ਨਿੰਦਰ ਘੁਗਿਆਣਵੀ
ਬਰਾੜ ਸਾਹਬ ਇਕ ਹੰਢੀ ਹੋਈ ਤੇ ਮਿਕਨਾਤੀਸੀ ਸ਼ਖਸੀਅਤ ਦੇ ਮਾਲਕ ਸਨ। ਜਿਹੜਾ ਵੀ ਉਨਾ ਨੂੰ ਇਕ ਵਾਰੀ ਮਿਲ ਲੈਂਦਾ ਸੀ , ਫਿਰ ਵਾਰੀ ਵਾਰੀ ਮਿਲਦਾ ਰਹਿੰਦਾ ਸੀ। ਕਦੇ ਕਦੇ ਮੈਂ ਬੜਾ ਹੈਰਾਨ ਪਰੇਸ਼ਾਨ ਵੀ ਹੁੰਦਾ ਸੀ ਇਸ ਗੱਲੋਂ, ਕਿ ਆਪ ਤਾਂ ਉਹ ਏਨੇ ਇਮਾਨਦਾਰ ਨੇ, ਏਨੇ ਨੇਕ ਸੁਭਾਓ ਦੇ ਧਨੀਂ ਹਨ, ਨਿਰਮਾਣ ਵੀ ਬਥੇਰੇ ਨੇ, ਕਿਸੇ ਖਾਸ ਵੇਲੇ ਈ ‘ਉਬਾਲਾ’ ਮਾਰਦੇ ਨੇ ਉਹ ਵੀ ਕੁਛ ਪਲਾਂ ਵਾਸਤੇ ਤੇ ਫਿਰ ਠੰਢੇ ਠਾਰ! ਪਰ ਬਰਾੜ ਸਾਹਬ ਨੂੰ ਦੋ ਤਿੰਨ ਫੁਕਰੀ ਕਿਸਮ ਦੇ ‘ਭੂਤਰੇ ਭੂਤ’ ਚਿੰਬੜੇ ਰਹਿੰਦੇ ਸਨ। ਬਾਬੂ ਸਿੰਘ ਮਾਨ ਵੀ ਉਨਾਂ ਭੂਤਾਂ ਤੋਂ ਭੈਅ ਖਾਂਦੇ। ਉਹ ਬੰਦੇ ਸੁਭਾਅ ਦੇ ਬੜੇ ਚੰਦਰੇ ਸਨ, ਕੱਬੇ, ਤੇ ਚੁਗਲਖੋਰ ਵੀ ਅੰਤਾਂ ਦੇ ਕਿ ਰਹਿ ਰੱਬ ਦਾ ਨਾਂ। ਉਹ ਬੰਦੇ ਬਰਾੜ ਸਾਹਬ ਦੀਆਂ ਸਿਆਸੀ ਤੇ ਨਿੱਜੀ ਗੱਲਾਂ ਨੂੰ ਕੰਨ ਲਾਕੇ ਤੇ ‘ਆਵਦੇ ਜਿਹੇ’ ਬਣਕੇ ਸੁਣਦੇ ਰਹਿੰਦੇ। ਜਦ ਬਰਾੜ ਸਾਹਬ ਦੀਆਂ ਕਿਸੇ ਨਾਲ ਹੋਈਆਂ ਗੱਲਾਂ ਸੁਣ ਲੈਂਦੇ ਭੇਤ ਦੀਆਂ, ਤੇ ਫੇਰ ਲਿਆ ਸਾਰੀਆਂ ਗੱਲਾਂ ਬਾਹਰ ਕੱਢਦੇ। ਬਾਬੂ ਸਿੰਘ ਮਾਨ ਨੇ ਬਰਾੜ ਸਾਹਬ ਨੂੰ ਆਖਣਾ, ” ਯਾਰ, ਵੇਲਾ ਕੁਵੇਲਾ ਵੇਖ ਕੇ ਗੱਲ ਕਰਿਆ ਕਰ, ਠਾਹ ਸੋਟਾ ਨਾ ਮਾਰਿਆ ਕਰ, ਇਨਾਂ ਦੇ ਹਾਜਮੇ ਮਾੜੇ ਐ, ਪਚਦੀ ਨਹੀਂ ਏਨਾ ਦੇ, ਤੇਰੇ ਨਾਂ ਉਤੇ ਬਥੇਰੇ ਫੈਦੇ ਲੈਗੇ ਏਹੇ।” ਮਾਨ ਸਾਹਿਬ ਦੀ ਆਖੀ ਗੱਲ ਨੂੰ ਬਰਾੜ ਸਾਹਬ ‘ਅਊਂ ਗਊ’ ਕਰ ਛਡਦੇ।
ਜਦ ਫਿਰ ਕੁਛ ਗੱਲਾਂ ਅਖਬਾਰਾਂ ਰਾਹੀਂ ਬਾਹਰ ਆਉਣ ਲੱਗੀਆਂ ਤਾਂ ਬਰਾੜ ਸਾਹਬ ਨੂੰ ‘ਕੁਛ ਕੁਛ’ ਚਾਨਣ ਜਿਹਾ ਹੋਇਆ ਕਿ ਇਹ ਮੇਰੇ ‘ਮੀਤ’ ਬਣੇ ਫਿਰਦੇ ਨੇ! ਦਾਰੂਆਂ ਪੀਂਦੇ ਨੇ ਮੇਰੇ ਨਾਲ, ਮੁਰਗੇ ਨੋਚਦੇ ਨੇ ਮੇਰੇ ਨਾਲ ਤੇ ਰੋਹਬ ਝਾੜਦੇ ਮੇਰੇ ਨਾਂ ਦਾ, ਏਹੋ ‘ਮਹਾਨ ਮਨੁੱਖ’ ਹੀ ਮੇਰੀਆਂ ਜੜਾਂ ਵਿਚ ਦਾਤੀ ਫੇਰੀ ਜਾਂਦੇ ਨੇ!
ਖੈਰ! ਪਾਠਕੋ, ਬਰਾੜ ਪਰਿਵਾਰ ਦਾ ਖਹਿੜਾ ਇਨਾ ਭੂਤਾਂ ਤੋਂ ਉਦੋਂ ਛੁੱਟਿਆ,ਜਦ ਬਰਾੜ ਸਾਹਬ ਏਸ ਦੁਨੀਆਂ ਤੋਂ ਹਮੇਸ਼ਾ ਹਮੇਸ਼ਾ ਵਾਸਤੇ ਚਲੇ ਗਏ।
ਬੱਬੂ ਬਰਾੜ ਨੂੰ ਬਾਬੂ ਸਿੰਘ ਮਾਨ ਪੁੱਛਦੇ ਹਨ,”ਕਿਉ ਪੁੱਤ? ਵੇਖ ਲਈ ਦੁਨੀਆਂ ਤੂੰ?”
( ਇਥੇ ਮੈਂ ਇੱਕ ਗੱਲ ਉਚੇਚੀ ਲਿਖਣੀ ਚਾਹੁੰਦਾ ਹਾਂ ਹੈ ਤਾਂ ਪਰਸੰਗ ਤੋਂ ਬਾਹਰੀ। ਨਵੇਂ ਨਵੇਂ ਉੱਠ ਰਹੇ ਲੀਡਰ ਇਸ ਗੱਲ ਵੱਲ ਖਾਸ ਧਿਆਨ ਦੇਣ, ਜੇ ਉਹ ਸਫਲ ਹੋਣਾ ਚਾਹੁੰਦੇ ਨੇ ਸਿਆਸਤ ਦੇ ਪਿੜ ਵਿਚ। ਉਹ ਗੱਲ ਇਹ ਹੈ ਕਿ ਆਪਾਂ ਸਾਰੇ ਅਕਸਰ ਦੇਖਦੇ ਆਂ ਕਿ ਜਦ ਵੀ ਕੋਈ ਛੋਟਾ ਮੋਟਾ ਨੇਤਾ ਕਿਤੇ ਆਉਂਦਾ ਹੈ, ਤਾਂ ਉਹਦੇ ਨਾਲ ‘ਫੀਲੇ’ ਜਾਂ ‘ਗੜਵਈ’ (ਗੜਵੀ ਚੱਕ)ਹਰਲ ਹਰਲ ਕਰਦੇ ਫਿਰਦੇ ਹੁੰਦੇ ਨੇ। ਜਿਥੇ, ਜਿਸਦੇ ਘਰ ਆਇਆ ਹੁੰਦਾ ਨੇਤਾ, ਉਹ ਪਾਛੂ ਬੰਦੇ ਹੀ ਸੋਫੇ ਮੱਲ ਕੇ ਬਹਿ ਜਾਂਦੇ ਹਨ ਤੇ ਘਰ ਵਾਲੇ, ਮੇਜਬਾਨ, ਵਰਕਰ, ਸਪੋਟਰ ਵਗੈਰਾ ਨੂੰ ਉਹ ‘ਨੇਤਾ ਜੀ’ ਨਾਲ ਗੱਲ ਕਰਨ ਦਾ ਵੇਲਾ ਈ ਨਹੀਂ ਦਿੰਦੇ। ਜੇ ਕੋਈ ਪੜਦੇ ਦੀ ਗੱਲ ਨੇਤਾ ਜੀ ਨਾਲ ਕਰਨੀ ਚਾਹੁੰਦਾ ਹੈ, ਆਪਣਾ ਦੁੱਖ ਸੁੱਖ ਰੋਣਾ ਚਾਹੁੰਦਾ ਹੈ, ਜਾਂ ਉਨਾ ਪਾਛੂਆਂ ‘ਚੋਂ ਹੀ ਕਿਸੇ ਦਾ “ਕੂੰਡਾ” ਕਰਨਾ ਚਾਹੁੰਦਾ ਹੈ, ਉਹ ਹੋ ਨਹੀਂ ਪਾਉਂਦਾ। ਨੇਤਾ ਤੇ ਆਮ ਵਰਕਰਾਂ ਵਿਚ ਦੂਰੀ ਵਧਾਉਂਦੇ ਨੇ ਇਹ ਪਾਛੂ ਬੰਦੇ। ਜੇ ਕੋਈ ਮੇਰੇ ਵਰਗਾ ਕੋਈ ਕਮਲਾ ਰਮਲਾ ਨੇਤਾ ਜੀ ਕੋਲ ਆਪਣੇ ਢਿੱਡ ਫਰੋਲ ਵੀ ਲਵੇ, ਤਾਂ ਇਹ ਪਾਛੂ ਜੀ ਬਾਹਰ ਆਕੇ ਢੰਡੋਰਾ ਪਿਟ ਦੇਂਦੇ ਨੇ ਕਿ ਬਸ ਜੀ, ਅੱਜ ਫਲਾਣੇ ਦੀ ਕਰਤੀ ਘੁੱਗੀ ਘੈਂ। ਸੋ, ਸਿਆਣੇ ਨੇਤਾ ਪਾਛੂਆਂ ਤੋਂ ਬਚਦੇ ਰਹੇ ਤੇ ਸਾਡੇ ਬਰਾੜ ਸਾਹਬ ਪਾਛੂਆਂ ਤੋਂ ਮਾਂਜੇ ਗਏ)।
***
ਤੇ ਹੁਣ ਬਰਾੜ ਸਾਹਬ ਦੀ ਯਾਦਦਸ਼ਤ ਦੀ ਗੱਲ ਕਰੀਏ,ਤਾਂ ਹੈਰਾਨ ਹੋਈਦਾ। ਇਕ ਗੱਲ ਸੁਣੋ।
ਪਿੰਡ ਮੇਰੇ ਕੋਲ ਮੇਰਾ ਪਿਆਰਾ ਮਿੱਤਰ ਅਮਰਜੀਤ ਖੇਲਾ ਆਸਟ੍ਰੇਲੀਆ ਤੋਂ ਆਇਆ ਹੋਇਆ ਸੀ। ਜਦ ਅਸੀਂ ਸਾਡੇ ਘਰੋਂ ਨਿਕਲੇ ਤੇ ਬਾਹਰ ਸੜਕ ਉਤੇ ਆਏ, ਤਾਂ ਤਾਏ ਆਤਮੇ ਕੇ ਘਰ ਮੂਹਰੇ ਬਰਾੜ ਸਾਹਬ ਦੀ ਗੱਡੀ ਖੜੀ ਸੀ। ਮੈਂ ਖੇਲੇ ਨੂੰ ਆਖਿਆ, “ਆ ਤੈਨੂੰ ਇਕ ਅੰਕਲ ਮਿਲਾਈਏ, ਉਨਾ ਦਾ ਨਾਂ ਤਾਂ ਤੂੰ ਸੁਣਿਆ ਈ ਹੋਣਾ, ਈ ਟੀ ਟੀ ਮਾਸਟਰ ਬਣ ਗਿਆ ਸੀ ਤੂੰ ਤੇ ਏਹ ਸਿੱਖਿਆ ਮੰਤਰੀ ਰਹੇ ਆ ਪੰਜਾਬ ਦੇ। ਖੇਲਾ ਬੋਲਿਆ, “ਅਵਤਾਰ ਸਿੰਘ ਬਰਾੜ?” ਅਸੀਂ ਵਿਹੜੇ ਵੜੇ। ਬਰਾੜ ਸਾਹਬ ਆਮ ਮੰਜੇ ਉਤੇ ਬੈਠੇ ਹੋਏ ਸੀ। ਜੱਫੀਆਂ ਪਾ ਪਾ ਮਿਲੇ। ਮੈਂ ਆਖਿਆ, “ਚਾਚਾ ਜੀ, ਏਹ ਮੇਰਾ ਬੜਾ ਪੁਰਾਣਾ ਮਿੱਤਰ ਅਮਰਜੀਤ ਖੇਲਾ ਐ ਸਿਡਨੀ ਵਾਲਾ।” ਬਰਾੜ ਸਾਹਬ ਦੇ ਬੋਲ ਸਨ: ” ਏਹ ਓਹੋ ਖੇਲਾ ਐ ਜੇਹੜਾ ‘ਅਜੀਤ’ ਵਿਚ ‘ਸਿਡਨੀ ਡਾਇਰੀ’ ਲਿਖਦਾ ਹੁੰਦੈ?” ਮੈਂ ਦੱਸਦਾ ਹਾਂ, ” ਹਾਂਜੀ ਉਹੀ ਐ।” ਬਰਾੜ ਸਾਹਬ ਮੰਜੇ ਤੋਂ ਫਿਰ ਉੱਠੇ ਤੇ ਕਹਿੰਦੇ, “ਐਧਰ ਆ ਪੁੱਤ, ਘੁੱਟ ਕੇ ਮਿਲ ਓਏ ਸ਼ੇਰਾ, ਤੂੰ ਤਾਂ ਛੋਟੀ ਉਮਰ ਦਾ ਈ ਲਿਖਾਰੀ ਆਂ, ਆਹ ਸਾਡੇ ਘੁਗਿਆਣਵੀ ਵਾਂਗੂੰ।” ਖੇਲੇ ਨੂੰ ਆਥਣ ਦੀ ਮਹਿਫਿਲ ਵਾਸਤੇ ਘਰ ਆਉਣ ਦਾ ਸੱਦਾ ਦੇਕੇ ਉਹ ਚਲੇ ਗਏ। ਕਮਾਲ ਦੇਖੋ ਕਿ ਜਦ ਵੀ ਬਰਾੜ ਸਾਹਬ ਮਿਲਣ ਤਾਂ ਇਹੋ ਈ ਪੁੱਛਣ ਕਿ ਓਹ ਤੇਰੇ ਬੇਲੀ ਆਸਟ੍ਰੇਲੀਆ ਵਾਲੇ ਬੇਲੀ ਖੇਲੇ ਦਾ ਕੀ ਹਾਲ ਆ? ਸੰਨ 2011 ਵਿਚ ਜਦ ਮੈਂ ਖੇਲੇ ਕੋਲ ਆਸਟ੍ਰੇਲੀਆ ਗਿਆ, ਤਾਂ ਬਰਾੜ ਸਾਹਬ ਨਾਲ ਫੋਨ ਉਤੇ ਕਈ ਵਾਰੀ ਉਹਦੀ ਗੱਲ ਕਰਵਾਈ। ਬਰਾੜ ਸਾਹਬ ਨੂੰ ਖੇਲੇ ਨੇ ਆਸਟ੍ਰੇਲੀਆ ਗੇੜਾ ਮਾਰਨ ਦਾ ਸੱਦਾ ਵੀ ਦਿੱਤਾ।
****
2005 ਵਿਚ ਮੇਰੀ ਕਿਤਾਬ ‘ਜੱਜ ਦਾ ਅਰਦਲੀ’ ਉਤੇ ਟੈਲੀਫਿਲਮ ਬਣੀ ਸੀ ਤੇ ਇਹਦਾ ਕਾਫੀ ਚਰਚਾ ਹੋਇਆ ਸੀ। ਸਾਦਿਕ ਤੋਂ ਕੈਸਿਟਾਂ ਤੇ ਸੀਡੀਆਂ ਵੇਚਦੇ ਮਿੱਤਰ ਦਮਨ ਛਾਬੜੇ ਦਾ ਫੋਨ ਆਇਆ, “ਅੱਜ ਬਰਾੜ ਸਾਹਬ ਆਏ ਸੀ ਮੇਰੇ ਨਾਲ ਦੀ ਦੁਕਾਨ ਆਲਿਆਂ ਕੋਲ, ਤੇ ਜਦੋਂ ਦੁਖ ਸੁਖ ਕਰਕੇ ਜਾਣ ਲੱਗੇ, ਤੇ ਮੇਰੀਆਂ ਪਈਆਂ ਸੀਡੀਆਂ ਵੰਨੀਂ ਝਾਕ ਕੇ ਬੋਲੇ ਕਿ ਆਹ ਤਾਂ ਮੇਰੇ ਸ਼ੇਰ ਬੱਗੇ ਦੀ ਫਿਲਮ ਆਂ, ਕਾਕਾ ਮੈਨੂੰ ਵੀਹ ਸੀਡੀਆਂ ਦੇ ਦੇ, ਮੈੰ ਲੋਕਾਂ ਨੂੰ ਵੰਡੂਗਾ, ਮੈਂ ਵੀਹ ਸੀਡੀਆਂ ਦੇਤੀਆਂ ਤੇ ਪੈਸੇ ਦੇਣ ਲੱਗੇ, ਮੈਂ ਲੈਂਦਾ ਨਹੀ ਸੀ ਤੇ ਧੱਕੇ ਨਾਲ ਸਗੋਂ ਵੱਧ ਪੈਸੇ ਦੇਕੇ ਗਏ ਆ।” ਦਮਨ ਦੀ ਗੱਲ ਸੁਣਕੇ ਖੁਸ਼ੀ ਤਾਂ ਹੋਣੀਂ ਹੀ ਸੀ ਤੇ ਨਾਲ ਮਾਣ ਜਿਹਾ ਵੀ ਹੋਇਆ ਕਿ ਏਹ ਬੰਦਾ ਮੇਰੀ ‘ਦਿਲੋਂ’ ਕਦਰ ਕਰਦਾ ਹੈ। ‘ਚਾਚਾ’ ਅਖਵਾਉਣ ਦਾ ਹੱਕਦਾਰ ਐ ਪੂਰਾ ਪੂਰਾ।
***
ਸ਼ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਬਾਰੇ ਦੂਜੀ ਵਾਰ ਕਿਤਾਬ ਤਿਆਰ ਕਰਨ ਲੱਗਿਆ ਹੋਇਆ ਸਾਂ। ਇਕ ਦਿਨ ਬਾਪੂ ਪਾਰਸ ਤੇ ਮੈਂ ਰਾਮੂਵਾਲੇ ਬੈਠੇ ਇਕ ਲਿਸਟ ਬਣਾਉਣ ਲੱਗੇ ਕਿ ਬਾਪੂ ਦੇ ਨੇੜੇ ਕੌਣ ਕੌਣ ਰਹੇ ਤੇ ਕੀਹਦੇ ਕੀਹਦੇ ਤੋਂ ਬਾਪੂ ਬਾਬਤ ਲੇਖ ਲਿਖਵਾਈਏ। ਮੈਂ ਬਾਪੂ ਪਾਰਸ ਨੂੰ ਬਿਨਾਂ ਪੁੱਛੇ ਸ੍ਰ ਬਾਬੂ ਸਿੰਘ ਮਾਨ ਦਾ ਨਾਂ ਇਕ ਨੰਬਰ ਉਤੇ ਲਿਖ ਲਿਆ ਤੇ ਦੂਜੇ ਨੰਬਰ ਉਤੇ ਸ੍ਰ ਅਵਤਾਰ ਸਿੰਘ ਬਰਾੜ ਦਾ ਨਾਂ ਝਰੀਟ ਲਿਆ। ਬਾਪੂ ਨੇ ਹੋਰ ਕਈ ਨਾਂ ਲਿਖਵਾਏ। ਲਿਸਟ ਬਣੀ ਤਾਂ ਬਾਪੂ ਕਹਿੰਦਾ, ” ਪੜ ਖਾਂ, ਕੀਹਦੇ ਕੀਹਦੇ ਨਾਂ ਆਏ ਆ।” ਜਦ ਮੈਂ ਮਾਨ ਸਾਹਿਬ ਦਾ ਨਾਂ ਪੜਿਆ ਤਾਂ ਬਾਪੂ ਬੋਲਿਆ, “ਮਾਨ ਹੈ ਤਾਂ ਮੇਰੇ ਪੁੱਤਾਂ ਬਰੋਬਰ, ਬੰਦਾ ਵੀ ਪਿਆਰਾ ਐ, ਪਰ ਏਹੇ ਮੇਰੇ ਨੇੜੇ ਨੀ ਰਿਹਾ ਕਦੇ, ਲਿਖੂ ਕੀ ਮੇਰੇ ਬਾਬਤ ਓਏ ਏਹੇ?” ਮੈਂ ਉੱਚੀ ਅਵਾਜ ਵਿਚ ਆਖਿਆ, ” ਮਾਨ ਸਾਹਿਬ ਬਹੁਤ ਵਧੀਆ ਲਿਖੂ, ਏਹ ਮੇਰੀ ਗਾਰੰਟੀ ਆ ਬਾਪੂ ਜੀ।” ਬਾਪੂ ਬਣਾਉਟੀ ਦੰਦਾਂ ‘ਚੋਂ ਹੱਸਿਆ ਤੇ ਮਜਾਕ ਜਿਹੇ ਨਾਲ ਕਹਿੰਦਾ,” ਹੱਲਾਅ, ਮੰਨ ਲੈਨੇ ਆਂ ਤੇਰੀ ਵੀ ਅੱਜ —–।” (ਤੇ ਸੱਚੀਂ ਮਾਨ ਸਾਹਿਬ ਨੇ ਬੜਾ ਵਧੀਆ ਲਿਖਿਆ ਬਾਪੂ ਬਾਰੇ।)
ਜਦ ਲਿਸਟ ਚੋਂ ਦੂਜੇ ਨੰਬਰ ਉਤੇ ਅਵਤਾਰ ਸਿੰਘ ਬਰਾੜ ਦਾ ਨਾਂ ਬੋਲਿਆ ਤਾਂ ਬਾਪੂ ਪਾਰਸ ਕਹਿੰਦਾ, ” ਆਹ ਬੰਦਾ ਤਾਂ ਪੱਕਾ ਈ ਵਧੀਆ ਲਿਖੂ ਮੇਰੇ ਵਾਰੇ, ਮੈਨੂੰ ਏਹੇ ‘ਚਾਚਾ’ ਕਹਿੰਦਾ ਐ ਤੇ ਏਹਦਾ ਪਿਓ ਨਿਰੰਜਣ ਸਿੰਘ ਵੀ ਮੇਰਾ ਆੜੀ ਸੀ, ਸਾਡੇ ਬੜੇ ਅਖਾੜੇ ਲੁਆਏ ਓਹਨੇ, ਤੂੰ ਏਹਨੂੰ ਆਖੀਂ ਕਿ ਬਾਪੂ ਨੇ ਸਪੈਸ਼ਲ ਸੁਨੇਹਾ ਘੱਲਿਐ ਕਿ ਲਿਖਦੇ ਦੋ ਅੱਖਰ ਜਰੂਰ ਬਰ ਜਰੂਰ ਆਬਦੇ ਚਾਚੇ ਪਾਰਸ ਬਾਰੇ।” ਸੋ, ਬਰਾੜ ਸਾਹਬ ਨੇ ਜੋ ਕਿਤਾਬ ਲਈ ਲਿਖਿਆ, ਉਹਦੇ ਚੋਂ ਪੜ ਲਓ: ” ਮੈਨੂੰ ਬਾਪੂ ਪਾਰਸ ਦੇ ਵੱਡੇ ਪੁੱਤ ਮਾਸਟਰ ਹਰਚਰਨ ਤੋਂ ਟੋਰਾਂਟੋ ਜਾਕੇ ਏਹ ਸੁਣਨ ਨੂੰ ਮਿਲਿਆ ਕਿ ਬਾਪੂ ਜੀ ਇੰਡੀਆ ਨੂੰ ਜਾਂਦਿਆਂ ਜਾ ਉਚੇਚਾ ਕਹਿਕੇ ਗਏ ਆ ਕਿ ਮੇਰੇ ਪਿਆਰੇ ਭਤੀਜੇ ਅਵਤਾਰ ਨੂੰ ਮੈਂ ਏਸ ਵਾਰੀ ਮਿਲ ਨਹੀਂ ਸਕਿਆ। ਬਰਾੜ ਨੂੰ ਆਖਿਓ ਕਿ ਮੇਰੇ ਬਹਿਣ ਵਾਲੀ ਕੁਰਸੀ ਉਤੇ ਬਹਿਕੇ ਇਕ ਫੋਟੋ ਜਰੂਰ ਖਿਚਵਾਵੇ। ਮੈਂ ਖੁਸ਼ ਤੇ ਹੈਰਾਨ ਵੀ ਕਿ ਏਡੇ ਵੱਡੇ ਮਹਾਂਪੁਰਸ਼ ਕਵੀਸ਼ਰ ਦੀ ਕੁਰਸੀ ਉਤੇ ਕਿਵੇਂ ਬੈਠਾਂ ਮੈਂ ? ਮੈਂ ਆਪਣੇ ਆਪ ਨੂੰ ਇਹਦੇ ਯੋਗ ਨਹੀ ਸੀ ਮੰਨਦਾ। ਪਰ ਬਾਈ ਹਰਚਰਨ ਦੀ ਜਿਦ ਤੇ ਚਾਚੇ ਪਾਰਸ ਦੇ ਹੁਕਮ ਨੂੰ ਸਿਰ ਮੱਥੇ ਲਿਆ ਤੇ ਉਨਾ ਦੀ ਕੁਰਸੀ ਨਾਲ ਖਲੋ ਕੇ ਬੜੀ ਸ਼ਰਧਾ ਨਾਲ ਫੋਟੋ ਖਿਚਵਾਉਣੀ ਮੰਨ ਗਿਆ। ਹਰਚਰਨ ਆਖੀ ਜਾਵੇ ਕਿ ਬਰਾੜਾ ਬਹਿਜਾ ਇਕ ਪਲ, ਪਰ ਨਾ ਬੈਠਿਆ ਤੇ ਬੜੀ ਸ਼ਰਧਾ ਨਾਲ ਕੁਰਸੀ ਦੇ ਨਾਲ ਖਲੋ ਕੇ ਫੋਟੋ ਖਿਚਵਾਈ। ਚਾਚੇ ਪਾਰਸ ਜੀ ਵੱਲੋਂ ਦਿੱਤਾ ਸੌ ਡਾਲਰ ਵੀ ਜੇਬ ਵਿਚ ਧੱਕੇ ਨਾਲ ਪਾ ਦਿਤਾ ਹਰਚਰਨ ਬਾਈ ਨੇ। ( ਪੰਨਾ 16, ਪੁਸਤਕ ‘ਵਡਮੁੱਲਾ ਪਾਰਸ’)
***
ਅਵਤਾਰ ਸਿੰਘ ਬਰਾੜ ਦੇ ਸਿਆਸੀ ਵਿਰੋਧੀ ਵੀ ਮੰਨਦੇ ਨੇ ਕਿ ਉਹ ਲੱਠਾ ਬੰਦਾ ਸੀ। ਕੌੜਾ ਨਹੀਂ ਸੀ। ਕੈੜਾ ਨਹੀਂ ਸੀ। ਹਾਂ, ਚੇਤੇ ਆਇਆ ਕਿ ਬਰਾੜ ਸਾਹਬ ਵਿਧਾਨ ਸਭਾ ਦੀ ਚੋਣ ਲੜ ਰਹੇ ਸਨ ਤੇ ਅਕਾਲੀ ਦਲ ਵਲੋਂ ਸਾਡੇ ਆਦਰਯੋਗ ਬੀਬੀ ਜਗਦੀਸ਼ ਕੌਰ ਢਿਲੋਂ ਚੋਣ ਲੜ ਰਹੇ ਸਨ। ਬਰਾੜ ਸਾਹਬ ਦੇ ਹੱਕ ਵਿਚ ਗੀਤ ਰਿਕਾਰਡ ਹੋਕੇ ਵੱਜਣ ਲੱਗੇ, ਕੁਛ ਬੋਲ ਅੱਜ ਵੀ ਯਾਦ ਨੇ: ਤੈਨੂੰ ਲੈਗੇ ਜਿੰਨਾ ਨੇ ਦਮ ਤਾਰੇ ਨੀ ਟਿਕਟੇ ਪੰਥ ਦੀਏ’ ਇਕ ਹੋਰ ਗੀਤ ਸੀ: ‘ ਵਧਾਈ ਐ ਵਧਾਈ ਐ, ਬਈ ਵੋਟਰੋ ਵਧਾਈ ਐ,ਬਾਰਾਂ ਸਾਲਾਂ ਪਿਛੋਂ ਬੀਬੀ ਵੋਟਾਂ ਮੰਗਣ ਆਈ ਐ।’ ਇਹ ਗੀਤ ਮੈਂ ਰਿਕਸ਼ਿਆ ਉਤੇ ਵੱਜਦੇ ਸੁਣੇ ਤਾਂ ਗੱਲ ਸਾਰਥਿਕ ਜਿਹੀ ਨਾ ਲੱਗੀ। ਕਾਰਨ ਇਹ ਸੀ ਕਿ ਬੀਬੀ ਜੀ ਖੁਦ ਵੀ ਇੱਕ ਮੰਨੇ ਪਰਮੰਨੇ ਤੇ ਵਿਸ਼ਾਲ ਢਿੱਲੋਂ ਪਰਿਵਾਰ ਦੇ ਸਰਪ੍ਰਸਤ ਹਨ, ਤੇ ਸਿਆਸਤ ਵਿਚ ਇਹਨਾਂ ਲੋਕਾਂ ਦੀ ਦੇਣ ਵੀ ਸੀ, ਤੇ ਲੋਕਾਂ ਵਾਸਤੇ ਲੋਕਾਂ ਨਾਲ ਖਲੋਂਦੇ ਵੀ ਸਨ। ਬਾਕੀ ਇਨਾਂ ਦੇ ਦੋਵੇਂ ਪੁੱਤਰ ਕਿੱਕੀ ਢਿਲੋਂ ਤੇ ਜੈਸੀ ਢਿੱਲੋਂ ਜਦ ਵੀ ਮਿਲਦੇ ਤਾਂ ਢੇਰ ਸਾਰਾ ਮੋਹ ਦਿੰਦੇ। ਜਦ ਇਹ ਗੀਤ ਵਜਦੇ ਸੁਣੇ ਤਾਂ ਮਨ ਖੱਟਾ ਖੱਟਾ ਜਿਹਾ ਹੋਇਆ ਕਿ ਇਹ ਗੀਤ ਬਰਾੜ ਸਾਹਬ ਦੀਆਂ ਵੋਟਾਂ ਵਧਾਉਣ ਵਾਲੇ ਨਹੀਂ, ਸਗਵਾਂ ਘਟਾਉਣ ਵਾਲੇ ਹਨ। ਚੰਗੀ ਗੱਲ ਇਹ ਵੀ ਸੀ ਉਹ ਦੋਵੇਂ ਮੁੰਡੇ ਵੀ ਬਰਾੜ ਸਾਹਬ ਨੂੰ ਸਿਆਸੀ ਵਖਰੇਵਿਆਂ ਉਤੋਂ ਉਤਾਂਹ ਉਠਕੇ ਤੇ ਆਪਣੇ ਵਡੇਰਿਆਂ ਬਾਰਾਬਰ ਸਮਝਦਿਆਂ ਗੋਡੀ ਹੱਥ ਲਾਕੇ ਆਦਰ ਦਿਆ ਕਰਦੇ ਸਨ। ਖੈਰ!
ਵੋਟਾਂ ਆਖਦੇ ਹੋਏ ਬਰਾੜ ਸਾਹਬ ਸਾਡੇ ਘਰ ਆਏ। ਮੇਰਾ ਪਿਤਾ ਰੋਸ਼ਨ ਲਾਲ,ਮਾਸੜ ਲੇਖ ਰਾਜ, ਤਾਇਆ ਸੰਤ ਰਾਮ ਤੇ ਹੋਰ ਪਤਵੰਤੇ ਵੀ ਬੈਠੇ ਸਨ। ਮੈਂ ਉਤੇਜਿਤ ਹੋਕੇ ਬੋਲ ਗਿਆ ਕਿ ਐਂਕਲ ਜੀ, ਆਹ ਜੇਹੜੇ ਗੀਤ ਵਜਾਏ ਐ, ਏਹੇ ਗੀਤ ਵੋਟਾਂ ਪੁਆਉਣ ਵਾਲੇ ਨਹੀਂ, ਵੋਟਾਂ ਗੁਵਾਉਣ ਵਾਲੇ ਐ। ਸਾਡੇ ਘਰ ਦੇ ਮੈਨੂੰ ਘੂਰਨ ਲੱਗੇ। ਬਰਾੜ ਸਾਹਬ ਬੜੀ ਹਲੀਮੀ ਨਾਲ ਹੇਠਲੀ ਆਵਾਜ ਵਿਚ ਬੋਲੇ, “ਮੁੰਡਾ ਠੀਕ ਕਹਿ ਰਿਹਾ ਐ, ਜੇ ਵੋਟਾਂ ਗੀਤਾਂ ਨਾਲ ਪੈਂਦੀਆਂ ਹੋਣ, ਤਾਂ ਗਿਆਨੀ ਜੀ ਹੁਰੀਂ ਸਾਰੇ ਪੰਜਾਬ ਦੇ ਕਲਾਕਾਰ ਕੱਠੇੜੌਰ ਲੈਂਦੇ। ਮੈਨੂੰ ਬਿਨਾ ਪੁੱਛੇ ਦੱਸੇ ਰਿਕਰਡ ਕਰਾਈ ਜਾਂਦੇ ਐ, ਮੈਂ ਕਿਸੇ ਸਿਆਸੀ ਵਿਰੋਧੀ ਸਿਆਸੀ ਵਾਸਤੇ ਐਹੋ ਜੇ ਬੋਲ ਨਹੀਂ ਬੋਲ ਸਕਦਾ, ਖਸਮਾਂ ਨੂੰ ਖਾਣ ਵੋਟਾਂ, ਭੈਣ ਮਰੌਣ ਵੋਟਾਂ।” ਉਹ ਥੋੜਾ ਤਲਖ ਜਿਹੇ ਹੋਏ।
***
ਜੰਡ ਸਾਹਬ ਗਰਦੁਆਰੇ ਇਕ ਪ੍ਰੋਗਰਾਮ ਰੱਖਿਆ ਗਿਆ। ਮੈਂ ਵੀ ਗਿਆ। ਵੀਰੇਵਾਲੇ ਵਾਲੇ ਬਾਬਾ ਕੂਕਾ ਜੀ ਸ੍ਰ ਗੁਰਚਰਨ ਸਿੰਘ ਥੱਬਾ ਸਰੋਪਿਆਂ ਦਾ ਚੱਕੀ ਫਿਰਨ। ਬਰਾੜ ਸਾਹਬ ਆਏ ਤੇ ਸਾਦਿਕ ਵਾਲੇ ਦੋਵੇਂ ਬਾਊ ਜੀ ਵੀ ਨਾਲ ਸਨ, ਸ਼੍ਰੀ ਬਲਦੇਵ ਰਾਜ ਤੇ ਸ਼੍ਰੀ ਵਲੈਤੀ ਰਾਮ। ਇਹ ਉਨਾ ਦਿਨਾਂ ਦੀ ਬਾਤ ਹੈ ਕਿ ਜਦ ‘ਬਾਊ ਪਰਿਵਾਰ’ ਬਰਾੜ ਸਾਹਬ ਦੇ ਬਹੁਤ ਨੇੜੇ ਸੀ। ਬਾਊ ਵਲੈਤੀ ਰਾਮ ਦੇ ਸਭ ਤੋਂ ਛੋਟੇ ਪੁੱਤਰ ਨਵਨੀਤ ਨੇ ਦੱਸਿਆ ਕਿ ਉਹ ਨਿੱਕਾ ਜਿਹਾ ਸੀ ਤੇ ਜਦ ਦੋਵੇਂ ਬਾਊ ਚੰਡੀਗੜ੍ਹ ਜਾਂਦੇ ਤਾਂ ਉਸਨੂੰ ਵੀ ਨਾਲ ਲੈ ਜਾਂਦੇ। ਬਰਾੜ ਸਾਹਬ ਮੰਤਰੀ ਸਨ, ਉਹ ਕੋਠੀ ਹੁੰਦੇ ਜਾਂ ਨਾ ਹੁੰਦੇ, ਇਹ ਬਰਾੜ ਸਾਹਬ ਦੀ ਕੋਠੀ ਠਹਿਰਦੇ ਤੇ ਸਵੇਰੇ ਨੌਕਰ ਤੋਂ ਪਰੌਂਠੇ ਖਾਕੇ, ਬਰਾੜ ਸਾਹਬ ਦੇ ਲੈਟਰ ਪੈਡ, ਜੋ ਬਰਾੜ ਸਾਹਬ ਨੇ ਇੰਨਾਂ ਨੂੰ ਦੇ ਰੱਖੇ ਸੀ, ਅਫਸਰਾਂ ਦੇ ਨਾਂ ਚਿੱਠੀਆਂ ਲਿਖ ਲੈਂਦੇ ਤੇ ਬਰਾੜ ਸਾਹਬ ਦੇ ਆਣ ਉਤੇ ਉਨਾਂ ਦੇ ਦਸਖਤ ਕਰਵਾ ਲੈਂਦੇ, ਏਨਾ ਮਾਣ ਤੇ ਵਿਸ਼ਵਾਸ਼ ਸੀ ਇਕ ਦੂਜੇ ਪ੍ਰਤੀ। ਸਥਿਤੀਆਂ ਬਦਲੀਆਂ ਕਿ ਬਾਊ ਬਰਾੜ ਸਾਹਬ ਤੋਂ ਵੱਖ ਹੋ ਗਏ। ਸਿਆਸਤ ਸ਼ੈਅ ਹੀ ਐਸੀ ਹੈ ਕਿ ਇਸ ਵਿਚ ਨਾ ਕੋਈ ਕਿਸੇ ਦਾ ਪੱਕਾ ਦੋਸਤ ਹੈ, ਨਾ ਦੁਸ਼ਮਣ। ਦਿਨ ਫਿਰਦੇ ਰਹਿੰਦੇ ਹਨ।
(ਬਾਕੀ ਅਗਲੇ ਹਫਤੇ)
ਫੋਟੋ ਵਿਚ ਬਾਊ ਬਲਦੇਵ ਰਾਜ,ਬਾਊ ਵਲੈਤੀ ਰਾਮ, ਬਾਊ ਮਦਨ ਲਾਲ ਨਰੂਲਾ,ਚਮਨ ਲਾਲ ਜੀ ਤੇ ਸੰਜੀਵ ਮਿਤਲਤੇ ਐਸ ਪੀ ਜਰਨੈਲ ਸਿੰਘ ਸ਼ਾਮ ਦੀ ਮਹਿਫਿਲ ਸਮੇਂ। ****