ਅੰਤਿਮ ਅਰਦਾਸ 3 ਅਗਸਤ (ਮੰਗਲਵਾਰ) ਨੂੰ ਬਿਲਾਸਪੁਰ ਵਿਖੇ ਹੋਵੇਗੀ

ਬਿਲਾਸਪੁਰ (ਵਰਿੰਦਰ ਖੁਰਮੀ/ ਪੰਜ ਦਰਿਆ ਬਿਊਰੋ) ਮੋਗਾ ਜ਼ਿਲ੍ਹੇ ਦੇ ਪਿੰਡ ਬਿਲਾਸਪੁਰ ਨੂੰ ਸਿਆਸਤਦਾਨਾਂ, ਵਿਦਵਾਨਾਂ ਤੇ ਕਲਾ ਖੇਤਰ ਨਾਲ ਜੁੜੀਆਂ ਹਸਤੀਆਂ ਦੀ ਜਨਮ ਭੂਮੀ ਹੋਣ ਦਾ ਮਾਣ ਹਾਸਲ ਹੈ। ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਪਿੰਡ ਬਿਲਾਸਪੁਰ ਦੇ ਜੰਮਪਲ ਪ੍ਰਸਿੱਧ ਗੀਤਕਾਰ ਤੇ ਮਿਲਾਪੜਾ ਇਨਸਾਨ ਮਹਿੰਦਰ ਭੱਟੀ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ। ਮਹਿੰਦਰ ਭੱਟੀ ਸਿਰਫ ਸੁਲਝੇ ਹੋਏ ਇਨਸਾਨ ਹੀ ਨਹੀਂ ਸਨ ਬਲਕਿ ਸ਼ਬਦਾਂ ਦੇ ਧਨੀ ਗੀਤਕਾਰ ਵੀ ਸਨ। ਉਨ੍ਹਾਂ ਦੀਆਂ ਲਿਖਤਾਂ ਨੂੰ ਵੱਖ ਵੱਖ ਗਾਇਕਾਂ ਵੱਲੋਂ ਗਾਇਆ ਜਾ ਚੁੱਕਾ ਹੈ। ਉਹ ਸਕਾਟਲੈਂਡ ਵਸਦੇ ਗਾਇਕ ਤੇ ਰੇਡੀਓ ਪੇਸ਼ਕਾਰ ਕਰਮਜੀਤ ਮੀਨੀਆਂ ਅਤੇ ਲੇਖਕ ਅਮਰ ਮੀਨੀਆਂ ਦੇ ਭੂਆ ਦੇ ਪੁੱਤ ਸਨ। ਉਨ੍ਹਾਂ ਦੇ ਚਲਾਣੇ ਸਬੰਧੀ ਗੱਲਬਾਤ ਕਰਦਿਆਂ ਕਰਮਜੀਤ ਮੀਨੀਆਂ ਨੇ ਕਿਹਾ ਕਿ ਮਹਿੰਦਰ ਭੱਟੀ ਹਾਲਾਤਾਂ ਦੀ ਭੱਠੀ ਵਿੱਚ ਤਪ ਕੇ ਪਰਵਾਨ ਚੜ੍ਹਿਆ ਹੀਰਾ ਗੀਤਕਾਰ ਸੀ। ਉਨ੍ਹਾਂ ਦੇ ਜਾਣ ਨਾਲ ਬਹੁਤ ਵੱਡਾ ਘਾਟਾ ਪਿਆ ਹੈ। ਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਭੱਟੀ ਭਾਰਤੀ ਸੈਨਾ ਵਿੱਚੋਂ ਸੇਵਾਮੁਕਤ ਹੋ ਕੇ ਬਿਲਾਸਪੁਰ ਵਿਖੇ ਹੀ ਰਹਿ ਰਹੇ ਸਨ। ਉਨ੍ਹਾਂ ਨਮਿੱਤ ਅੰਤਿਮ ਅਰਦਾਸ 3 ਅਗਸਤ ਦਿਨ ਮੰਗਲਵਾਰ ਨੂੰ ਪਿੰਡ ਬਿਲਾਸਪੁਰ ਵਿਖੇ ਹੋਵੇਗੀ ।