8.2 C
United Kingdom
Saturday, April 19, 2025

More

    ਇਹੋ ਜਿਹੇ ਸਨ ਅਵਤਾਰ ਸਿੰਘ ਬਰਾੜ- (14)

    ਨਿੰਦਰ ਘੁਗਿਆਣਵੀ
    ***
    ਸਾਡੇ ਪਿੰਡ ਦੇ ਸਰਪੰਚ ਸ੍ਰ ਜਸਪਾਲ ਸਿੰਘ ਦਾ ਬਰਾੜ ਸਾਹਬ ਨਾਲ ਮਾੜਾ ਮੋਟਾ ਮਨ ਮੁਟਾਵ ਜਿਹਾ ਹੋ ਗਿਆ। ਮਿਲਾਪੜੇ ਸੁਭਾਅ ਦਾ ਮਾਲਕ ਜਸਪਾਲ ਮੱਦਦ ਵੀ ਪੂਰੀ ਕਰਦਾ ਰਿਹਾ ਸੀ ਤੇ ਲਿਹਾਜ ਵੀ ਚੰਗੀ ਸੀ ਬਰਾੜ ਸਾਹਬਨਾਲ। ਹੁਣ ਉਹ ਬਰਾੜ ਸਾਹਬ ਦੀ ਕੋਠੀ ਨਹੀਂ ਸੀ ਜਾਂਦਾ। ਬਰਾੜ ਸਾਹਬ ਪਿੰਡ ਆਏ ਇਕ ਭੋਗ ਉਤੇ। ਮੈਂ ਤੇ ਜਸਪਾਲ ਮੱਥਾ ਟੇਕ ਕੇ ਘਰ ਤੋਂ ਬਾਹਰ ਨੂੰ ਆ ਰਹੇ ਸੀ ਤੇ ਬਰਾੜ ਸਾਹਬ ਬੂਹੇ ਮੂਹਰੇ ਕਾਰ ‘ਚੋਂ ਉਤਰ ਰਹੇ ਸਨ ਅੰਦਰ ਆਉਣ ਲਈ। ਜਸਪਾਲ ਮੇਰੇ ਵੱਲ ਵੇਖਕੇ ਮੁਸਕਰਾਇਆ। ਜਦ ਨੇੜੇ ਆਏ ਤਾਂ ਅਸੀਂ ਗੋਡੀ ਹੱਥ ਲਾਏ। ਜਸਪਾਲ ਦੀ ਬਾਂਹ ਫੜ ਕੇ ਬੋਲੇ, “ਓ ਮੁੜ ਆ ਲਾਮਾਂ ਤੋਂ ਸਾਨੂੰ ਘਰੇ ਬੜਾ ਰੁਜ਼ਗਾਰ, ਓ ਪੁੱਤਰਾ ਮੁੜ ਆ, ਹੁਣ ਮੁੜ ਆ, ਚਾਚੇ ਨਾਲ ਅੱਖ ਨੀ ਮਿਲੌਂਦਾ ਅਜਕਲ੍ਹ ਪੁੱਤਰਾ।” ਹਸਦੇ ਹਸਦੇ ਕਹਿੰਦੇ, “ਘੁਗਿਆਣਵੀ ਮੋੜ ਓਏ ਆਵਦੇ ਯਾਰ ਨੂੰ, ਏਹੇ ਤੇਰੇ ਆਖੇ ਲਗਦੈ ਬਈ।” ਜਸਪਾਲ ਵੀ ਅੱਗੋਂ ਹੱਸਕੇ ਬੋਲਿਆ, “ਅੱਖ ਤਾਂ ਅਜਕਲ੍ਹ ਚਾਚਾ ਆਪ ਨੀ ਮਿਲਾਉਂਦਾ ਤੇ ਉਲਾਂਭਾ ਭਤੀਜਿਆ ਨੂੰ ਦਿੰਦੈ, ਫੋਕਾ ਫਾਕੜੀ ਉਲਾਂਭਾ।” ਸਾਰੇ ਹੱਸ ਪਏ। ਉਨਾ ਜਸਪਾਲ ਦਾ ਮੋਢਾ ਥਾਪੜਿਆ ਤੇ ਅੱਗੇ ਤੁਰ ਗਏ।
    ****
    ਗਾਇਕ ਜੀਤ ਜਗਜੀਤ ਬਾਬੂ ਸਿੰਘ ਮਾਨ ਦਾ ‘ਚੇਲਾ’ ਬਣ ਗਿਆ ਤੇ ਗੱਲ ਗੱਲ ਉਤੇ ਕਿਹਾ ਕਰੇ ਕਿ ਮਾਨ ਸਾਹਿਬ ਮੇਰੇ ‘ਪਾਪਾ ਜੀ’ ਨੇ, ਮਾਨ ਸਾਹਿਬ ਮੇਰੇ ਪਾਪਾ ਜੀ ਨੇ। ਉਹ ਸ਼ੁਰੂ ਸ਼ੁਰੂ ਵਿਚ ਹਰਭਜਨ ਮਾਨ ਵਰਗੀ ਗਾਇਕੀ ਗਾਉਣ ਲੱਗਿਆ। ਮਾਨ ਸਾਹਿਬ ਨੂੰ ਉਹ ਚੰਡੀਗੜ੍ਹ ਅਕਸਰ ਹੀ ਮਿਲਦਾ ਰਹਿੰਦਾ ਤੇ ਆਪਣੇ ਮਿਲਾਪੜੇ ਸੁਭਾਓ ਕਾਰਨ ਇਉਂ ਈ ਉਹ ਬਰਾੜ ਸਾਹਬ ਨੂੰ ਵੀ ਮਿਲਣ-ਗਿਲਣ ਲੱਗ ਪਿਆ। ਬਰਾੜ ਸਾਹਬ ਨੇ ਉਸਨੂੰ ਆਖਿਆ, “ਜੀਤ ਬੇਟਾ, ਹਰਭਜਨ ਮਾਨ ਦੀ ਕਾਪੀ ਨਾ ਕਰ,ਤੇਰੀ ਪਛਾਣ ਤਦ ਹੀ ਬਣੂੰ, ਜੇ ਕੁਛ ਬਾਕੀਆਂ ਤੋਂ ਨਿਵੇਕਲਾ ਕਰੇਂਗਾ, ਤੇਰੇ ਕੋਲ ਗਾਇਕੀ ਦੇ ਮੌਲਿਕ ਗੁਣ ਹੈਗੇ ਆ, ਬਸ ਸੇਧ ਲੈਕੇ ਉਨਾ ਗੁਣਾਂ ਨੂੰ ਸੋਧ ਲੈ।” ਜੀਤ ਜਗਜੀਤ ਨੇ ਬਰਾੜ ਸਾਹਬ ਦਾ ਕਿਹਾ ਮੰਨ ਕੇ ਆਪਣੀ ਸੰਗੀਤਕ ਮੌਲਿਕਤਾ ਨਿਖਾਰਨੀ ਸ਼ੁਰੂ ਕਰ ਦਿੱਤੀ। ਉਦੋਂ ਤਕ ਉਹ ਮੇਰਾ ਵੀ ਚੰਗਾ ਨਜਦੀਕੀ ਦੋਸਤ ਬਣ ਚੁੱਕਾ ਹੋਇਆ ਸੀ। ਜੀਤ ਦਾ ਵਿਆਹ ਆ ਗਿਆ। ਬਰਾੜ ਸਾਹਬ, ਮਾਨ ਸਾਹਿਬ, ਹਰਭਜਨ ਮਾਨ, ਗੁਰਸੇਵਕ ਮਾਨ ਤੇ ਮੈਂ ਵੀ ਨਾਲ, ਅਸੀਂ ਇਕਠੇ ਗਏ। ਸ਼ੋਮਣੀ ਢਾਡੀ ਈਦੂ ਸ਼ਰੀਫ ਵੀ ਆਪਣੇ ਮੁੰਡਿਆਂ ਸੁੱਖੀ ਤੇ ਵਿੱਕੀ ਨਾਲ ਢੱਡ ਸਾਰੰਗੀ ਲੈਕੇ ਆਇਆ। ਰੌਣਕ ਵਾਹਵਾ ਬੱਝੀ। ਈਦੂ ਸ਼ਰੀਫ ਸ਼ੰਮਲਾ ਛੱਡਕੇ ਰੰਗੀਨ ਕੁੜਤੇ ਚਾਦਰੇ ਤੇ ਪੈਰੀਂ ਦੇਸੀ ਖੋਸੇ, ਝੂੰਮਦਾ ਫਿਰੇ। ਜਦ ਉਹਨੇ ਹੇਕ ਚੁੱਕੀ ਤੇ ‘ਹੀਰ’ ਦੀ ਕਲੀ ਛੋਹੀ, ਤਾਂ ਖਾ ਰਹਿਆਂ ਦੇ ਮੂੰਹ ਰੁਕ ਗਏ। ਗੱਲਾਂ ਕਰਨ ਵਾਲਿਆਂ ਦੇ ਦੰਦ ਜੁੜ ਗਏ। ਖੜੇ ਆਪਣੀ ਥਾਵੇਂ ਖੜੇ ਰਹਿ ਗਏ ਤੇ ਬੈਠੇ ਆਪਣੀ ਥਾਵੇ ਬੈਠੇ। ਈਦੂ ਸ਼ਰੀਫ ਨੇ ਵਿਸਕੀ ਦਾ ਮੋਟਾ ਪੈਗ ਅੰਦਰ ਸੁੱਟਿਆ ਤਾਂ ਬਾਬੂ ਸਿੰਘ ਮਾਨ ਦੀ ਹਾਜਰੀ ਵਿਚ ਉਨਾ ਦਾ ਲਿਖਿਆ ਗੀਤ ਗਾਉਣ ਲੱਗਿਆ: ਤੇਰੀਆਂ ਬਰੰਗ ਚਿੱਠੀਆਂ ਪੜਿਆ ਕਰਾਂ ਕਿ ਦੱਸ ਨਾਂ ਮੈਨੂੰ ਭੁੱਲ ਜਾਣ ਵਾਲੀਏ, ਚੇਤੇ ਕਰਿਆਂ ਕਰਾਂ ਕਿ ਦੱਸ ਨਾ। ਸਮਾਂ ਬੱਝ ਗਿਆ ਹੋਇਆ ਸੀ। ਯਾਦਗਾਰੀ ਸੀ ਜੀਤ ਦਾ ਵਿਆਹ। (ਇਹ ਵਿਆਹ ਲੁਧਿਆਣੇ ਦੇ ਫਿਰੋਜ਼ਪੁਰ ਰੋਡ ਉਤੇ ਪੈਂਦੇ ਮਹਿੰਗੇ ਪੈਲਿਸ ਕਾਸੇ ਲਾ ਬੈਰਿਨ ਵਿਚ ਹੋਇਆ। ਸਾਲ 2001 ਦਾ ਸੀ, ਚੇਤਾ ਹੈ ਮੈਨੂੰ। ਮੈਂ ਕੈਨੇਡਾ ਪਹਿਲੀ ਵਾਰੀ ਜਾਕੇ ਆਇਆ ਸਾਂ।)
    ਅੰਕਲ ਸੁਰਿੰਦਰ ਗੁਪਤਾ ਜੀ ਵੀ ਬਰਾੜ ਸਾਹਬ ਦੇ ਨਾਲ ਆਏ ਵਿਆਹ ਉਤੇ ਆਏ ਹੋਏ ਸੀ। ਕੰਮ ਥੋੜਾ ਲੇਟ ਸ਼ੁਰੂ ਹੋਇਆ ਸੀ, ਸਟੇਜ ਲੇਟ ਲੱਗ਼ਣ ਕਾਰਣ। ਹਰਭਜਨ ਗਾਉਣ ਲੱਗਿਆ ਤਾਂ ਮਾਹੌਲ ਹੋਰ ਵੀ ਭਖ ਗਿਆ। ਬਾਬੂ ਸਿੰਘ ਮਾਨ, ਬਰਾੜ ਸਾਹਬ ਤੇ ਹੋਰ ਨੇੜੂਆਂ ਨੂੰ ਨਚਾਇਆ ਜਾਣ ਲੱਗਿਆ। ਸਾਨੂੰ ਸਭ ਨੂੰ ਨੱਚਦੇ ਵੇਖ ਗੁਪਤਾ ਜੀ ਦੇ ਪੱਬ ਕਿਵੇਂ ਨਾ ਥਿਰਕਦੇ ਭਲਾ? ਬਰਾੜ ਤੇ ਮਾਨ ਸਾਹਿਬ ਤਾਂ ਗੇੜਾ ਜਿਹਾ ਦੇਕੇ ਬਹਿਗੇ ਤਾ ਗੁਪਤਾ ਜੀ ਬਹਿਣ ਈ ਨਾ। ਪੈਗਾਂ ਦੀ ਭਰੀ ਟਰੇਅ ਹੋਰ ਆ ਗਈ। ਹਰਭਜਨ ਗਾ ਰਿਹਾ ਸੀ: ” ਤੇਰੀ ਭਿਜਗੀ ਕੁੜਤੀ ਲਾਲ ਪਸੀਨੇ ਨਾਲ ਕੁੜੇ।” ਗੁਪਤਾ ਜੀ ਨੂੰ ਤਿੱਖੀ ਲੋਰ ਹੋਰ ਹੋਰ ਚੜ ਰਹੀ ਸੀ। ਬਰਾੜ ਸਾਹਬ ਬੈਠੇ ਘੂਰੀਆਂ ਵੱਟਣ। ਮੈਂ ਹੱਸਾਂ। ਕਹਿੰਦੇ, “ਮੂਰਖਾ, ਓ ਮੂਰਖਾ, ਜਾਹ ਗੁਪਤਾ ਜੀ ਨੂੰ ਖਿਚ ਕੇ ਲਿਆ ਐਥੇ, ਏਹ ਆਵਦਾ ਹੱਡ ਗੋਡਾ ਤੁੜਵਾਕੇ ਈ ਹਟੂ, ਬਣਿਆ ਫਿਰਦੈ ਵੱਡਾ ਪੰਮੀ ਬਾਈ, ਹਟਦਾ ਈ ਨੀ ਨੱਚਣੋ।”
    ਮੈਂ ਗੁਪਤਾ ਜੀ ਨੂੰ ਬਿਠਾਉਣ ਵਾਸਤੇ ਬੁਲਾਉਣ ਗਿਆ, ਤਾਂ ਗੁਪਤਾ ਜੀ ਮੈਨੂੰ ਵੀ ਨਾਲ ਨਚਾਉਣ ਲੱਗੇ। ਮੈਂ ਬਰਾੜ ਸਾਹਬ ਵੱਲ ਵੇਖਾਂ, ਉਹ ਮੈਨੂੰ ਅੱਖਾਂ ਕੱਢੀ ਜਾਣ। ਖੈਰ! ਮਸਾਂ ਬਿਠਾਇਆ ਗੁਪਤਾ ਜੀ ਨੂੰ ਲਿਆਕੇ। ਬਰਾੜ ਸਾਹਬ ਬੋਲੇ, ” ਤੂੰ ਵੀ ਨੀ ਹਟਦਾ ਪੰਗੇ ਲੈਣੋ, ਭੇਜਿਆ ਲੈਣ ਗੁਪਤਾ ਜੀ ਨੂੰ ਤੇ ਜਾਕੇ ਨਾਲ ਨੱਚਣ ਲੱਗ ਪਿਆ ਤੂੰ? ਹੱਦ ਹੋਈ ਪਈ ਥੋਡੀ ਯਾਰ।”
    ਪੈਗਾਂ ਵਲੀ ਟਰੇਅ ਫੜੀ ਬਹਿਰਾ ਫਿਰ ਸਾਡੇ ਨੇੜੇ ਆ ਖਲੋਤਾ ਸੀ।


    ਐਮ ਸੀ ਬਲਜੀਤ ਗੋਰੇ ਦਾ ਮੁੰਡਾ ਕਰਮਜੀਤ ਗੱਲ ਸੁਣਾਵੇ ਕਿ ਇਕ ਵਾਰ ਬਰਾੜ ਸਾਹਬ ਮਰਾੜ ਬੈਠੇ। ਨਾਲ ਗੁਪਤਾ ਜੀ ਵੀ ਆਏ। ਮਾਨ ਸਾਹਿਬ ਦੇ ਘਰ ਕੁੱਕੜ ਕੁੱਕੜੀਆਂ ਆਮ ਹੀ ਰੱਖੇ ਹੁੰਦੇ ਸੀ। ਇਹ ਵਿਹੜੇ ਵਿਚ ਕੁਰਸੀਆਂ ਡਾਹੀ ਬੈਠੇ ਸਨ,ਤਾਂ ਦੋ ਕੁੱਕੜ ਕੁੜ ਕੁੜ ਕਰਦੇ ਇੰਨਾਂ ਦੇ ਕੋਲ ਆ ਗਏ। ਕੁੱਕੜਾਂ ਦੀ ਕੁੜ ਕੁੜ ਸੁਣਕੇ ਬਰਾੜ ਸਾਹਬ ਗੁਪਤਾ ਜੀ ਨੂੰ ਪੁਛਦੇ ਹਨ, “ਕਿਉ ਗੁਪਤਾ ਜੀ, ਏਹ ਕੁੱਕੜ ਕੀ ਗੱਲਾਂ ਕਰਦੇ ਐ?” ਗੁਪਤਾ ਜੀ ਨੂੰ ਗੱਲ ਨਾ ਅਹੁੜੀ ਤੇ ਕੋਲ ਬੈਠਾ ਮਾਨ ਸਾਹਿਬ ਦਾ ਕਲਾਕਾਰ ਪੁੱਤਰ ਅਮਿਤੋਜ ਮਾਨ ਬੋਲਦਾ ਹੈ, ” ਅੰਕਲ, ਏਹ ਕੁੱਕੜ ਆਪਸ ਵਿਚ ਕਹਿ ਰਹੇ ਨੇ ਇਕ ਦੂਜੇ ਨੂੰ ਕਿ ਅੱਜ ਬਰਾੜ ਸਾਹਬ ਤੇ ਗੁਪਤਾ ਜੀ ਆਏ ਐ, ਜਾਂ ਤੇਰੀ ਖੈਰ ਨੀ, ਜਾਂ ਮੇਰੀ ਖੈਰ ਨੀ।” ਸਾਰੇ ਹੱਸੇ।


    ਬਲਜੀਤ ਗੋਰਾ ਦੱਸੇ ਕਿ ਗਿਆਨੀ ਜੀ ਗ੍ਰਹਿ ਮੰਤਰੀ ਸਨ। ਉਨਾ ਬਰਾੜ ਸਾਹਬ ਤੇ ਗੁਪਤਾ ਜੀ ਜਹਾਜ ਵਿੱਚ ਨਾਲ ਬਿਠਾ ਲਿਆ। ਬਰਾੜ ਸਾਹਬ ਨੂੰ ਮਜਾਕ ਸੁੱਝਿਆ, ਕਹਿਣ ਲਗੇ, ਗਿਆਨੀ ਜੀ ਆਹ ਵੇਖਲੋ,ਮੁਦਕੀ ਦਾ ਬਾਣੀਆਂ, ਘਸੀਆਂ ਚੱਪਲਾਂ ਪਾਕੇ ਆਇਆ ਔਰਦਾ ੲਈ ਤੇ ਅਜ ਥੋਡੇ ਬਰਾਬਰ ਜਹਾਜ ਵਿੱਚ ਬੈਠਾ ਐ। ਗੁਪਤਾ ਜੀ ਨੂੰ ਵੀ ਅਗੋਂ ਚੰਗੀ ਸੁੱਝੀ ਤੇ ਉਹ ਬੋਲੇ, ਗਿਆਨੀ ਜੀ, ਏਹਦੀ ਸੁਣ ਲੌ, ਸੂਏ ਤੇ ਮੱਝਾਂ ਪਿਆਉਣ ਗਿਆ ਸੀ ਤੇ ਉਥੇ ਬੇਲਦਾਰ ਆ ਗਿਆ, ਸੂਏ ਵਿਚ ਮੱਝਾਂ ਛਡਕੇ ਭਜ ਆਇਆ ਤੇ ਅਜ ਥੋਡੇ ਬਾਰਾਬਰ ਜਹਾਜ ਵਿੱਚ ਬੋਮੈਠਾ ਐ।” ਗਿਆਨੀ ਜੀ ਇਨਾ ਦੀ ਮੋਹ ਭਰੀ ਨੋਕ ਝੋਕ ਸੁਣਕੇ ਪ੍ਰਸੰਨ ਹੋ ਗਏ!
    (ਬਾਕੀ ਅਗਲੇ ਹਫਤੇ)

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!