ਚੰਡੀਗੜ੍ਹ: (ਪੰਜ ਦਰਿਆ ਬਿਊਰੋ)
ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ ਵੱਲੋਂ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਹੈ। ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਤਹਿਤ ਗੁਰੁੂ ਤੇਗ ਬਹਾਦਰ ਦਰਸ਼ਨ:ਸਮਕਾਲੀ ਦ੍ਰਿਸ਼ਟੀ ਵਿਸ਼ੇ ਤੇ ਦੂਸਰਾ ਲੈਕਚਰ ਸ.ਅਮਰਜੀਤ ਸਿੰਘ ਗਰੇਵਾਲ (ਪ੍ਰਸਿਧ ਪੰਜਾਬੀ ਚਿੰਤਕ ਤੇ ਵਿਦਵਾਨ) ਨੇ ਦਿੱਤਾ।ਉਹਨਾਂ ਨੇ ਗੁਰੁੂ ਤੇਗ ਬਹਾਦਰ ਦਰਸ਼ਨ:ਸਮਕਾਲੀ ਦ੍ਰਿਸ਼ਟੀ ਦੇ ਮੂਲ ਸਰੋਕਾਰਾਂ ਬਾਰੇ ਸਮਕਾਲੀ ਪ੍ਰਸੰਗ ਤੋਂ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਗੁਰੁੂ ਤੇਗ ਬਹਾਦਰ ਦਰਸ਼ਨ:ਸਮਕਾਲੀ ਦ੍ਰਿਸ਼ਟੀ ਦੇ ਸਮਕਾਲੀ ਅਰਥ ਵਿਚਾਰਨੇ ਚਾਹੀਦੇ ਹਨ।ਇਹ ਅਰਥ ਗੁਰੁੂ ਤੇਗ ਬਹਾਦਰ ਦਰਸ਼ਨ ਦੀ ਪੂਰਵ ਅਧਿਅਨ ਦ੍ਰਿਸ਼ਟੀ ਤੋਂ ਹੀ ਜੀਵਨ ਨੂੰ ਸੇਧ ਪ੍ਰਦਾਨ ਕਰ ਸਕਦੇ ਹਨ।ਵਿਸ਼ਵ-ਇਤਿਹਾਸ ਵਿੱਚ ਗੁਰੂ ਜੀ ਦੀ ਕੁਰਬਾਨੀ ਵਿਲੱਖਣ ਹੈ ਅਤੇ ਵਿਸ਼ੇਸ਼ ਅਰਥਾਂ ਦੀ ਧਾਰਨੀ ਹੈ।ਗੁਰੂ ਜੀ ਦੀ ਸਮਕਾਲੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇਹ ਕੁਰਬਾਨੀ ਆਪਣੇ ਲਈ ਨਹੀਂ, ਆਪਣੇ ਭਾਈਚਾਰੇ ਲਈ ਨਹੀਂ ਬਲਕਿ ਮਾਨਵਤਾ ਨੂੰ ਬਚਾਉਣ ਖ਼ਾਤਰ ਦਿੱਤੀ ਗਈ। ਇਸ ਤਰ੍ਹਾਂ ਇਸ ਗੌਰਵਮਈ ਸ਼ਹਾਦਤ ਨੇ ਸਿਰਫ਼ ਸਿੱਖ ਇਤਿਹਾਸ ਨੂੰ ਹੀ ਨਵਾਂ ਮੋੜ ਨਹੀਂ ਦਿੱਤਾ ਸਗੋਂ ਪੂਰੇ ਵਿਸ਼ਵ ਨੂੰ ਹੱਕ, ਸੱਚ, ਇਨਸਾਫ਼ ਅਤੇ ਧਰਮ ਲਈ ਮਰ-ਮਿਟਣ ਦਾ ਜਜ਼ਬਾ ਪ੍ਰਦਾਨ ਕੀਤਾ। ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿੱਚ ਇੱਕ ਨਵੀਂ ਰੂਹ ਫੂਕੀ। ਆਪ ਜੀ ਦੀ ਕੁਰਬਾਨੀ ਨਾ ਸਿਰਫ਼ ਸਮਕਾਲੀਨ ਸਮਾਜ ਲਈ ਬਲਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪ੍ਰੇਰਨਾ-ਸਰੋਤ ਬਣੀ।
ਡਾ.ਸਰਬਜੀਤ ਕੌਰ ਸੋਹਲ (ਪ੍ਰਧਾਨ ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ) ਨੇ ਆਪਣੇ ਸਵਾਗਤੀ ਸ਼ਬਦਾਂ ਵਿਚ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਆਪਣੀ ਬਾਣੀ ਰਾਹੀਂ ਨਿਡਰਤਾ ਨਾਲ ਸੱਚ ਦੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਇਸ ਸੰਦੇਸ਼ ਨੂੰ ਪ੍ਰਤੱਖ ਪ੍ਰਗਟ ਕਰਦਿਆਂ ਉਨ੍ਹਾਂ ਇਸ ਦੇਸ਼ ਵਿੱਚ ਉਸ ਸਮੇਂ ਹੋ ਰਹੇ ਜੁਲਮਾਂ ਖਿਲਾਫ਼ ਸ਼ਹਾਦਤ ਦਿੱਤੀ। ਗੁਰੂ ਜੀ ਭਾਵੇਂ ਖੁਦ ਨਿਰੰਕਾਰੀ ਜੋਤ ਦੇ ਨੌਵੇਂ ਵਾਰਸ ਸਨ ਅਤੇ ਉਨ੍ਹਾਂ ਹਿੰਦੂ ਧਰਮ ਨੂੰ ਆਪਣਾ ਸੀਸ ਦੇ ਕੇ ਰੱਖ ਲਿਆ। ਉਹਨਾਂ ਦੀ ਇਹ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਵਿਲੱਖਣ ਹੈ। ਉਹਨਾਂ ਨੇ ਆਪਣੀ ਬਾਣੀ ਵਿੱਚ ਮਨੁੱਖ ਨੂੰ ਸੰਦੇਸ਼ ਦਿੱਤਾ ਹੈ ਕਿ ਨਾ ਤਾਂ ਕਿਸੇ ਨੂੰ ਭੈਅ ਦੇਣਾ ਹੈ ਅਤੇ ਨਾ ਹੀ ਕਿਸੇ ਦਾ ਭੈਅ ਮੰਨਣਾ ਹੈ। ਗੁਰੁੂ ਤੇਗ ਬਹਾਦਰ ਦਾ ਜੀਵਨ ਸਮੁੱਚੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ।ਸਾਨੂੰ ਸਾਰਿਆਂ ਨੂੰ ਗੁਰੁੂ ਤੇਗ ਬਹਾਦਰ ਦੇ ਜੀਵਨ ਅਤੇ ਬਾਣੀ ਨੂੰ ਧਾਰਨ ਕਰਨਾ ਚਾਹੀਦਾ ਹੈ ਤਾਂ ਕਿ ਤਾਂ ਸਾਡੇ ਜੀਵਨ ਦੀ ਸਾਰਥਕ ਦ੍ਰਿਸ਼ਟੀ ਬਣ ਸਕੇ।
ਡਾ.ਰਵੇਲ ਸਿੰਘ (ਮੀਤ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ,ਚੰਡੀਗੜ੍ਹ) ਨੇ ਆਪਣੇ ਆਰੰਭਕ ਸ਼ਬਦਾਂ ਵਿਚ ਕਿਹਾ ਕਿ ਇਹਨਾਂ ਮਾਸਿਕ ਲੈਕਚਰਾਂ ਦਾ ਮੂਲ ਮਨੋਰਥ ਗੁਰੁੂ ਤੇਗ ਬਹਾਦਰ ਜੀ ਸੰਬੰਧੀ ਇਤਿਹਾਸਕ ਸਰੋਤਾਂ ਅਤੇ ਵੱਖੋਂ-ਵੱਖਰੀਆਂ ਅੰਤਰ-ਦ੍ਰਿਸ਼ਟੀਆਂ ਤਹਿਤ ਗੁਰੁੂ ਤੇਗ ਬਹਾਦਰ ਸਮਕਾਲੀ ਬਿੰਬ ਨੂੰ ਉਜਾਗਰ ਕਰਨਾ ਹੈ।
ਇਸ ਆਨ ਲਾਇਨ ਮਾਸਿਕ ਲੈਕਚਰ ਲੜੀ ਦੇ ਕੋਆਡੀਨੇਟਰ ਡਾ.ਅਮਰਜੀਤ ਸਿੰਘ ਹਨ।ਉਹਨਾਂ ਦੱਸਿਆ ਕਿ ਇਸ ਮਾਸਿਕ ਲੈਕਚਰ ਲੜੀ ਵਿਚ ਅੱਜ ਦਾ ਲੈਕਚਰ ਇਸ ਲਈ ਵਿਸ਼ੇਸ਼ ਹੈ ਕਿਉਂਕਿ ਇਸ ਦਾ ਵਿਸ਼ਾ ਸਮਕਾਲੀ ਪ੍ਰਸਥਿਤੀਆਂ ਨਾਲ ਸੰਬੰਧਿਤ ਗੁਰੁੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ ਨੂੰ ਸਮਝਣਾ ਹੈ।
ਸਮਾਗਮ ਦੇ ਅਖ਼ੀਰ ਤੇ ਡਾ.ਸ਼ਤੀਸ਼ ਕੁਮਾਰ ਵਰਮਾ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਸਾਰਿਆਂ ਦੀ ਸ਼ਮੂਲੀਅਤ ਸਦਕਾ ਹੀ ਅਸੀਂ ਗੁਰੁੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮਾਸਿਕ ਲੈਕਚਰ ਲੜੀ ਨੂੰ ਸਫ਼ਲ ਬਣਾ ਸਕੇ ਹਾਂ ।ਆਪ ਜੀ ਦੇ ਇਸ ਸਹਿਯੋਗ ਲਈ ਪੰਜਾਬ ਸਾਹਿਤ ਅਕਾਦਮੀ ਆਪ ਜੀ ਦਾ ਧੰਨਵਾਦ ਕਰਦੀ ਹੈ।ਇਸ ਵੈਬੀਨਾਰ ਵਿਚ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਦੇ ਮੈਂਬਰ ਡਾ. ਕੁਲਦੀਪ ਸਿੰਘ ਦੀਪ, ਜਸਪਾਲ ਮਾਨਖੇੜਾ, ਪ੍ਰੋ.ਗੁਰਮੇਲ, ਡਾ.ਅਮਰਦੀਪ ਕੌਰ, ਡਾ.ਕੁਲਦੀਪ ਸਿੰਘ (ਕੁਰਕਸ਼ੇਤਰ ਯੂਨੀਵਰਸਿਟੀ) ਡਾ.ਪ੍ਰੀਤਮ ਸਿੰਘ (ਜੰਮੂ ਯੂਨੀਵਰਸਿਟੀ ਅਤੇ ਵੱਖੋਂ-ਵੱਖਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਅਧਿਆਪਕ, ਵਿਦਿਆਰਥੀ ਅਤੇ ਸਰੋਤੇ ਹਾਜ਼ਰ ਸਨ।