇਆ ਹੈ। ਇਸ ਪੰਜ ਸਾਲਾਂ ਲੜਕੇ ਦਾ ਨਾਮ ਅਜੇ ਜਾਰੀ ਨਹੀਂ ਕੀਤਾ ਗਿਆ ਹੈ। ਪੁਲਿਸ ਅਨੁਸਾਰ ਕੋਲਚੈਸਟਰ ਹਾਈ ਸਟ੍ਰੀਟ ‘ਤੇ, ਫੈਨਵਿਕ ਡਿਪਾਰਟਮੈਂਟ ਸਟੋਰ ਵਿੱਚ ਪਿਛਲੇ ਮੰਗਲਵਾਰ ਸਵੇਰੇ ਕਰੀਬ 11:30 ਵਜੇ ਦੇ ਕਰੀਬ ਇਸ ਬੱਚੇ ਨਾਲ ਇਹ ਹਾਦਸਾ ਵਾਪਰਿਆ। ਹਾਦਸੇ ਉਪਰੰਤ ਉਸਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇੱਕ ਹਫਤੇ ਬਾਅਦ ਪੁਲਿਸ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਉਸਦੀ ਸੱਟਾਂ ਦੇ ਨਤੀਜੇ ਵਜੋਂ ਮੌਤ ਹੋ ਗਈ। ਡਿਪਾਰਟਮੈਂਟਲ ਸਟੋਰ ਦੀ ਮੈਨੇਜਰ ਮੀਆ ਫੇਨਵਿਕ ਨੇ ਬੱਚੇ ਦੀ ਮੌਤ ਲਈ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਅਤੇ ਹਰ ਤਰ੍ਹਾਂ ਦੀ ਸਹਾਇਤਾ ਦਾ ਵਾਅਦਾ ਕੀਤਾ ਹੈ।
