
ਸੁਖਨਵਰ ਬਣਕੇ ਉਹ ਭਰਮਾ ਗਿਆ
ਸਾਨੂੰ,
ਆਪਣੇ ਮਿੱਠੇ ਬੋਲਾਂ ਨਾਲ ਉਸ ਉਲਝਾ ਲਿਆ ਸਾਨੂੰ।
ਸਾਡੇ ਹੀ ਹੱਥਾਂ ਦਾ ਮਹਿੰਗਾ ਮੁੱਲ ਪਾ ਕੇ,
ਹੱਥ ਕਟਵਾਉਣ ਲਈ ਉਸ ਮਨਾ ਲਿਆ ਸਾਨੂੰ।
ਝੂਠ ਵੇਚਣਾ ਸੀ ਉਸਦੀ ਤਿਜਾਰਤ,
ਝੂਠ ਦੇ ਸਾਗਰ ਵਿੱਚ ਉਸ ਡੁਬਾ ਲਿਆ ਸਾਨੂੰ।
ਸਮਝ ਸਕੇ ਨਾ ਅਸੀਂ ਉਸਦੀ ਫਿਤਰਤ,
ਕਿਉਂਕਿ ਜ਼ਿੰਦਗੀ ਦੇ ਦੁਖਾਂ ਨੇ ਸੀ ਢਾਹ ਲਿਆ ਸਾਨੂੰ।
ਅੰਬਰਾਂ ਦੇ ਵਿੱਚ ਉਡਣ ਦੇ ਖ਼ਾਬ ਦੇ ਕੇ,
ਉਹ ਮਿੱਟੀ ਦੇ ਵਿੱਚ ਸੀ ਮਿਲਾ ਗਿਆ ਸਾਨੂੰ।
ਸਮਝ ਬੈਠੇ ਮਰਹਮ ਅਲਫਾਜ਼ਾਂ ਨੂੰ ਉਸਦੇ,
ਉਹ ਡੂੰਘੀ ਆਜ਼ਾਰੀ ਵਿੱਚ ਪਾ ਗਿਆ ਸਾਨੂੰ।
ਸੂਰਜ ਦੀਆਂ ਗੱਲਾਂ ਉਹ ਕਰਦਾ ਸੀ ਰਹਿੰਦਾ,
ਪਰ ਦਿਨ ਵਿੱਚ ਉਹ ਤਾਰੇ ਦਿਖਾ ਗਿਆ ਸਾਨੂੰ।
ਅਸਲ ਵਿੱਚ ਉਹ ਬਾਸ਼ਿੰਦਾ ਸੀ ਹਨੇਰਿਆਂ ਦਾ,
ਤਾਹਿਂਓ ਹਨੇਰਿਆਂ ਵਿੱਚ ਧਾਹ ਗਿਆ ਸਾਨੂੰ।
ਚਾਲਾਕ ਸੀ ਤੇ ਉਹ ਸ਼ਾਤਿਰ ਬਹੁਤ ਸੀ,
ਸ਼ਤਰੰਜ ਦੀ ਇਸ ਖੇਡ ਵਿੱਚ ਹਰਾ ਗਿਆ ਸਾਨੂੰ।
ਅਸੀਂ ਮਾਹਿਰ ਖਿਡਾਰੀ ਸਮਝ ਬੈਠੇ ਖ਼ੁਦ ਨੂੰ,
ਪਰ ਉਹ ਅਦਨਾ ਜਿਹਾ ਮੋਹਰਾ ਬਣਾ ਗਿਆ ਸਾਨੂੰ।
–ਅਮਨਜੀਤ ਜੌਹਲ