ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਜੋ ਕਿ ਇਸ ਹਫਤੇ ਦੇ ਆਪਣੇ ਸਕਾਟਲੈਂਡ ਦੇ ਦੌਰੇ ਦੌਰਾਨ ਕੋਰੋਨਾ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੂੰ ਨਹੀਂ ਮਿਲਣਗੇ। ਨਿਕੋਲਾ ਸਟਰਜਨ ਨੇ ਕੋਵਿਡ ਮਹਾਂਮਾਰੀ ਨਾਲ ਸਬੰਧਿਤ ਮੁੱਦਿਆਂ ‘ਤੇ ਗੱਲਬਾਤ ਕਰਨ ਲਈ ਪ੍ਰਧਾਨ ਮੰਤਰੀ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਆਉਣ ਲਈ ਸੱਦਾ ਦਿੱਤਾ ਸੀ। ਪਰ ਜੌਹਨਸਨ ਦੁਆਰਾ ਇੱਕ ਪੱਤਰ ਦੁਆਰਾ ਇਸ ਮੁਲਾਕਾਤ ਤੋਂ ਇਨਕਾਰ ਕੀਤਾ ਗਿਆ ਹੈ। ਇਸ ਦੀ ਬਜਾਏ ਜੌਹਨਸਨ ਨੇ ਕਿਸੇ ਹੋਰ ਤਾਰੀਖ ਨੂੰ ਦੂਜੇ ਫਸਟ ਮਨਿਸਟਰਜ਼ ਨਾਲ ਮੀਟਿੰਗ ਦਾ ਸੁਝਾਅ ਦਿੱਤਾ ਹੈ। ਜੌਹਨਸਨ ਅਨੁਸਾਰ ਉਹ ਨਿਕੋਲਾ ਸਟਰਜਨ ਨਾਲ ਵਿਅਕਤੀਗਤ ਮੁਲਾਕਾਤ ਦੇ ਇੱਛੁਕ ਹਨ ਅਤੇ ਯੂਕੇ ਦੇ ਸਾਰੇ ਹਿੱਸਿਆਂ ਵਿੱਚ ਮਹਾਂਮਾਰੀ ਨੂੰ ਠੀਕ ਕਰਨ ਲਈ ਚਰਚਾ ਜਰੂਰੀ ਹੈ। ਇਸਦੇ ਇਲਾਵਾ ਯੂਕੇ ਸਰਕਾਰ ਵੱਖੋ ਵੱਖਰੇ ਮੁੱਦਿਆਂ ‘ਤੇ ਸਕਾਟਿਸ਼ ਸਰਕਾਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸਟਰਜਨ ਨਾਲ ਜਲਦ ਹੀ ਲੋਕਾਂ ਦੇ ਹਿੱਤਾਂ ਲਈ ਮਿਲਣ ਦੀ ਉਮੀਦ ਕਰਦੇ ਹਨ। ਜਨਵਰੀ ਤੋਂ ਬਾਅਦ ਇਹ ਜੌਹਨਸਨ ਦੀ ਪਹਿਲੀ ਯਾਤਰਾ ਹੋਵੇਗੀ। ਜਨਵਰੀ 2021 ਵਿੱਚ ਸਕਾਟਲੈਂਡ ਦੀ ਯਾਤਰਾ ਕਰਨ ਵੇਲੇ ਨਿਕੋਲਾ ਸਟਰਜਨ ਨੇ ਪ੍ਰਧਾਨ ਮੰਤਰੀ ਦੀ ਕੋਰੋਨਾ ਪਾਬੰਦੀਆਂ ਦੌਰਾਨ ਯਾਤਰਾ ਦੀ ਜਰੂਰਤ ‘ਤੇ ਸਵਾਲ ਕੀਤਾ ਸੀ। ਪ੍ਰਧਾਨ ਮੰਤਰੀ ਵੱਲੋਂ ਸਕਾਟਲੈਂਡ ਆ ਕੇ ਵੀ ਨਿਕੋਲਾ ਸਟਰਜਨ ਨੂੰ “ਕਦੇ ਫੇਰ ਮਿਲਾਂਗੇ” ਕਹਿਣਾ ਓਸੇ ਘਟਨਾ ਦੀ ਅਗਲੀ ਕੜੀ ਤਾਂ ਨਹੀਂ ਹੈ?